ਨਵੀਂ ਦਿੱਲੀ (25 ਸਤੰਬਰ, 2014 ): ਕਈ ਦਿਨਾਂ ਤੋਂ ਮਹਾਂਰਾਸ਼ਟਰ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸੀਟਾਂ ਦੀ ਵੰਡ ਨੂੰ ਲੈ ਕੇ ਦੋ ਹਮ-ਖਿਆਲੀ ਭਗਵਾਵਾਦ ਨੂੰ ਪ੍ਰਨਾਈਆਂ ਪਾਰਟੀਆਂ ਸ਼ਿਵ ਸੈਨਾ ਅਤੇ ਭਾਜਪਾ ਵਿਚਾਲੇ ਪਿਛਲੇ 25 ਸਾਲ ਪੁਰਾਣਾ ਗੱਠਜੋੜ ਟੁੱਟ ਗਿਆ ਹੈ, ਮਹਾਰਾਸ਼ਟਰ ਦੇ ਭਾਜਪਾ ਨੇਤਾਵਾਂ ਦੇਵਿੰਦਰ ਫੜਨਵੀਸ ਅਤੇ ਇਕਨਾਥ ਖੜਗੇ ਨੇ ਵੀਰਵਾਰ ਸ਼ਾਮ ਨੂੰ ਇਕ ਪ੍ਰੈਸ ਕਾਨਫਰੰਸ ਵਿਚ ਗੱਠਜੋੜ ਟੁੱਟਣ ਦਾ ਐਲਾਨ ਕੀਤਾ ਹੈ।
ਭਾਜਪਾ ਨੇ ਗੱਠਜੋੜ ਟੁੱਟਣ ਦਾ ਠੀਕਰਾ ਸ਼ਿਵ ਸੈਨਾ ਦੇ ਸਿਰ ਉੱਤੇ ਭੰਨਦੇ ਹੋਏ ਕਿਹਾ ਕਿ ਉਸ ਨੇ ਸੀਟਾਂ ਦੀ ਵੰਡ ਨੂੰ ਲੈ ਕੇ ਕੋਈ ਲਚੀਲਾਪਣ ਨਹੀਂ ਦਿਖਾਇਆ। ਭਾਜਪਾ ਨੇਤਾ ਇਕਨਾਥ ਖੜਗੇ ਨੇ ਕਿਹਾ ਕਿ ਗੱਲਬਾਤ ਦੌਰਾਨ ਸ਼ਿਵ ਸੈਨਾ ਮੁੱਖ ਮੰਤਰੀ ਦੇ ਅਹੁਦੇ ਨੂੰ ਲੈ ਕੇ ਅੜੀ ਰਹੀ।
ਭਾਜਪਾ ਨੇ ਕਿਹਾ ਕਿ ਸ਼ਿਵ ਸੈਨਾ ਨਾਲ ਦੋਸਤੀ ਦੀ ਭਾਵਨਾ ਬਣੀ ਰਹੇਗੀ। ਉਨ•ਾਂ ਕਿਹਾ ਕਿ ਅਸੀਂ ਚੋਣਾਂ ਦੌਰਾਨ ਸ਼ਿਵ ਸੈਨਾ ਵਿਰੁੱਧ ਕੋਈ ਟੀਕਾ ਟਿੱਪਣੀ ਨਹੀਂ ਕਰਾਂਗੇ। ਉਮੀਦ ਹੈ ਕਿ ਸ਼ਿਵ ਸੈਨਾ ਵੀ ਅਜਿਹਾ ਹੀ ਕਰੇਗੀ।
ਸ਼ਿਵ ਸੈਨਾ ਅਤੇ ਭਾਜਪਾ ਵਿਚਾਲੇ ਗੱਠਜੋੜ ਟੁੱਟਣ ਦੀਆਂ ਖਬਰਾਂ ਵੀਰਵਾਰ ਸ਼ਾਮ ਤੋਂ ਹੀ ਉੱਡਣ ਲੱਗੀਆਂ ਸਨ ਪਰ ਦੋਵਾਂ ਪਾਰਟੀਆਂ ਨੇ ਗੱਲਬਾਤ ਜਾਰੀ ਰਹਿਣ ਦੇ ਬਿਆਨ ਦੇ ਕੇ ਇਸ ਨੂੰ ਠੰਡਾ ਕਰ ਦਿੱਤਾ ਸੀ। ਹਾਲਾਂਕਿ ਦੋਵਾਂ ਵੱਲੋਂ ਇਕ ਦੂਜੇ ਉੱਤੇ ਦੋਸ਼ ਲਾਏ ਗਏ, ਜਿਸ ਨਾਲ ਗੱਠਜੋੜ ਟੁੱਟਣ ਦੇ ਸੰਕੇਤ ਮਿਲਣ ਲੱਗੇ ਸਨ।
ਸ਼ਿਵ ਸੈਨਾ ਨੇਤਾ ਦਿਵਾਕਰ ਰਾਊਤ ਨੇ ਭਾਜਪਾ ਉੱਤੇ ਸਿੱਧਾ ਦੋਸ਼ ਲਾਉਂਦੇ ਹੋਏ ਕਿਹਾ ਕਿ ਉਹ ਗੱਠਜੋੜ ਤੋੜਨ ਦੀ ਕਾਹਲ਼ ਵਿਚ ਹੈ। ਗੁੱਸੇ ਵਿਚ ਨਜ਼ਰ ਆ ਰਹੇ ਰਾਊਤੇ ਨੇ ਕਿਹਾ ਕਿ ਸਾਨੂੰ ਮੀਡੀਆ ਦੇ ਜ਼ਰੀਏ ਪਤਾ ਲੱਗਾ ਹੈ ਕਿ ਰਾਜੀਵ ਪ੍ਰਤਾਪ ਰੂਡੀ ਗੱਠਜੋੜ ਤੋੜਨ ਦੀ ਕਰ ਰਹੇ ਹਨ।
ਇਕ ਰਿਪੋਰਟ ਮੁਤਾਬਕ ਸ਼ਿਵ ਸੈਨਾ ਦੇ ਪ੍ਰਸਤਾਵ ਵਿਚ 288 ਮੈਂਬਰੀ ਵਿਧਾਨ ਸਭਾ ਦੀਆਂ 151 ਸੀਟਾਂ ਉੱਤੇ ਸ਼ਿਵ ਸੈਨਾ ਅਤੇ 127 ਸੀਟਾਂ ਉੱਤੇ ਭਾਜਪਾ ਦੇ ਲੜਨ ਦਾ ਸੁਝਾਅ ਦਿੱਤਾ ਸੀ। ਬਾਕੀ ਦਸ ਸੀਟਾਂ ਗੱਠਜੋੜ ਦੇ ਹੋਰਨਾਂ ਦਲਾਂ ਨੂੰ ਦੇਣ ਦਾ ਪ੍ਰਸਤਾਵ ਸੀ। ਵੀਰਵਾਰ ਨੂੰ ਜਦੋਂ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਮੁੰਬਈ ਦੌਰਾ ਰੱਦ ਕੀਤਾ ਤਾਂ ਕਿਆਸਅਰਾਈਆਂ ਤੇਜ਼ ਹੋ ਗਈਆਂ ਸਨ ਕਿ ਦੋਵਾਂ ਪਾਰਟੀਆਂ ਵਿਚਾਲੇ 25 ਸਾਲਾਂ ਦਾ ਰਿਸ਼ਤਾ ਆਖਰੀ ਪੜਾਅ ਵਿਚ ਪਹੁੰਚ ਚੁੱਕਾ ਹੈ।