ਚੰਡੀਗੜ੍ਹ (23 ਫ਼ਰਵਰੀ, 2015): ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਚੀਨ ਤੋਂ ਛਪਵਾਕੇ ਉਨ੍ਹਾਂ ਨੂੰ ਕੋਰੀਅਰ ਅਤੇ ਕੰਨਟੇਨਰਾਂ ਰਾਹੀਂ ਅਮਰੀਕਾ ਅਤੇ ਕੈਨੇਡਾ ਭੇਜਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਅਮਰੀਕੀ ਨਾਗਰਿਕ ਥਮਿੰਦਰ ਸਿੰਘ ਅਨੰਦ ਪੁੱਤਰ ਹਰਭਜਨ ਸਿੰਘ ਆਨੰਦ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ ਵੱਲੋਂ ‘ਮਰਿਆਦਾ ਅਨੁਸਾਰ’ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਬਾਰੇ ਕਮੇਟੀ ਖਿਲਾਫ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਸਿੱਖ ਪ੍ਰੰਪਰਾਵਾਂ ਸਬੰਧੀ ਇਤਰਾਜ਼ਯੋਗ ਨੁਕਤੇ ਉਠਾਏ ਹਨ।
ਸ਼੍ਰੋਮਣੀ ਕਮੇਟੀ ਵੱਲੋਂ ਉਕਤ ਵਿਅਕਤੀ ਖਿਲਾਫ 28 ਨਵੰਬਰ 2014 ਨੂੰ ਅੰਮਿ੍ਤਸਰ ਪੁਲਿਸ ਕੋਲ ਐਫ.ਆਈ.ਆਰ. ਦਰਜ ਕਰਵਾਈ ਜਾ ਚੁੱਕੀ ਹੈ । ਸ਼੍ਰੋਮਣੀ ਕਮੇਟੀ ਨੇ ਦਰਜ਼ ਕਰਵਾਈ ਰਪਟ ਵਿੱਚ ਦਾਅਵਾ ਕੀਤਾ ਹੈ ਕਿ, ”ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਜਗਤ ਜੋਤ ਗੁਰੂ ਹਨ ਅਤੇ ਇਨ੍ਹਾਂ ਦੀ ਮਰਿਆਦਾ ਅਨੁਸਾਰ ਛਪਾਈ ਦਾ ਅਧਿਕਾਰ ਸਿਰਫ਼ ਸ਼੍ਰੋਮਣੀ ਕਮੇਟੀ ਕੋਲ ਹੈ । ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਇੱਕ ਜਗਾ ਤੋਂ ਦੂਜੀ ਥਾਂ ਲਿਜਾਣ ਵਾਸਤੇ ਪੂਰੀ ਮਰਿਆਦਾ ਸਥਾਪਿਤ ਹੈ ਅਤੇ ਕੋਰੀਅਰ/ਕੰਟੇਨਰ ਆਦਿਕ ਰਾਹੀਂ ਭੇਜਣਾ ਸਿੱਖ ਮਰਿਆਦਾ ਦੀ ਉਲੰਘਣਾ ਹੈ….” ।
ਇਸ ਐਫ.ਆਈ.ਆਰ.ਤਹਿਤ ਉਕਤ ਦੋਸ਼ਾਂ ਦਾ ਸਾਹਮਣਾ ਕਰ ਰਹੇ ਅਮਰੀਕਾ ਵਾਸੀ ਥਮਿੰਦਰ ਸਿੰਘ ਅਨੰਦ ਪੁੱਤਰ ਹਰਭਜਨ ਸਿੰਘ ਅਨੰਦ ਵੱਲੋਂ ਇਸ ਕੇਸ ਵਿਰੁੱਧ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਪਟੀਸ਼ਨ ਦਾਇਰ ਕੀਤੀ ਹੈ । ਸੀਨੀਅਰ ਐਡਵੋਕੇਟ ਐਮ.ਐੱਸ.ਖਹਿਰਾ ਤੇ ਐਡਵੋਕੇਟ ਬਲਬੀਰ ਸਿੰਘ ਸੇਵਕ ਰਾਹੀਂ ਅਨੰਦ ਨੇ ਸਿੱਖ ਨੁਕਤਾ ਨਜ਼ਰ ਤੋਂ ਇਤਰਾਜ਼ਯੋਗ ਨੁਕਤੇ ਉਠਾਏ ਹਨ।
ਉਸਨੇ ਆਪਣੇ ਅਮਰੀਕੀ ਨਾਗਰਿਕ ਹੋਣ ਦੇ ਸਬੂਤ ਵਜੋਂ 15 ਜੁਲਾਈ 2008 ਦੇ ਬਣੇ ਆਪਣੇ ਅਮਰੀਕੀ ਪਾਸਪੋਰਟ (ਨੰਬਰ-442094131) ਦੀ ਨਕਲ ਹਾਈਕੋਰਟ ਨੂੰ ਮੁਹੱਈਆ ਕਰਵਾਉਂਦਿਆਂ ਦਾਅਵਾ ਕੀਤਾ ਕਿ ਥਾਣਾ-ਈ ਡਿਵੀਜ਼ਨ ਅੰਮਿ੍ਤਸਰ ਸ਼ਹਿਰੀ ਵੱਲੋਂ ਭਾਰਤੀ ਦੰਡਾਵਲੀ (ਆਈ.ਪੀ.ਸੀ.) ਦੀ ਧਾਰਾ 295-ਏ (ਕਿਸੇ ਧਰਮ, ਧਾਰਮਿਕ ਵਿਸ਼ਵਾਸਾਂ ਦੀ ਬੇਅਦਬੀ ਜਾਂ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਨਾ ਸਬੰਧਿਤ) ਤਹਿਤ ਉਸ ਖਿ਼ਲਾਫ਼ ਆਈ.ਪੀ.ਸੀ. ਲਾਗੂ ਹੀ ਨਹੀਂ ਹੁੰਦਾ ।
ਉਸ ਨੇ ਚੀਨ ਤੋਂ ਛਪਾਈ ਕਰਵਾ ਕੇ ਪਵਨ ਬੀੜਾਂ ਨੂੰ ਅਮਰੀਕਾ ਅਤੇ ਕੈਨੇਡਾ ਲਿਆਂਦਾ ਹੈ ਅਤੇ ਇਸ ਦੌਰਾਨ ਨਾ ਤਾਂ ਭਾਰਤੀ ਧਰਤੀ ਅਤੇ ਨਾ ਹੀ ਭਾਰਤ ਨਾਲ ਸਬੰਧਿਤ ਕਿਸੇ ਸਮੁੰਦਰੀ ਜਾਂ ਹਵਾਈ ਜ਼ਰੀਏ ਦੀ ਵਰਤੋਂ ਕੀਤੀ ਗਈ ।
ਜਸਟਿਸ ਜਿਤੇਂਦਰ ਚੌਹਾਨ ਵਾਲੇ ਇਕਹਿਰੇ ਬੈਂਚ ਵੱਲੋਂ ਇਸ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਸ਼੍ਰੋਮਣੀ ਕਮੇਟੀ ਅਤੇ ਪੰਜਾਬ ਸਰਕਾਰ ਨੂੰ 30 ਮਾਰਚ ਲਈ ਨੋਟਿਸ ਜਾਰੀ ਕਰ ਦਿੱਤੇ ਹਨ ।
ਸ਼੍ਰੋਮਣੀ ਕਮੇਟੀ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਬਾਰੇ ਕੰਟਰੋਲ ਆਪਣੇ ਹੱਥ ਵਿੱਚ ਲੈਣਾ ਭਾਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਬਰਕਰਾਰ ਰੱਖਣ ਦੀ ਭਾਵਨਾ ਅਧੀਨ ਹੈ, ਪਰ ਇੱਥੇ ਸ਼੍ਰਮੋਣੀ ਕਮੇਟੀ ਵੱਲੋਂ ਅਪਨਾਇਆ ਗਿਆ ਤਰੀਕਾ ਵੀ ਪੰਥਕ ਮਾਪਦੰਡਾ ‘ਤੇ ਖਰਾ ਨਹੀਂ ਉਤਰਦਾ। ਇਸ ਸਬੰਧੀ “ਸਿੱਖ ਸਿਆਸਤ” ਵੱਲੋਂ ਛੇਤੀ ਹੀ ਸਿੱਖ ਵਿਦਵਾਨਾਂ ਨਾਲ ਗੱਲਬਾਤ ਕਰਕੇ ਵਿਚਾਰ ਪਾਠਕਾਂ ਤੱਕ ਪਹੁੰਚਾਏ ਜਾਣਗੇ।