ਚੰਡੀਗੜ੍ਹ: ਭਾਈ ਜਗਤਾਰ ਸਿੰਘ ਹਵਾਰਾ ਦੇ ਵਕੀਲ ਅਤੇ ਬੁਲਾਰੇ ਐਡਵੋਕੇਟ ਅਮਰ ਸਿੰਘ ਚਾਹਲ ਨੇ ਅੱਜ ਇਹ ਜਾਣਕਾਰੀ ਦਿੱਤੀ ਕਿ ਭਾਈ ਹਵਾਰਾ ਨੇ ਤਿਹਾੜ ਜੇਲ੍ਹ ਦੇ ਅੰਦਰੋਂ ਇਕ ਮੁਲਾਕਾਤ ਦੇ ਦੌਰਾਨ ਕੁਝ ਸੰਪਰਦਾਵਾਂ ਵਲੋਂ ਸੰਕਟ ਦੀ ਘੜੀ ਵਿਚ ਮਰਿਆਦਾ ਦਾ ਮੁੱਦਾ ਛੇੜੇ ਜਾਣ ਦਾ ਗੰਭੀਰ ਨੋਟਿਸ ਲੈਂਦੇ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਪੰਥ ਪ੍ਰਵਾਣਿਤ ਸਿੱਖ ਰਹਿਤ ਮਰਯਾਦਾ ‘ਤੇ ਕਿੰਤੂ-ਪ੍ਰੰਤੂ ਨਾ ਕਰਨ ਲਈ ਕਿਹਾ ਹੈ।

ਭਾਈ ਜਗਤਾਰ ਸਿੰਘ ਹਵਾਰਾ ਨੇ ਕਿਹਾ ਕਿ ਉਨਹਾਂ ਪਹਿਲਾਂ ਵੀ ਸਮੁੱਚੀਆਂ ਪੰਥਕ ਧਿਰਾਂ ਨੂੰ ਅਪੀਲ ਕੀਤੀ ਹੈ ਕਿ ਜਦੋਂ ਤਕ ਸਿੱਖ ਕੌਮ, ਦੁਸ਼ਮਣ ਤਾਕਤਾਂ ਦੇ ਚਕਰਵਿਊ ਨੂੰ ਤੋੜ ਕੇ ਅਜ਼ਾਦ ਨਹੀਂ ਹੁੰਦੀ ਤੇ ਸਿੱਖਾਂ ਦਾ ਕੌਮੀ ਘਰ ਸਥਾਪਤ ਨਹੀਂ ਹੋ ਜਾਂਦਾ, ਉਦੋਂ ਤਕ ਵਾਦ-ਵਿਵਾਦ ਵਾਲੇ ਮੁੱਦੇ ਨਾ ਉਛਾਲੇ ਜਾਣ। ਜੇਕਰ ਅਜਿਹੀ ਹਾਲਤ ਵਿਚ ਵਾਦ-ਵਿਵਾਦ ਵਾਲੇ ਮੁੱਦੇ ਉਛਾਲੇ ਜਾਂਦੇ ਹਨ ਤਾਂ ਕੌਮੀ ਅਜ਼ਾਦੀ ਦੀ ਜੱਦੋ-ਜਹਿਦ ‘ਚ ਜੂਝ ਰਹੀਆਂ ਸਮੁੱਚੀਆਂ ਧਿਰਾਂ ਆਪੋ ਵਿਚ ਭਰਾ-ਮਾਰੂ ਜੰਗ ਵਿਚ ਉਲਝ ਜਾਣਗੀਆਂ ਅਤੇ ਕੌਮੀ ਅਜ਼ਾਦੀ ਦਾ ਸੁਪਨਾ ਸਾਕਾਰ ਨਹੀਂ ਹੋ ਸਕੇਗਾ। ਉਨਹਾਂ ਕਿਹਾ ਕਿ ਕੌਮੀ ਸੰਘਰਸ਼ ‘ਚ ਸਫਲਤਾ ਤੋਂ ਪਹਿਲਾਂ ਵਾਦ-ਵਿਵਾਦ ਵਾਲੇ ਮੁੱਦੇ ਛੇੜਨਾ ਦੁਸ਼ਮਣ ਤਾਕਤਾਂ ਦੀ ਮਦਦ ਕਰਨ ਵਾਲੀ ਗੱਲ ਹੈ।
ਭਾਈ ਜਗਤਾਰ ਸਿੰਘ ਹਵਾਰਾ ਨੇ ਕਿਹਾ ਕਿ ਇਸ ਬਿਖੜੇ ਸਮੇਂ ਵਿਚ ਮਰਿਆਦਾ ਬਦਲਣ ਦੀ ਗੱਲ ਕਰਨੀ ਇਸ ਤਰ੍ਹਾਂ ਹੈ ਜਿਵੇਂ ਮਚੇ ਹੋਏ ਜੰਗ ਵਿਚ ਕੋਈ ਸ਼ੁਭਚਿੰਤਕ ਬਣ ਕੇ ਇਹ ਜ਼ਿਦ ਕਰੇ ਕਿ ਹੁਣੇ ਹੀ ਆਪਣੇ ਫੌਜੀਆਂ ਦੀਆਂ ਵਰਦੀਆਂ ਲਾਹ ਕੇ ਉਹਨਾਂ ਨੂੰ ਦੂਜੀਆਂ ਵਰਦੀਆਂ ਪੁਆਈਆਂ ਜਾਣ।
ਭਾਈ ਹਵਾਰਾ ਨੇ ਕਿਹਾ ਕਿ ਅਸੀਂ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਨਾਲੋਂ ਸਿਆਣੇ ਬਣ ਕੇ ਵਿਖਾਉਣ ਦਾ ਯਤਨ ਨਾ ਕਰੀਏ। ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਵਲੋਂ ਕੌਮ ਨੂੰ ਸੰਬੋਧਨ ਕਰਨ ਲਈ ਸਮੁੱਚੀਆਂ ਤਕਰੀਰਾਂ ‘ਚ ਇਕ ਵਾਰ ਵੀ ਉਹਨਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਮਰਿਆਦਾ ਦੀ ਵਿਰੋਧਤਾ ਨਹੀਂ ਕੀਤੀ।
ਭਾਈ ਜਗਤਾਰ ਸਿੰਘ ਹਵਾਰਾ ਨੇ ਅਖੀਰ ‘ਤੇ ਸਮੁੱਚੀ ਕੌਮ ਨੂੰ ਅਪੀਲ ਕੀਤੀ ਸਮੁੱਚੀ ਕੌਮ ਖ਼ਾਸ ਕਰਕੇ ਸਿੱਖ ਨੌਜਵਾਨ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਤੇ ਲਾਗੂ ਪੰਥ ਪ੍ਰਵਾਣਿਤ ਸਿੱਖ ਰਹਿਤ ਮਰਯਾਦਾ ‘ਤੇ ਪਹਿਰਾ ਦੇਣ ਅਤੇ ਅਜਿਹੇ ਸਮੇਂ ਕੌਮ ਨੂੰ ਵਿਵਾਦਾਂ ‘ਚ ਉਲਝਾਉਣ ਵਾਲਿਆਂ ਤੋਂ ਸੁਚੇਤ ਰਿਹਾ ਜਾਵੇ। ਉਹਨਾਂ ਨੇ ਇਹ ਵੀ ਅਪੀਲ ਕੀਤੀ ਕਿ ਆਪੋ ਵਿਚਲੀ ਦੂਸ਼ਣਬਾਜ਼ੀ ਤੋਂ ਬਚਿਆ ਜਾਵੇ। ਉਹਨਾਂ ਕਿਹਾ ਕਿ ਦੂਸ਼ਣਬਾਜ਼ੀ ਨਾਲ ਦੂਜੇ ਦਾ ਕੱਦ ਨੀਵਾਂ ਕਰਕੇ ਕੋਈ ਉੱਚਾ ਨਹੀਂ ਹੋ ਸਕਦਾ, ਬਲਕਿ ਕੌਮ ਲਈ ਦੂਜੇ ਤੋਂ ਵਧੇਰੇ ਪ੍ਰਾਪਤੀਆਂ ਕਰ ਕੇ ਹੀ ਆਪਣਾ ਕੱਦ ਉੱਚਾ ਕੀਤਾ ਜਾ ਸਕਦਾ ਹੈ।