ਖਾਲਸਾ ਜੀ ਕੇ ਬੋਲ ਬਾਲੇ ਪ੍ਰਥਾਏ ਧਰਮ ਯੁੱਧ ਕਰ ਰਹੇ ਸਮੂਹ ਸਿੰਘਾਂ, ਬੀਬੀਆਂ ਤੇ ਭੁਜੰਗੀਆਂ ਦੀ ਰਛਿਆ ਰਿਆਇਤ ਅਤੇ ਚੜ੍ਹਦੀਕਲਾ ਲਈ 26 ਫਰਵਰੀ 2025 ਨੂੰ ਇਕ ਵਿਸ਼ੇਸ਼ ਅਰਦਾਸ ਸਮਾਗਮ ਹੋਇਆ ਹੈ।
ਇਹ ਅਰਦਾਸ ਸਮਾਗਮ ਪੰਥ ਸੇਵਕ ਸ਼ਖਸ਼ੀਅਤ ਭਾਈ ਦਲਜੀਤ ਸਿੰਘ ਅਤੇ ਉਹਨਾਂ ਦੀ ਜੀਵਨ ਸਾਥੀ ਬੀਬੀ ਅੰਮ੍ਰਿਤ ਕੌਰ ਵੱਲੋਂ ਕੀਤੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਹਿਜ ਪਾਠ ਦੀ ਸੰਪੂਰਨਤਾ ਮੌਕੇ ਗੁਰਦੁਆਰਾ ਥੜ੍ਹਾ ਸਾਹਿਬ ਪਾਤਸ਼ਾਹੀ ਛੇਵੀਂ ਇਆਲੀ ਕਲਾਂ ਲੁਧਿਆਣਾ ਵਿਖੇ ਕੀਤਾ ਗਿਆ।
ਇਸ ਮੌਕੇ ਸ੍ਰੀ ਸਹਿਜ ਪਾਠ ਜੀ ਦੇ ਭੋਗ ਪਾਏ ਗਏ ਜਿਸ ਉਪਰੰਤ ਰਾਗੀ ਜਥਿਆਂ ਵੱਲੋਂ ਬਸੰਤ ਰਾਗ ਵਿੱਚ ਗੁਰਬਾਣੀ ਸ਼ਬਦਾਂ ਦਾ ਗਾਇਨ ਕੀਤਾ ਗਿਆ।
ਇਸ ਸਮਾਗਮ ਵਿੱਚ ਪੰਜਾਬ ਭਰ ਤੋਂ ਸਿੱਖ ਸੰਘਰਸ਼ ਵਿੱਚ ਵਿਚਰਦੀਆਂ ਸਖਸ਼ੀਅਤਾਂ ਅਤੇ ਸੰਘਰਸ਼ ਦੇ ਹਮਦਰਦਾਂ, ਸ਼ਹੀਦਾਂ ਦੇ ਪਰਿਵਾਰਾਂ ਅਤੇ ਵੱਖ-ਵੱਖ ਜਥਿਆਂ ਤੇ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ।
ਇਸ ਮੌਕੇ ਆਪਣੇ ਵਿਚਾਰ ਸਾਂਝੇ ਕਰਦਿਆਂ ਪੰਥ ਸੇਵਕ ਜਥਾ ਦੁਆਬਾ ਦੇ ਭਾਈ ਮਨਧੀਰ ਸਿੰਘ ਨੇ ਕਿਹਾ ਕਿ ਮੌਜੂਦਾ ਦੌਰ ਖਿੰਡਾਓ ਦਾ ਸਮਾਂ ਹੈ। ਇਸ ਸਮੇਂ ਪੰਥਕ ਜਥੇਬੰਦੀਆਂ ਸੰਸਥਾਵਾਂ ਅਤੇ ਸਿੱਖ ਰਾਜਨੀਤੀ ਵਿੱਚ ਲਗਾਤਾਰ ਖਿੰਡਾਓ ਵਧ ਰਿਹਾ ਹੈ। ਉਹਨਾਂ ਕਿਹਾ ਕਿ ਇਸ ਸਮੇਂ ਦੀ ਇਹ ਪ੍ਰਮੁੱਖ ਲੋੜ ਹੈ ਕਿ ਪੰਥ ਪ੍ਰਸਤ ਸ਼ਖਸ਼ੀਅਤਾਂ ਜਿਨਾਂ ਨੇ ਖਾੜਕੂ ਸੰਘਰਸ਼ ਮੌਕੇ ਗੁਰੂ ਖਾਲਸਾ ਪੰਥ ਦੀ ਸੇਵਾ ਕੀਤੀ ਹੈ ਅਤੇ ਅੱਜ ਵੀ ਨਿਸ਼ਕਾਮ ਤੌਰ ਉੱਪਰ ਵਿਚਰ ਰਹੇ ਹਨ, ਉਹਨਾਂ ਵੱਲੋਂ ਪੰਥਕ ਸੂਤਰਧਾਰਤਾ ਲਈ ਨਿਰਪੱਖ ਧੁਰੇ ਵਜੋਂ ਸੇਵਾ ਨਿਭਾਉਣ ਹਿੱਤ ਆਪਣੀ ਜਿੰਮੇਵਾਰੀ ਬਾਰੇ ਵਿਚਾਰ ਕੀਤਾ ਜਾਵੇ।
ਉਹਨਾ ਬਦਲ ਰਹੇ ਕੌਮਾਂਤਰੀ ਹਾਲਾਤ ਵਿਚ ਸਿੱਖਾਂ ਦੀ ਵਧ ਰਹੀ ਅਹਿਮੀਅਤ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਿੱਖਾਂ ਨੂੰ ਇਸ ਵੇਲੇ ਦੀਆਂ ਚੁਣੌਤੀਆਂ ਤੇ ਸੰਭਾਵਨਾਵਾਂ ਨੂੰ ਧਿਆਨ ਵਿਚ ਰੱਖਦੀਆਂ ਠੋਸ ਪੇਸ਼ਕਦਮੀਆਂ ਕਰਨ ਦੀ ਲੋੜ ਹੈ।
ਸਮਾਗਮ ਦੀ ਸਮਾਪਤੀ ਮੌਕੇ ਪੰਜ ਸਿੰਘਾਂ ਵੱਲੋਂ ਗੁਰੂ ਮਹਾਰਾਜ ਦੇ ਹਜ਼ੂਰ ਖਾਲਸਾ ਪੰਥ ਦੀ ਚੜ੍ਹਦੀ ਕਲਾ ਅਤੇ ਏਕਤਾ ਇਤਫਾਕ ਦੀ ਅਰਦਾਸ ਕੀਤੀ ਗਈ।