ਭਦੌੜ, ਅਬੋਹਰ (10 ਸਤੰਬਰ 2014): ਸਿੱਖ ਕੌਮ ਦੇ ਮਹਾਨ ਵਿਦਵਾਨ ਪ੍ਰੋ. ਹਰਿੰਦਰ ਸਿੰਘ ਮਹਿਬੂਬ ਨੇ ਆਪਣੀ ਪ੍ਰਸਿੱਧ ਕਿਤਾਬ ਸਹਿਜੇ ਰਚਿਓੁ ਖਾਲਸਾ ਵਿੱਚ ਲਿਖਿਆ ਹੈ ਕਿ “ ਖਾਲਸਾ ਜੀ ਪੰਥਕ ਅਪਮਾਣ ਕਦੇ ਵੀ ਸਹਿਣ ਨਹੀਂ ਕਰਨਾ” ਪਰ ਅਣਖ ਨੂੰ ਪ੍ਰਚੰਡ ਰੂਪ ਵਿੱਚ ਪੈਦਾ ਕੀਤੇ ਬਿਨਾਂ ਅਜਿਹਾ ਸੰਭਵ ਨਹੀਂ ਹੋ ਸਕਦਾ।ਦੂਜੇ ਪਾਸੇ ਸਹੀ ਅਮਲ, ਤੇਜ ਬੁੱਧੀ ਤੇ ਜ਼ਿਹਨੀ ਗੁਲਾਮੀ ਤੋਂ ਅਜ਼ਾਦੀ ਹੀ ਅਣਖ ਦੇ ਪ੍ਰਚੰਡ ਰੂਪ ਵਿੱਚ ਜਨਮ ਦਿੰਦੇ ਹਨ।
ਪ੍ਰੋ. ਸਾਹਿਬ ਦੇ ਉਪਰੋਕਤ ਕਥਨ ਦੀ ਰੌਸ਼ਨੀ ਵਿੱਚ ਚੇਤਨ ਅਤੇ ਅਣਖੀ ਸਿੱਖਾਂ ਬਾਬਾ ਨਗਿੰਦਰ ਸਿੰਘ ਸ਼ਹਿਣਾ, ਭਾਈ ਨਿਰਮਲ ਸਿੰਘ ਖਰਲੀਆਂ, ਅੰਮ੍ਰਿਤਪਾਲ ਸਿੰਘ ਖ਼ਾਲਸਾ ਅਤੇ ਭਾਈ ਗੁਰਸੇਵਕ ਸਿੰਘ ਧੂਰਕੋਟ ਨੇ ਆਪਣੇ ਗੁਰੁ ਅਤੇ ਪੰਥ ਦਾ ਅਪਮਾਣ ਸਹਿਣ ਨਾ ਕਰਦੇ ਹੋਏ ਸ਼੍ਰੀ ਗੁਰੁ ਗ੍ਰੰਥ ਸਾਹਿਬ ਦੀ ਬੇ ਅਦਬੀ ਕਰਨ ਵਾਲੇ ਸਾਧ ਸੂਰਜ ਮੁਨੀ ਦੀ ਰਾਜਸਥਾਨ ਵਿੱਚ ਪਾਰ ਬੁਲਾ ਦਿੱਤਾ ਸੀ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਸਾਧ ਸੂਰਜ ਮੁਨੀ ਦੀ ਹਤਿਆ ਦੇ ਦੋਸ਼ ‘ਚ ਅਦਾਲਤ ਨੇ ਦੋ ਸਿੰਘਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਅਤੇ ਦੋ ਜਣਿਆਂ ਨੂੰ ਬਰੀ ਕਰ ਦਿਤਾ ਹੈ। ਇਹ ਕੇਸ ਰਾਜਸਥਾਨ ਦੇ ਹਨੂੰਮਾਨਗੜ੍ਹ ਦੀ ਅਦਾਲਤ ਵਿਚ ਚਲ ਰਿਹਾ ਸੀ।
4 ਸਿੰਘਾਂ ਨੂੰ ਇਸ ਕੇਸ ‘ਚ ਮੁਲਜ਼ਮ ਬਣਾਇਆ ਗਿਆ ਸੀ। ਇਹ ਫ਼ੈਸਲਾ ਜ਼ਿਲ੍ਹਾ ਅਤੇ ਸੈਸ਼ਨ ਜੱਜ ਦਿਆਰਾਮ ਜਾਟ ਨੇ ਸੁਣਾਇਆ। ਗੁਰਦਵਾਰਾ ਪਾਤਸ਼ਾਹੀ ਛੇਵੀਂ ਸ਼ਹਿਣਾ ਦੇ ਸੇਵਾਦਾਰ ਬਾਬਾ ਨਗਿੰਦਰ ਸਿੰਘ ਸ਼ਹਿਣਾ ਅਤੇ ਭਾਈ ਨਿਰਮਲ ਸਿੰਘ ਖਰਲੀਆਂ ਨੂੰ ਸਜ਼ਾ ਸੁਣਾਈ ਗਈ ਹੈ ਜਦਕਿ ਗੁਰਦਵਾਰਾ ਗੋਲੂਵਾਲਾ ਸਾਹਿਬ ਦੇ ਮੁੱਖ ਸੇਵਾਦਾਰ ਅੰਮ੍ਰਿਤਪਾਲ ਸਿੰਘ ਖ਼ਾਲਸਾ ਅਤੇ ਭਾਈ ਗੁਰਸੇਵਕ ਸਿੰਘ ਧੂਰਕੋਟ ਨੂੰ ਬਰੀ ਕਰ ਦਿਤਾ ਗਿਆ ਹੈ।
ਹਨੂੰਮਾਨਗੜ੍ਹ ਦੀ ਅਦਾਲਤ ਦੇ ਬਾਹਰ ਅੱਜ ਪੰਜਾਬ, ਹਰਿਆਣਾ ਅਤੇ ਰਾਜਸਥਾਨ ਤੋਂ ਭਾਰੀ ਗਿਣਤੀ ਵਿਚ ਸਿੱਖ ਪੁੱਜੇ ਹੋਏ ਸਨ।