ਸਾਹਿਬ (12 ਸਤੰਬਰ 2014): ਜੰਮੂ ਕਸ਼ਮੀਰ ਵਿੱਚ ਹੋਈ ਜਿਆਦਾ ਬਾਰਿਸ਼ ਕਾਰਨ ਆਏ ਹੜਾਂ ਨਾਲ ਹਾਲਾਤ ਬਹੁਤ ਖਰਾਬ ਹੋ ਚੁਕੇ ਹਨ, ਹੁਣ ਤੱਕ ਡੇਢ ਸੌ ਤੋਂ ਵੱਧ ਲੋਕਾਂ ਦੀਆਂ ਜਾਨਾਂ ਜਾ ਚੁੱਕੀਆਂ ਹਨ।ਕਈ ਲੋਕ ਅਜੇ ਵੀ ਅਸੁਰੱਖਿਅਤ ਥਾਵਾਂ ਤੇ ਫਸੇ ਹੋਏ ਹਨ। ਅਜਿਹੇ ਹਾਲਾਤਾਂ ਵਿੱਚ ਖਾਣ ਪੀਣ,ਕੱਪੜੇ- ਲੀੜੇ ਅਤੇ ਹੋਰ ਜਰੂਰੀ ਚੀਜ਼ਾਂ ਦੀ ਘਾਟ ਹੋਣਾਂ ਕਦੁਰਤੀ ਹੈ।
ਅਜਿਹੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਨੇ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਫ਼ਤਿਹਗੜ੍ਹ ਸਾਹਿਬ ਤੋਂ ਜੰਮੂ ਕਸ਼ਮੀਰ ਪੀੜਤਾਂ ਲਈ ਰਾਹਤ ਦੇ ਦੋ ਟਰੱਕ ਰਵਾਨਾ ਕਰਨ ਮੌਕੇ ਜਿੱਥੇ ਕਸ਼ਮੀਰ ਨਾਲ ਸਬੰਧਿਤ ਇਸ ਕਾਲਜ ਦੇ ਵਿਦਿਆਰਥੀਆਂ ਨਾਲ ਇਸ ਕੁਦਰਤੀ ਆਫ਼ਤ ਕਾਰਨ ਦੁੱਖ ਸਾਂਝਾ ਕਰਦੇ ਹੋਏ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਉੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੀਆਂ ਸਮੂਹ ਸੰਸਥਾਵਾਂ ਦੇ ਮੁਲਾਜ਼ਮ ਇਨ੍ਹਾਂ ਪੀੜਤਾਂ ਲਈ ਆਪਣੀ ਦੋ ਦਿਨ ਦੀ ਤਨਖ਼ਾਹ ਦੇਣਗੇ।
ਉਨ੍ਹਾਂ ਕਿਹਾ ਕਿ ਜਦੋਂ ਵੀ ਕਿਸੇ ਵੀ ਥਾਂ ਕੁਦਰਤੀ ਆਫ਼ਤ ਦਾ ਲੋਕਾਂ ਨੂੰ ਸਾਹਮਣਾ ਕਰਨਾ ਪਿਆ ਹੈ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੋਕਾਂ ਨਾਲ ਚਟਾਨ ਵਾਂਗ ਖੜੀ ਹੈ ਤੇ ਹੁਣ ਵੀ ਪੀੜਤਾਂ ਲਈ ਹਰ ਸੰਭਵ ਸਮਾਨ ਭੇਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਸ਼ਮੀਰ ਦੇ ਪੜ੍ਹਨ ਵਾਲੇ ਵਿਦਿਆਰਥੀਆਂ ਦੇ ਪਰਿਵਾਰਾਂ ਦੇ ਹਾਲਾਤ ਬਾਰੇ ਵੀ ਸ਼੍ਰੋਮਣੀ ਕਮੇਟੀ ਜਾਣਕਾਰੀ ਹਾਸਲ ਕਰੇਗੀ। ਉਨ੍ਹਾਂ ਦੱਸਿਆ ਕਿ ਕਸ਼ਮੀਰ ਦੇ ਗੁਰਦੁਆਰਾ ਬੁੰਗਾ ਸਾਹਿਬ ‘ਚ ਸ਼੍ਰੋਮਣੀ ਕਮੇਟੀ ਦੇ 20 ਮੁਲਾਜ਼ਮ ਮੌਜੂਦ ਹਨ ਜੋ ਪੀੜਤ ਪਰਿਵਾਰਾਂ ਨਾਲ ਰਾਬਤਾ ਕਾਇਮ ਕਰਕੇ ਉਨ੍ਹਾਂ ਨੂੰ ਲਗਾਤਾਰ ਰਾਹਤ ਸਮਗਰੀ ਪਹੁੰਚਾ ਰਹੇ ਹਨ ਤੇ ਕਸ਼ਮੀਰ ਤੋਂ ਆਉਣ ਵਾਲੇ ਬਿਮਾਰ ਲੋਕਾਂ ਦੀ ਰਿਹਾਇਸ਼, ਖਾਣ ਪੀਣ ਤੇ ਇਲਾਜ ਦਾ ਸਾਰਾ ਮੁਫ਼ਤ ਪ੍ਰਬੰਧ ਸ਼੍ਰੋਮਣੀ ਕਮੇਟੀ ਵੱਲੋਂ ਗੁਰੂ ਰਾਮਦਾਸ ਹਸਪਤਾਲ ‘ਚ ਕੀਤਾ ਜਾਵੇਗਾ।
ਉਨ੍ਹਾਂ ਸਪਸ਼ਟ ਕੀਤਾ ਕਿ ਜਦੋਂ ਤੱਕ ਕਸ਼ਮੀਰ ਦੇ ਹਾਲਾਤ ਆਮ ਵਰਗੇ ਨਹੀਂ ਹੁੰਦੇ ਸ਼੍ਰੋਮਣੀ ਕਮੇਟੀ ਪੀੜਤਾਂ ਦੀ ਮਦਦ ਲਈ ਕੰਮ ਕਰਦੀ ਰਹੇਗੀ। ਉਨ੍ਹਾਂ ਸਮੂਹ ਧਾਰਮਿਕ ਸੰਸਥਾਵਾਂ, ਸਿੰਘ ਸਭਾਵਾਂ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਇਸ ਆਫ਼ਤ ‘ਚ ਫਸੇ ਲੋਕਾਂ ਦੀ ਵੱਧ ਚੜ੍ਹ ਕੇ ਮਦਦ ਕਰਨ ਦੀ ਅਪੀਲ ਕੀਤੀ ਤੇ ਦੱਸਿਆ ਕਿ ਸੋਮਵਾਰ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਤੇ ਮਾਤਾ ਗੁਜਰੀ ਕਾਲਜ ਫ਼ਤਿਹਗੜ੍ਹ ਸਾਹਿਬ ਤੋਂ ਵੀ ਪੀੜਤਾਂ ਦੀ ਸਹਾਇਤਾ ਲਈ ਦੋ ਟਰੱਕ ਭੇਜੇ ਜਾਣਗੇ।