ਜਲੰਧਰ (23 ਫਰਵਰੀ, 2015): ਭਾਰਤ ਦੀਆਂ ਵੱਖ-ਵੱਖ ਜੇਲਾਂ ਵਿੱਚ ਅਦਾਲਤਾਂ ਵੱਲੋਂ ਦਿੱਤੀਆਂ ਸਜ਼ਾਵਾਂ ਪੂਰੀਆਂ ਕਰਨ ਤੋਂ ਬਾਅਦ ਵੀ ਬੰਦ ਸਿੱਖ ਰਾਜਸੀ ਕੈਦੀਆਂ ਦੀ ਰਿਹਾਈ ਲਈ ਬਾਪੂ ਸੂਰਤ ਸਿਮਘ ਦੀ ਭੁੱਖ ਹੜਤਾਲ ਨੂੰ 40 ਦਿਨ ਹੋ ਗਏ ਹਨ ਅਤੇ ਹਰ ਦਿਨ ਉਨ੍ਹਾਂ ਦੀ ਸਿਹਤ ਵਿਗੜ ਰਹੀ ਹੈ ਅਤੇ ਇਸ ਸਮੇਂ ਲੁਧਿਆਣਾ ਦੇ ਸਰਕਾਰੀ ਹਸਪਤਾਲ ਦੇ ਐਮਰਜੰਸੀ ਵਾਰਡ ਵਿਚ ਦਾਖਲ ਹਨ। ਉਨ੍ਹਾਂ ਦੀ ਸਿਹਤ ਬਾਰੇ ਸਿੱਖ ਪੰਥ ਨੂੰ ਬਹੁਤ ਚਿੰਤਾ ਹੈ।

ਪੰਜਾਬੀ ਅਖਬਾਰ ਅਜ਼ੀਤ ਅਨੁਸਾਰ ਇਹ ਜਾਣਕਾਰੀ ਕੈਲੇਫੋਰਨੀਆ (ਅਮਰੀਕਾ) ਤੋਂ ਉਚੇਚੇ ਤੌਰ ‘ਤੇ ਬਾਬਾ ਸੂਰਤ ਸਿੰਘ ਨੂੰ ਮਿਲਣ ਲਈ ਆਏ ਪੰਥ ਦਰਦੀ ਸ: ਤਰਨਜੀਤ ਸਿੰਘ ਨੇ ਦਿੱਤੀ। ਉਹ ਕੈਲੇਫੋਰਨੀਆ ‘ਚ ਸਿਟੀ ਆਫ਼ ਟਰੇਸੀ ਦੇ ਆਰਟ ਕਮਿਸ਼ਨਰ ਹਨ। ਉਨ੍ਹਾਂ ਦੱਸਿਆ ਕਿ ਉਹ ਬਾਬਾ ਸੂਰਤ ਸਿੰਘ ਨੂੰ ਦੋ ਵਾਰੀ ਮਿਲ ਚੁੱਕੇ ਹਨ।
ਉਨ੍ਹਾਂ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਬੇਨਤੀ ਕੀਤੀ ਹੈ ਕਿ ਉਹ ਜਿਵੇਂ ਵੀ ਹੋਵੇ ਬਾਬਾ ਸੂਰਤ ਸਿੰਘ ਦੀਆਂ ਮੰਗਾਂ ਸਵੀਕਾਰ ਕਰ ਕੇ ਤੇ ਬੰਦੀ ਸਿੱਖਾਂ ਨੂੰ ਰਿਹਾਅ ਕਰ ਕੇ ਉਨ੍ਹਾਂ ਦੀ ਭੁੱਖ ਹੜਤਾਲ ਖ਼ਤਮ ਕਰਵਾਉਣ। ਸ: ਤਰਨਜੀਤ ਸਿੰਘ ਨੇ ਦੱਸਿਆ ਕਿ ਬਾਬਾ ਸੂਰਤ ਸਿੰਘ ਬਾਰੇ ਵਿਦੇਸ਼ਾਂ ‘ਚ ਬੈਠੇ ਸਿੱਖਾਂ ਨੂੰ ਬਹੁਤ ਚਿੰਤਾ ਹੈ।
ਉਨ੍ਹਾਂ ਕੇਂਦਰੀ ਸਰਕਾਰ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਬਾਬਾ ਸੂਰਤ ਸਿੰਘ ਦੀਆਂ ਮੰਗਾਂ ਬਿਨਾਂ ਦੇਰੀ ਦੇ ਸਵੀਕਾਰ ਕਰੇ। ਉਨ੍ਹਾਂ ਜੋ ਭੁੱਖ ਹੜਤਾਲ ਰੱਖਣ ਤੋਂ ਪਹਿਲਾਂ ਮੰਗਾਂ ਮਨਵਾਉਣ ਲਈ ਅਰਦਾਸ ਕੀਤੀ ਹੈ, ਉਹ ਪੂਰੀ ਕਰ ਕੇ ਸਿੱਖ ਪੰਥ ਨੂੰ ਸੰਤੁਸ਼ਟ ਕੀਤਾ ਜਾਵੇ।
ਤਰਨਜੀਤ ਸਿੰਘ ਨੇ ਹੋਰ ਕਿਹਾ ਕਿ ਅਮਰੀਕਾ ਵਿਚ ਵੀ ਕਿਸੇ ਅਜਿਹੇ ਕੈਦੀ ਨੂੰ ਜੇਲ੍ਹ ਵਿਚ ਨਹੀਂ ਰੱਖਿਆ ਜਾਂਦਾ ਜੋ ਸਜ਼ਾ ਭੁਗਤ ਚੁੱਕਾ ਹੋਵੇ। ਸਿੱਖਾਂ ਨੇ ਭਾਰਤ ਦੀ ਆਜ਼ਾਦੀ ਤੇ ਦੇਸ਼ ਦੀ ਰੱਖਿਆ ਲਈ ਅਣਗਿਣਤ ਕੁਰਬਾਨੀਆਂ ਦਿੱਤੀਆਂ, ਪਰ ਅੱਜ ਉਨ੍ਹਾਂ ਨਾਲ ਵੀ ਵਿਤਕਰਾ ਹੋ ਰਿਹਾ ਹੈ।ਇਹ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ।
ਯਾਦ ਰਹੇ ਕਿ ਬਾਬਾ ਸੂਰਤ ਸਿੰਘ ਜਗਰਾਉਂ ਨੇੜੇ ਪਿੰਡ ਹਸਨਪੁਰ ਦੇ ਰਹਿਣ ਵਾਲੇ ਹਨ। ਉਨ੍ਹਾਂ ਦਾ ਇਕ ਬੇਟਾ ਰਵਿੰਦਰਜੀਤ ਸਿੰਘ ਗੋਗੀ ਤੇ 6 ਬੇਟੀਆਂ ਹਨ।