ਫ਼ਤਹਿਗੜ੍ਹ ਸਾਹਿਬ: ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਦਸਤਖ਼ਤਾਂ ਹੇਠ ਜਾਰੀ ਕੀਤੇ ਗਏ ਇਕ ਪ੍ਰੈਸ ਬਿਆਨ ਵਿਚ ਦਿੱਤੀ ਗਈ ਜਾਣਕਾਰੀ ਮੁਤਾਬਕ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਮਨੁੱਖੀ ਅਧਿਕਾਰਾਂ ਦੇ ਸਮਰਥਕ ਬੁੱਧੀਜੀਵੀਆਂ ਅਤੇ ਸ਼ਖਸੀਅਤਾਂ ਵੱਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ 14 ਜੁਲਾਈ ਨੂੰ ਸਮੂਹਿਕ ਤੌਰ ‘ਤੇ ਸਵੇਰੇ 11 ਵਜੇ ਅਰਦਾਸ ਕੀਤੀ ਜਾਵੇਗੀ।

ਮਾਨ ਨੇ ਆਪਣੇ ਵਿਚਾਰ ਪ੍ਰਗਟਾਉਂਦੇ ਹੋਏ ਕਿਹਾ ਕਿ ਹਿੰਦ ਦੇ ਵਿਧਾਨ ਦੀ ਧਾਰਾ 14, 19 ਅਤੇ 21 ਇਥੋਂ ਦੇ ਬਸਿੰਦਿਆਂ ਨੂੰ ਬਿਨਾਂ ਕਿਸੇ ਡਰ-ਭੈ ਤੋਂ ਆਪਣੇ ਵਿਚਾਰ ਪ੍ਰਗਟਾਉਣ, ਜਨਤਕ ਵਿਸ਼ਿਆਂ ਉੱਤੇ ਇਕੱਤਰਤਾਵਾਂ ਅਤੇ ਰੈਲੀਆਂ ਕਰਨ, ਰੋਸ ਵਿਖਾਵੇ ਕਰਨ ਅਤੇ ਪ੍ਰਚਾਰ ਸਮੱਗਰੀ ਪ੍ਰਕਾਸਿ਼ਤ ਕਰਵਾਕੇ ਵੰਡਣ, ਆਜ਼ਾਦੀ ਨਾਲ ਆਪਣਾ ਧਰਮ ਗ੍ਰਹਿਣ ਕਰਨ ਅਤੇ ਉਸਦੀਆਂ ਰਹੁ-ਰੀਤਾਂ ਦਾ ਪਾਲਣ ਕਰਨ ਦਾ ਅਧਿਕਾਰ ਦਿੰਦਾ ਹੈ। ਪਰ ਦੁੱਖ ਅਤੇ ਅਫਸੋਸ ਹੈ ਕਿ ਇਥੇ ਵੱਸਣ ਵਾਲੀਆਂ ਘੱਟ ਗਿਣਤੀ ਮੁਸਲਿਮ, ਸਿੱਖ, ਇਸਾਈ ਨੂੰ ਆਪਣੇ ਇਹਨਾਂ ਵਿਧਾਨਿਕ ਹੱਕਾਂ ਦੀ ਵਰਤੋਂ ਕਰਨ ਦੀ ਹੁਕਮਰਾਨਾਂ ਵੱਲੋਂ ਇਜਾਜ਼ਤ ਨਹੀਂ ਦਿੱਤੀ ਜਾ ਰਹੀ।
ਜਦੋਂ ਵੀ ਇਹ ਘੱਟ ਗਿਣਤੀ ਕੌਮਾਂ ਆਪਣੇ ਉਤੇ ਹੋ ਰਹੇ ਜ਼ੁਲਮ, ਬੇਇਨਸਾਫ਼ੀਆਂ ਅਤੇ ਵਿਤਕਰਿਆਂ ਨੂੰ ਲੈਕੇ ਜਮਹੂਰੀਅਤ ਅਤੇ ਅਮਨਮਈ ਤਰੀਕੇ ਆਵਾਜ਼ ਉਠਾਉਦੀਆਂ ਹਨ ਤਾਂ ਉਨ੍ਹਾਂ ਨੂੰ ਫ਼ੌਜ, ਪੁਲਿਸ ਅਤੇ ਅਰਧ ਸੈਨਿਕ ਬਲਾਂ ਰਾਹੀਂ ਉਹਨਾਂ ਦੇ ਮਨੁੱਖੀ ਅਧਿਕਾਰ ਹੀ ਨਹੀਂ ਕੁੱਚਲੇ ਜਾਂਦੇ, ਬਲਕਿ ਉਹਨਾਂ ਨੂੰ ਗੋਲੀਆਂ ਚਲਾਕੇ, ਮੁਕਾਬਲੇ ਦਿਖਾਕੇ ਅਤੇ ਹੋਰ ਸਾਜਿਸ਼ਾਂ ਰਾਹੀਂ ਵੱਡੀ ਗਿਣਤੀ ਵਿਚ ਕਤਲੇਆਮ ਕਰ ਦਿੱਤਾ ਜਾਂਦਾ ਹੈ।
ਮਾਨ ਨੇ ਬੀਤੇ ਦਿਨੀਂ ਬੁਰਹਾਨ ਵਾਨੀ ਅਤੇ ਉਸਦੇ ਸਾਥੀਆਂ ਨੂੰ ਮੁਕਾਬਲਾ ਦਿਖਾਕੇ ਮਾਰ ਦੇਣ ਨੂੰ ਅਣਮਨੁੱਖੀ ਦੱਸਿਆ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਲੋਂ ਕਸ਼ਮੀਰ ਵਿਚ ਹੋਏ ਮਨੁੱਖੀ ਅਧਿਕਾਰਾਂ ਦੇ ਉਲੰਘਣ ਦੇ ਵਿਰੁੱਧ ਰੋਸ ਪ੍ਰਗਟ ਕਰਦੇ ਹੋਏ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਦੀ ਆਵਾਜ਼ ਨੂੰ ਬੁਲੰਦ ਕਰਨ ਲਈ 14 ਜੁਲਾਈ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਇਕੱਤਰ ਹੋ ਕੇ ਅਰਦਾਸ ਕਰਨ ਦਾ ਪ੍ਰੋਗਰਾਮ ਉਲੀਕਿਆ ਹੈ। ਤਾਂ ਜੋ ਕਸ਼ਮੀਰ, ਪੰਜਾਬ, ਤ੍ਰਿਪੁਰਾ, ਮੈਘਾਲਿਆ, ਅਰੁਣਾਚਲ, ਮਿਜ਼ੋਰਮ ਆਦਿ ਸਰਹੱਦੀ ਸੂਬਿਆਂ ਵਿਚ ਹੋ ਰਹੇ ਜ਼ਬਰ-ਜੁਲਮ ਵਿਰੁੱਧ ਸਮੁੱਚੀਆਂ ਕੌਮਾਂ ਨੂੰ ਲਾਮਬੰਦ ਕੀਤਾ ਜਾ ਸਕੇ।