ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਿਆਨ ਜਾਰੀ ਕਰਕੇ ਦੋਸ਼ ਲਾਇਆ ਕਿ ਗ੍ਰਿਫਤਾਰ ਬਰਤਾਨਵੀ ਨਾਗਰਿਕ ਜਗਤਾਰ ਸਿੰਘ ਜੌਹਲ ਦੀ ਗ੍ਰਿਫਤਾਰੀ ਅਤੇ ਪੁਲਿਸ ਹਿਰਾਸਤ ‘ਚ ਤਸ਼ੱਦਦ ਦੇ ਖਿਲਾਫ ਆਵਾਜ਼ ਬੁਲੰਦ ਕਰਨ ਵਾਲੇ ਲੋਕ ਪੰਜਾਬ ਦੇ ਹਿਤਾਂ ਦੇ ਖਿਲਾਫ ਕੰਮ ਕਰ ਰਹੇ ਹਨ।

ਮੁੱਖ ਮੰਤਰੀ ਨੇ ਕੱਲ੍ਹ (24 ਨਵੰਬਰ, 2017) ਜਾਰੀ ਇਕ ਬਿਆਨ ਵਿਚ ਬਾਦਲ ਦਲ ਅਤੇ ਆਮ ਆਦਮੀ ਪਾਰਟੀ ‘ਤੇ ਦੋਸ਼ ਲਾਇਆ ਕਿ ਇਹ ਲੋਕ ਪੰਜਾਬ ਪੁਲਿਸ ਅਤੇ ਸਰਕਾਰ ਨੂੰ ਬਦਨਾਮ ਕਰਨ ਵਾਲੀ ਸਾਜਿਸ਼ ਰਚਣ ਵਾਲਿਆਂ ਦਾ ਸਾਥ ਦੇ ਰਹੇ ਹਨ।
ਜਗਤਾਰ ਸਿੰਘ ਜੌਹਲ ਦੀ ਗ੍ਰਿਫਤਾਰੀ ਦਾ ਵਿਰੋਧ ਕਰਨ ਵਾਲਿਆਂ ਅਤੇ ਉਸ ਦੀ ਰਿਹਾਈ ਦੀ ਮੰਗ ਕਰਨ ਵਾਲਿਆਂ ਉੱਤੇ ਦੋਸ਼ ਲਾਉਂਦਿਆ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਜਿਹੇ ਲੋਕ ਭਾਰਤ ਦੇ ਹਿੱਤਾਂ ਵਿਰੁੱਧ ਕੰਮ ਕਰ ਰਹੇ ਹਨ ਅਤੇ ਪੰਜਾਬ ਪੁਲਿਸ ਵਿਰੁੱਧ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦਾ ਦੋਸ਼ ਲਾ ਕੇ “ਪੰਜਾਬ ਦੀ ਸ਼ਾਂਤੀ ਅਤੇ ਸਦਭਾਵਨਾ” ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਜਗਤਾਰ ਸਿੰਘ ਦੀ ਗ੍ਰਿਫਤਾਰੀ ਤੋਂ ਲੈ ਕੇ ਹੁਣ ਤਕ ਹਰ ਪੜਾਅ ‘ਤੇ ਕਾਨੂੰਨ ਦੀ ਸਹੀ ਪ੍ਰਕਿਰਿਆ ਦਾ ਪਾਲਣ ਕੀਤਾ ਗਿਆ ਹੈ। ਉਸ ਨੂੰ ਆਪਣੇ ਪਰਿਵਾਰ ਦੇ ਮੈਂਬਰਾਂ ਨਾਲ ਗੱਲਬਾਤ ਕਰਨ ਅਤੇ ਵਕੀਲ ਤੱਕ ਪਹੁੰਚ ਦੀ ਆਗਿਆ ਦਿੱਤੀ ਗਈ ਹੈ ਅਤੇ ਉਸ ਦੀ ਮੈਡੀਕਲ ਜਾਂਚ ਵਿਚ ਵੀ ਸਾਰੀ ਪ੍ਰਕਿਰਿਆ ‘ਕਾਨੂੰਨ ਅਨੁਸਾਰ’ ਕੀਤੀ ਗਈ ਹੈ।
ਮੁੱਖ ਮੰਤਰੀ ਨੇ ਜਾਰੀ ਪ੍ਰੈਸ ਬਿਆਨ ‘ਚ ਕਿਹਾ ਕਿ ਉਨ੍ਹਾਂ ਦੀ ਸਰਕਾਰ ਪੰਜਾਬ ‘ਚ “ਸ਼ਾਂਤੀ” ਕਾਇਮ ਰੱਖਣ ਬਾਰੇ ਵਧੇਰੇ ਚਿੰਤਤ ਹੈ ਨਾ ਕਿ ਵਿਦੇਸ਼ੀ ਤਾਕਤਾਂ ਦੇ ਹੱਥੋਂ ਪਰੇਸ਼ਾਨ ਹੋਣ ਦੀ ਜਿਨ੍ਹਾਂ ਦੀ ਭਾਰਤ ਦੀ ਸੁਰੱਖਿਆ ਵਿੱਚ ਕੋਈ ਦਾਅਵੇਦਾਰੀ ਨਹੀਂ ਹੈ।
ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਸਰਕਾਰ ਨੇ ਸਾਰੇ ਤੱਥਾਂ ਨੂੰ ਜਨਤਕ ਕਰ ਦਿੱਤਾ ਹੈ। ਜਗਤਾਰ ਸਿੰਘ ਜੌਹਲ ਉਰਫ ਜੱਗੀ ਨੂੰ ਜਿਨ੍ਹਾਂ ਮੁਕੱਦਮਿਆਂ ‘ਚ ਪੰਜਾਬ ਪੁਲਿਸ ਵਲੋਂ ਗ੍ਰਿਫਤਾਰ ਕੀਤਾ ਗਿਆ ਹੈ ਉਨ੍ਹਾਂ ਵਿਚ ਸਾਡੇ ਕੋਲ ਉਸ ਵਿਰੁੱਧ ਠੋਸ ਸਬੂਤ ਹਨ। ਉਸ ਨੂੰ ਆਰ.ਐਸ.ਐਸ/ਸ਼ਿਵ ਸੈਨਾ ਆਗੂਆਂ/ਵਰਕਰਾਂ ਨੂੰ ਮਾਰਨ ਦੀ ਸਾਜਿਸ਼ ਰਚਨ ਦੀ ਭੂਮਿਕਾ ਲਈ ਗ੍ਰਿਫਤਾਰ ਕੀਤਾ ਗਿਆ ਸੀ ਜਿਸ ਦੀ ਪੁਸ਼ਟੀ ਹੋ ਗਈ ਹੈ।
ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਹੋਰ ਵੀ ਮੰਦਭਾਗੀ ਗੱਲ ਹੈ ਕਿ ਪੰਜਾਬ ਦੇ ਆਪਣੇ ਹੀ ਆਗੂ ਅਜਿਹੇ ਤੱਤਾਂ ਦੀ ਸੁਰ ਵਿਚ ਸੁਰ ਰਲਾ ਰਹੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਬਰਤਾਨੀਆ ਅਤੇ ਕੁਝ ਹੋਰ ਮੁਲਕਾਂ ਵਿਚਲੇ “ਗਰਮ ਖਿਆਲੀਏ ਤੱਤਾਂ” ਨੇ ਪੰਜਾਬ ਸਰਕਾਰ/ਪੰਜਾਬ ਪੁਲਿਸ ਵਿਰੁੱਧ ਮੁਹਿੰਮ ਆਰੰਭੀ ਹੋਈ ਹੈ।
ਮੁੱਖ ਮੰਤਰੀ ਨੇ ਦੋਸ਼ ਲਾਇਆ ਕਿ ਪੰਜਾਬ ਪੁਲਿਸ ਦੇ ਅਧਿਕਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਮੌਤ ਦੀਆਂ ਧਮਕੀਆਂ ਦੇ ਫੋਨ ਆ ਰਹੇ ਹਨ। ਇਸ ਵਾਸਤੇ ਫੋਨ ਤੋਂ ਇਲਾਵਾ ਵਾਟਸਐਪ ਅਤੇ ਵੱਖ-ਵੱਖ ਸੋਸ਼ਲ ਮੀਡੀਆ ਦੀ ਵਰਤੋਂ ਹੋ ਰਹੀ ਹੈ।
ਸਬੰਧਤ ਖ਼ਬਰ:
ਮੁੱਖ ਮੰਤਰੀ ਨੇ ਜਾਰੀ ਪ੍ਰੈਸ ਬਿਆਨ ‘ਚ ਕਿਹਾ ਕਿ ਜਗਤਾਰ ਸਿੰਘ ਦੀ ਗ੍ਰਿਫਤਾਰੀ ਅਤੇ ਉਸ ਨੂੰ ਤਸੀਹੇ ਦੇਣ ਦੇ ਦੋਸ਼ਾਂ ਬਾਰੇ ਕਿਸੇ ਵੀ ਵਿਦੇਸ਼ੀ ਸਰਕਾਰ ਨੇ ਉਨ੍ਹਾਂ ਦੀ ਸਰਕਾਰ ਜਾਂ ਭਾਰਤ ਸਰਕਾਰ ਕੋਲ ਇਹ ਮੁੱਦਾ ਨਹੀਂ ਚੁੱਕਿਆ।
ਕੈਪਟਨ ਅਮਰਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਭਾਰਤ ਨੇ ਕਦੇ ਵੀ ਕਿਸੇ ਹੋਰ ਦੇਸ਼ ਦੀ ਪੁਲਿਸ ਅਤੇ ਕਾਨੂੰਨੀ ਮਾਮਲਿਆਂ ਵਿਚ ਦਖਲ ਨਹੀਂ ਦਿੱਤਾ ਭਾਵੇਂ ਕਿ ਕੋਈ ਭਾਰਤੀ ਨਾਗਰਿਕ ਇਸ ਵਿਚ ਸ਼ਾਮਲ ਹੋਵੇ। ਮੁੱਖ ਮੰਤਰੀ ਨੇ ਕਿਹਾ ਕਿ ਦੂਜੇ ਦੇਸ਼ਾਂ ਵੱਲੋਂ ਵੀ ਉਸੇ ਤਰ੍ਹਾਂ ਦਾ “ਸਤਿਕਾਰ ਕਰਨ ਅਤੇ ਕੂਟਨੀਤਕ ਨਿਰਪੱਖਤਾ” ਦੀ ਉਮੀਦ ਕੀਤੀ ਜਾਂਦੀ ਹੈ।
ਸਬੰਧਤ ਖ਼ਬਰ: