ਜਲੰਧਰ(13 ਮਾਰਚ, 2015): ਆਮ ਆਦਮੀ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਦੇ ਆਪਸੀ ਕਲੇਸ਼ ‘ਚ ਉਲਝੇ ਹੋਣ ਤੇ ਪੰਜਾਬ ਅੰਦਰ ਪਾਰਟੀ ਦਾ ਕੋਈ ਜਥੇਬੰਦਕ ਬੰਨ੍ਹ-ਸ਼ੁੱਭ ਨਾ ਬਣਨ ਕਾਰਨ ‘ਆਪ’ ਵੱਲੋਂ ਧੂਰੀ ਹਲਕੇ ਦੀ ਉਪ ਚੋਣ ਲੜਨ ਬਾਰੇ ਦੁਚਿੱਤੀ ਵਿੱਚ ਹੈ ।
ਪੰਜਾਬ ਦੇ ਲੋਕਾਂ ਤੇ ‘ਆਪ’ ਦੇ ਵਰਕਰਾਂ ‘ਚ ਤਾਂ ਇਹ ਉਮੀਦ ਜਤਾਈ ਜਾ ਰਹੀ ਸੀ ਕਿ ਹੁਕਮਰਾਨ ਪਾਰਟੀ ਨੂੰ ਟੱਕਰ ਦੇਣ ਲਈ ‘ਆਪ’ ਮੈਦਾਨ ਵਿਚ ਉਤਰੇਗੀ ਪਰ ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ 11 ਅਪ੍ਰੈਲ ਨੂੰ ਹੋਣ ਵਾਲੀ ਧੂਰੀ ਹਲਕੇ ਦੀ ਉਪ ਚੋਣ ਲੜਨਾ ਪਾਰਟੀ ਲਈ ਮੁਸ਼ਕਿਲ ਹੀ ਹੈ ।
ਵਰਨਣਯੋਗ ਹੈ ਕਿ ਸੰਗਰੂਰ ਵਿਧਾਨ ਸਭਾ ਹਲਕੇ ‘ਚ ਪੈਂਦੇ ਧੂਰੀ ਵਿਧਾਨ ਸਭਾ ਹਲਕੇ ਤੋਂ ‘ਆਪ’ ਦੇ ਲੋਕ ਸਭਾ ਮੈਂਬਰ ਭਗਵੰਤ ਮਾਨ ਨੂੰ 33 ਹਜ਼ਾਰ ਦੇ ਵੱਡੇ ਫਰਕ ਨਾਲ ਬੜ੍ਹਤ ਮਿਲੀ ਸੀ ।
‘ਆਪ’ ਦੇ ਪੰਜਾਬ ਦੇ ਕਨਵੀਨਰ ਸ: ਸੁੱਚਾ ਸਿੰਘ ਛੋਟੇਪੁਰ ਨੇ ਸੰਪਰਕ ਕਰਨ ‘ਤੇ ਦੱ ਸਿਆ ਕਿ ਪਾਰਟੀ ਨੇ ਅਜੇ ਤੱਕ ਉਪ ਚੋਣ ਬਾਰੇ ਕੋਈ ਵਿਚਾਰ ਨਹੀਂ ਕੀਤੀ ।ਇਸ ਬਾਰੇ ਅਗਲੇ ਦਿਨਾਂ ‘ਚ ਉਹ ਹਾਈਕਮਾਨ ਨਾਲ ਸੰਪਰਕ ਕਰਨਗੇ ।ਸੰਗਰੂਰ ਤੋਂ ਲੋਕ ਸਭਾ ਮੈਂਬਰ ਭਗਵੰਤ ਮਾਨ ਦਾ ਕਹਿਣਾ ਸੀ ਕਿ ਉਹ ਤਾਂ ਚੋਣ ਮੁਹਿੰਮ ‘ਚ ਕੁੱਦਣ ਲਈ ਤਿਆਰ ਹਨ ਪਰ ਪਾਰਟੀ ਨੇ ਅਜੇ ਇਸ ਬਾਰੇ ਫ਼ੈਸਲਾ ਨਹੀਂ ਕੀਤਾ।
ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਦਿੱਲੀ ‘ਚ ਕੇਂਦਰੀ ਨੇਤਾਵਾਂ ਦੇ ਚੱਲ ਰਹੇ ਕਲੇਸ਼ ਅਤੇ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਦੇ ਬਿਮਾਰ ਹੋਣ ਕਾਰਨ ਜ਼ਿਆਦਾਤਰ ਕੇਂਦਰੀ ਨੇਤਾਵਾਂ ਦਾ ਮਨ ਇਸ ਉਪ-ਚੋਣ ਵਿਚ ਨਾ ਹੀ ਉਲਝਣ ਦਾ ਹੈ ।
ਪੰਜਾਬ ਦੇ ਕਈ ਆਗੂ ਵੀ ਇਹ ਮਹਿਸੂਸ ਕਰਦੇ ਹਨ ਕਿ ਅਕਾਲੀ ਦਲ ਜਿਸ ਤਰ੍ਹਾਂ ਸਰਕਾਰੀ ਮਸ਼ੀਨਰੀ ਤੇ ਪੈਸੇ ਦੇ ਜ਼ੋਰ ਉੱਪ ਚੋਣਾਂ ਜਿੱਤਦਾ ਹੈ, ਉਸ ਹਾਲਤ ਵਿਚ ਅਜਿਹੇ ਮੁਕਾਬਲੇ ‘ਚ ਪੈਣ ਤੋਂ ਪਾਸਾ ਵੱਟਣਾ ਵਧੇਰੇ ਲਾਹੇਵੰਦ ਰਹੇਗਾ ।ਅਜਿਹੇ ਆਗੂ ਮੰਨਦੇ ਹਨ ਕਿ ਪਾਰਟੀ ਉਪ-ਚੋਣਾਂ ‘ਚ ਫਸਣ ਦੀ ਬਜਾਏ ਸਾਰੇ ਹਲਕਿਆਂ ‘ਚ ਪਾਰਟੀ ਦੀ ਮਜ਼ਬੂਤੀ ਵੱਲ ਧਿਆਨ ਦੇਵੇ ।