ਨਵੀਂ ਦਿੱਲੀ(25 ਸਤੰਬਰ, 2014): ਅਮਰੀਕਾ ਦੇ ਰਾਸ਼ਟਰਪਤੀ ਬਰਾਕ ਉਬਾਮਾ ਦੇ ਸੱਦੇ ‘ਤੇ ਭਾਰਤ ਦੇ ਰਾਸ਼ਟਰਪਤੀ ਨਰਿੰਦਰ ਮੋਦੀ ਅਮਰੀਕਾ ਜਾਣ ਲਈ ਰਾਵਾਨਾ ਹੋ ਗਿਆ ਹੈ।ਉਹ ਰਾਤ ਨੂੰ ਫਰੈਂਕਫਰਟ ਰੁਕੇਗਾ ਅਤੇ ਭਲਕੇ ਨਿਊਯਾਰਕ ਪਹੁੰਚੇਗਾ।
ਗੁਜਰਾਤ ਵਿੱਚ ਮੋਦੀ ਸਰਕਾਰ ਦੌਰਾਨ 2002 ਵਿੱਚ ਮੁਸਿਲਮਾਨਾਂ ਦੇ ਹੋਏ ਕਤਲੇਆਮ ਤੋਂ ਬਾਅਦ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਮੋਦੀ ਦੀ ਇਹ ਪਹਿਲੀ ਅਮਰੀਕਾ ਫੇਰੀ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਨੂੰ ਅਹਿਮ ਭਾਈਵਾਲ ਕਰਾਰ ਦਿੰਦਿਆਂ ਕਿਹਾ ਹੈ ਕਿ ਅਮਰੀਕਾ ਦੇ ਪੰਜ ਰੋਜ਼ਾ ਦੌਰੇ ਦੌਰਾਨ ਦੋਵੇਂ ਮੁਲਕਾਂ ਵਿਚਕਾਰ ਰਣਨੀਤਕ ਰਿਸ਼ਤਿਆਂ ਦੀ ਨਵੀਂ ਇਬਾਰਤ ਲਿਖੀ ਜਾਵੇਗੀ।
ਮੋਦੀ ਨੇ ਕਿਹਾ ਕਿ ਉਹ ਰਾਸ਼ਟਰਪਤੀ ਬਰਾਕ ਓਬਾਮਾ ਨਾਲ ਪਹਿਲੀ ਮੁਲਾਕਾਤ ਦੀ ਰਾਹ ਤੱਕ ਰਹੇ ਹਨ। ਉਨ੍ਹਾਂ ਕਿਹਾ ਕਿ ਦੋਵੇਂ ਮੁਲਕਾਂ ਦੇ ਹਿੱਤਾਂ ਨੂੰ ਨਵੇਂ ਪੱਧਰ ’ਤੇ ਲਿਆਉਣ ਬਾਰੇ ਉਹ ਓਬਾਮਾ ਨਾਲ ਵਿਚਾਰ-ਵਟਾਂਦਰਾ ਕਰਨਗੇ।
ਅਮਰੀਕੀ ਰਾਸ਼ਟਰਪਤੀ ਮੋਦੀ ਦੇ ਸਵਾਗਤ ’ਚ 29 ਸਤੰਬਰ ਨੂੰ ਵਾਈਟ ਹਾਊਸ ’ਚ ਰਾਤਰੀ ਭੋਜ ਦਾ ਪ੍ਰਬੰਧ ਕਰਨਗੇ। ਨਰਾਤੇ ਰੱਖੇ ਹੋਣ ਕਰਕੇ ਸ੍ਰੀ ਮੋਦੀ ਚਾਹ ਅਤੇ ਸ਼ਿਕੰਜ਼ਵੀਂ ਦਾ ਹੀ ਸੇਵਨ ਕਰਨਗੇ। ਏਅਰ ਇੰਡੀਆ ਦੇ ਵਿਸ਼ੇਸ਼ ਜਹਾਜ਼ ਰਾਹੀਂ ਉਡਾਨ ਭਰਨ ਤੋਂ ਪਹਿਲਾਂ ਜਾਰੀ ਬਿਆਨ ’ਚ ਮੋਦੀ ਨੇ ਕਿਹਾ ਕਿ ਭਾਰਤ ਅਤੇ ਅਮਰੀਕਾ ਅਤੇ ਹੋਰਨਾਂ ਨਾਲ ਮਿਲ ਕੇ ਕੰਮ ਕਰਨ ’ਤੇ ਕਈ ਮਤਭੇਦਾਂ ਨੂੰ ਦੂਰ ਕੀਤਾ ਜਾ ਸਕਦਾ ਹੈ। ਨਾਲ ਹੀ ਸ਼ਾਂਤੀ ਵਾਲਾ ਸਥਿਰ, ਸੁਰੱਖਿਅਤ ਅਤੇ ਖੁਸ਼ਹਾਲ ਦੁਨੀਆਂ ਬਣਾਉਣ ’ਚ ਵੀ ਅਹਿਮ ਯੋਗਦਾਨ ਪਾਇਆ ਜਾ ਸਕਦਾ ਹੈ।
ਮੋਦੀ ਸ਼ਨਿੱਚਰਵਾਰ ਨੂੰ ਸੰਯੁਕਤ ਰਾਸ਼ਟਰ ਦੇ ਆਮ ਇਜਲਾਸ ਨੂੰ ਸੰਬੋਧਨ ਕਰੇਗੇ। ਉਹ ਅਮਰੀਕੀ ਦੌਰੇ ਦੌਰਾਨ ਕਈ ਕਾਰੋਬਾਰੀਆਂ ਨਾਲ ਮੁਲਾਕਾਤ ਕਰਨ ਤੋਂ ਇਲਾਵਾ ਅਮਰੀਕਾ ’ਚ ਵਸੇ ਭਾਰਤੀਆਂ ਦੇ ਪ੍ਰੋਗਰਾਮਾਂ ’ਚ ਵੀ ਹਿੱਸਾ ਲਵੇਗਾ।
ਵਿਰੋਧ ਦੀਆਂ ਪੁਰਜ਼ੋਰ ਤਿਆਰੀਆਂ:
28 ਸਤੰਬਰ: ਮੋਦੀ ਦੀ 28 ਸਤੰਬਰ ਦਿਨ ਐਤਵਾਰ ਨੂੰ “ਮੈਡੀਸਨ ਸੁਕੇਅਰ ਗਰਡਨ ਨਿਊਯਾਰਕ” ਵਿੱਚ ਆਮਦ ਮੌਕੇ ਸਮੁਚੀਆਂ ਸਿੱਖ ਜੱਥੇਬੰਦੀਆਂ ਵੱਲੋਂ ਇਸ਼ਤਿਹਾਰ ਜਾਰੀ ਕਰਕੇ ਜੋਰਦਾਰ ਮੁਜ਼ਾਹਰਾ ਕਰਨ ਲਈ ਤਿਆਰੀਆਂ ਕੀਤੀ ਜਾ ਰਹੀਆਂ ਹਨ।
ਸਿੱਖ ਜੱਥੇਬੰਦੀਆਂ ਵੱਲੋਂ ਜਾਰੀ ਇਸ਼ਤਿਹਾਰ ਵਿੱਚ ਦੁਨੀਆਂ ਦੇ ਇਨਸਾਫ ਪਸੰਦ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਮੋਦੀ ਵਿਕਾਸ ਦਾ ਦੂਤ ਨਹੀਂ ਸਗੋਂ ਮਨੁੱਖਤਾ ਦੇ ਵਿਨਾਸ਼ ਦਾ ਦੈਂਤ ਹੈ।ਇਸਦੇ ਇਸ਼ਾਰੇ ‘ਤੇ ਗੁਜਰਾਤ ਵਿੱਚ ਸੰਨ 2002 ਵਿੱਚ ਹਜ਼ਾਰਾਂ ਮੁਸਲਮਾਨਾਂ ਦਾ ਹਿੰਦੂ ਬੁਰਸ਼ਾਗਰਦਾਂ ਵੱਲੋਂ ਕਤਲ ਕਰ ਦਿੱਤਾ ਗਿਆ।
ਇਸ ਕੱਟੜ ਭਾਰਤੀ ਪ੍ਰਧਾਨ ਮੰਤਰੀ ਦੀ ਰਹਿਨੁਮਾਈ ਹੇਠ ਹਿੰਦੂ ਘੱਟ ਗਿਣਤੀ ਕੱਟੜ ਜੱਥੇਬੰਦੀਆਂ, ਬੀਜੇਪੀ, ਆਰ. ਐੱਸ.ਐੱਸ, ਵਿਸ਼ਵ ਹਿੰਦੂ ਪ੍ਰੀਸ਼ਦ ਵਰਗੀਆਂ ਜੱਥੇਬੰਦੀਆਂ ਭਾਰਤ ਵਿੱਚ ਸਿੱਖਾਂ ਸਮੇਤ ਘੱਟ ਗਿਣਤੀਆਂ ਦੀ ਹੋਦ ਲਈ ਖਤਰਾ ਬਣੀਆਂ ਹੋਈਆਂ ਹਨ।
30 ਸਤੰਬਰ: ਭਾਰਤ ਦੇ ਪ੍ਰਧਾਨ ਮੰਤਰੀ ਦੀ ਅਮਰੀਕੀ ਯਾਤਰਾ ਦੌਰਾਨ 30 ਸਤੰਬਰ ਨੂੰ ਜਦੋਂ ਰਾਸ਼ਟਰਪਤੀ ਉਬਾਮਾ ਵਾਈਟ ਹਾਊਸ ਵਿਖੇ ਮੋਦੀ ਦਾ ਬੜੇ ਉਤਸ਼ਾਹ ਨਾਲ ਸਵਾਗਤ ਕਰੇਗਾ, ਉਦੋਂ ਅਮਰੀਕਾ ਵਿੱਚ ਸਿੱਖ ਹਿੱਤਾਂ ਦੀ ਪਹਿਰੇਦਾਰੀ ਕਰਦੀ ਸਿੱਖ ਜੱਥੇਬੰਦੀ ਅਤੇ ਮਨੁੱਖੀ ਅਧਿਕਾਰ ਸੰਸਥਾ ਸਿਖਸ ਫਾਰ ਜਸਟਿਸ ਵਲੋਂ ਬੁਲਾਈ ਲੋਕ ਅਦਾਲਤ ਭਾਰਤੀ ਪ੍ਰਧਾਨ ਮੰਤਰੀ ਖਿਲਾਫ ਦੋਸ਼ੀ ਕਰਾਰ ਦੇਣ ਦੀ ਕਾਰਵਾਈ ਕਰੇਗੀ। ਲੋਕ ਅਦਾਲਤ ਦੀ ਇਸ ਕਾਰਵਾਈ ਦਾ ਸਿਖਸ ਫਾਰ ਜਸਟਿਸ ਵਲੋਂ ਸਮੁੱਚੇ ਅਮਰੀਕਾ ਵਿਚ ਸਿੱਧੇ ਪ੍ਰਸਾਰਣ ਰਾਹੀਂ ਕੀਤਾ ਜਾਵੇਗਾ।
ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੋਸ਼ੀ ਕਰਾਰ ਦੇਣ ਵਾਲੀ ਇਸ ਕਾਰਵਾਈ ਨੂੰ ਵਾਈਟ ਹਾਊਸ ਦੇ ਸਾਹਮਣੇ ਰਾਸ਼ਟਰਪਤੀ ਪਾਰਕ ਵਿਚ ਬਣਾਏ ਗਏ ਆਰਜ਼ੀ ਅਦਾਲਤੀ ਕਮਰੇ ਵਿਚ ਹੋਵੇਗੀ। ਐਸ ਐਫ ਜੇ ਵਲੋਂ ਜਾਰੀ ਕੀਤੀ ਗਈ ਚਾਰਜਸ਼ੀਟ ਵਿਚ 2002 ਵਿਚ ਮੁਸਲਮਾਨਾਂ ਦੇ ਕਤਲੇਆਮ ਦੌਰਾਨ ਮੋਦੀ ਦੀਆਂ ਕਾਰਵਾਈਆਂ ਦਰਜ ਹਨ ਜੋ ਕਿ ਅਮਰੀਕੀ ਕੋਡ ਦੀਆਂ ਕਈ ਵਿਵਸਥਾਵਾਂ ਵਿਚ ਸੰਘੀ ਅਪਰਾਧ ਮੰਨੀਆਂ ਜਾਂਦੀਆਂ ਹਨ।
ਮੋਦੀ ਨੂੰ ਦੋਸ਼ੀ ਕਰਾਰ ਦੇਣ ਬਾਰੇ ਇਸ ਕਾਰਵਾਈ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਮਨੁੱਖੀ ਅਧਿਕਾਰ ਸੰਸਥਾ ਨੇ ਵਾਸ਼ਿੰਗਟਨ ਡੀ ਸੀ ਦੇ ਕਈ ਮੈਟਰੋ ਸਟਾਪਾਂ ‘ਤੇ ਥਾਂ ਅਤੇ ਵੱਡੀਆਂ ਸਕਰੀਨਾਂ ਕਿਰਾਏ ‘ਤੇ ਲੈਕੇ ਐਡਵੋਕੇਸੀ ਕੈਂਪੇਨ ਸ਼ੁਰੂ ਕੀਤੀ ਹੈ। ਵਾਸ਼ਿੰਗਟਨ ਮੈਟਰੋਪਾਲਿਟਨ ਏਰੀਆ ਟਰਾਂਜ਼ਿਟ ਅਥਾਰਟੀ ਵਲੋਂ ਪ੍ਰਵਾਨਗੀ ਮਿਲਣ ਨਾਲ ਯੂ ਸਟਰੀਟ, ਕੋਲੰਬੀਆ ਹਾਈਟਸ ਅਤੇ ਪੂਰਬੀ ਮਾਰਕੀਟ ਮੈਟਰੋ ਸਟੇਸ਼ਨਾਂ ‘ਤੇ ਮੋਦੀ ਦੀਆਂ ਕਾਰਵਾਈਆਂ ਦਾ ਚਿਤਰਣ ਕੀਤਾ ਜਾਵੇਗਾ।