ਵੈਨਕੂਵਰ (25 ਸਤੰਬਰ, 2014): ਸਿੱਖੀ ਸਿਧਾਂਤਾਂ ਪ੍ਰਤੀ ਸੰਸਾਰ ਵਿੱਚ ਜਾਗਰੂਕਤਾ ਲਿਆਉਣ ਲਈ ਸਿੱਖ ਯੂਥ ਫੈਡਰੇਸ਼ਨ ਕੈਨੇਡਾ ਵੱਖ ਵੱਖ ਤਰੀਕਿਆਂ ਨਾਲ ਕੰਮ ਕਰ ਰਹੀ ਹੈ।ਇਸ ਜਾਗਰੁਕਤਾ ਮਹਿੰਮ ਤਹਿਤ ਕੈਨੇਡਾ ਦੀ ਰਾਜਧਾਨੀ ਔਟਵਾ ਸਥਿਤ ਪਾਰਲੀਮੈਂਟ ਹਿੱਲ ‘ਤੇ ਸਿੱਖ ਨੌਜਵਾਨਾਂ ਵੱਲੋਂ ਲੰਗਰ ਵਰਤਾ ਕੇ ਸਿੱਖੀ ਸਿਧਾਂਤਾਂ ਨੂੰ ਕੈਨੇਡੀਅਨਾਂ ਤੱਕ ਪਹੁੰਚਾਉਣ ਦਾ ਉਪਰਾਲਾ ਕੀਤਾ ਗਿਆ।

ਸਿੱਖ ਯੂਥ ਫੈਡਰੇਸ਼ਨ ਵੱਲੋਂ ਸਿੱਖ ਅਵੇਅਰਨੈੱਸ ਦਿਹਾੜੇ ‘ਤੇ ਕੀਤੇ ਇਸ ਉਪਰਾਲੇ ਮੌਕੇ ਬੋਲਦਿਆਂ ਕੈਨੇਡਾ ਦੇ ਬਹੁ-ਸੱਭਿਆਚਾਰਕ ਮੰਤਰੀ ਟਿਮ ਉੱਪਲ ਨੇ ਕਿਹਾ ਕਿ ਇਹ ਮੌਕਾ ਕੈਨੇਡੀਅਨ ਭਾਈਚਾਰੇ ਨੂੰ ਸਿੱਖ ਦੀ ਮਹਾਨ ਸੋਚ ਤੋਂ ਜਾਣੂ ਕਰਵਾਉਣ ਦਾ ਹੈ।
ਉਨ੍ਹਾਂ ਆਖਿਆ ਕਿ ਬਹੁ-ਸੱਭਿਆਚਾਰਕਿਤਾ ਕੈਨੇਡਾ ਦੀ ਤਾਕਤ ਹੈ ਅਤੇ ਲੰਗਰ ਦੀ ਪ੍ਰਥਾ ਇਸ ਲਈ ਸਹੀ ਮਾਰਗ ਦਰਸ਼ਨ ਹੈ। ਦਿਲਚਸਪ ਗੱਲ ਇਹ ਰਹੀ ਕਿ ਕੈਨੇਡਾ ਦੀ ਪਾਰਲੀਮੈਂਟ ਬਿਲਡਿੰਗ ਸਾਹਮਣੇ ਦਿਨ ਭਰ ਚੱਲੇ ਲੰਗਰਾਂ ਦਾ ਆਨੰਦ ਕੈਨੇਡਾ ਦੇ ਮੰਤਰੀ ਸਹਿਬਾਨਾਂ ਤੋਂ ਇਲਾਵਾ ਸਾਰੀਆਂ ਪਾਰਟੀਆਂ ਨਾਲ ਸੰਬੰਧਿਤ ਸਾਂਸਦਾਂ ਨੇ ਮਾਣਿਆ। ਇਸ ਦੌਰਾਨ ਉਨ੍ਹਾਂ ਸਿਰਾਂ ‘ਤੇ ਦਸਤਾਰਾਂ ਤੇ ਰੁਮਾਲ ਸਜਾ ਕੇ ਸ਼ਮੂਲੀਅਤ ਕੀਤੀ।