ਵਾਇਓਮਿੰਗ, ਅਮਰੀਕਾ: ਅਮਰੀਕਨ ਸਿੱਖ ਕੌਂਸਲ (ਏਐੱਸਸੀ) ਨੇ ਵਾਇਓਮਿੰਗ ਵਿਖੇ ਪੰਜਾਬੀ ਸਿੱਖ ਟਰੱਕ ਡਰਾਈਵਰ ਗੁਰਵਿੰਦਰ ਸਿੰਘ ਉੱਪਰ ਹੋਏ ਜਾਨਲੇਵਾ ਹਮਲੇ ਦੀ ਸਖ਼ਤ ਨਿਖੇਧੀ ਕਰਦਿਆਂ ਮਾਮਲੇ ਦੀ ਨਫ਼ਰਤੀ ਅਪਰਾਧ ਦੇ ਪੱਖ ਤੋਂ ਨਿਰਪੱਖ ਅਤੇ ਪਾਰਦਰਸ਼ੀ ਜਾਂਚ ਕਰਨ ਦੀ ਮੰਗ ਕੀਤੀ ਹੈ।
ਅਮਰੀਕਨ ਸਿੱਖ ਕੌਂਸਲ ਅਨੁਸਾਰ, 13 ਸਤੰਬਰ ਨੂੰ ਇੰਟਰਸਟੇਟ-80 ਉੱਪਰ ਸਥਿਤ ਬਿਟਰ ਕਰੀਕ ਰੈਸਟ ਏਰੀਆ ਦੇ ਬਾਥਰੂਮ ਅੰਦਰ ਗੁਰਵਿੰਦਰ ਸਿੰਘ ਉੱਪਰ ਚਾਕੂ ਨਾਲ ਹਮਲਾ ਕੀਤਾ ਗਿਆ। ਹਮਲਾਵਰ ਨੇ ਕਥਿਤ ਤੌਰ ’ਤੇ ਉਸ ਦੀ ਗਰਦਨ ਅਤੇ ਛਾਤੀ ਸਮੇਤ ਸਰੀਰ ਉੱਪਰ 17 ਵਾਰ ਕੀਤੇ, ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ।
ਘਟਨਾ ਸਮੇਂ ਰੈਸਟ ਏਰੀਆ ਵਿਖੇ ਰੁਕੇ ਇੱਕ ਪਰਿਵਾਰ ਨੇ ਬਾਥਰੂਮ ਵਿੱਚੋਂ ਚੀਕਾਂ ਸੁਣੀਆਂ ਅਤੇ ਇੱਕ ਸ਼ੱਕੀ ਵਿਅਕਤੀ ਨੂੰ ਉੱਥੋਂ ਭੱਜਦੇ ਦੇਖਿਆ। ਪਰਿਵਾਰ ਨੇ ਉਸ ਦੇ ਸੈਮੀ-ਟਰੱਕ ਦਾ ਪਿੱਛਾ ਕਰਕੇ ਜਾਂਚ ਅਧਿਕਾਰੀਆਂ ਲਈ ਵਾਹਨ ਦੀ ਪਛਾਣ ਨਾਲ ਸਬੰਧਤ ਤਸਵੀਰਾਂ ਖਿੱਚ ਲਈਆਂ।

ਪੁਲਿਸ ਨੇ ਇਸ ਮਾਮਲੇ ਵਿੱਚ 45 ਸਾਲਾ ਐਂਡਰਿਊ ਕ੍ਰਿਸ ਬਜ਼ਡੈਕ ਨੂੰ ਗ੍ਰਿਫ਼ਤਾਰ ਕਰਕੇ ਉਸ ਵਿਰੁੱਧ ਪਹਿਲੀ ਡਿਗਰੀ ਕਤਲ ਦੀ ਕੋਸ਼ਿਸ਼ ਦਾ ਦੋਸ਼ ਲਗਾਇਆ ਹੈ। ਹਮਲੇ ਦੇ ਅਸਲ ਕਾਰਨਾਂ ਦੀ ਜਾਂਚ ਜਾਰੀ ਹੈ ਅਤੇ ਸਥਾਨਕ ਅਧਿਕਾਰੀਆਂ ਨੇ ਅਜੇ ਤੱਕ ਇਸ ਦਾ ਮੰਤਵ ਸਪੱਸ਼ਟ ਨਹੀਂ ਕੀਤਾ।
ਡੀਐੱਚਐੱਸ ਦੀ ‘ਮਿਸਟਰ ਸਿੰਘ’ ਪੋਸਟ ’ਤੇ ਉੱਠੇ ਸਵਾਲ
ਅਮਰੀਕਨ ਸਿੱਖ ਕੌਂਸਲ ਨੇ ਕਿਹਾ ਕਿ ਇਹ ਹਮਲਾ ਅਮਰੀਕੀ ਗ੍ਰਹਿ ਸੁਰੱਖਿਆ ਵਿਭਾਗ (ਡੀਐੱਚਐੱਸ) ਦੀ ਵਿਵਾਦਤ ਸੋਸ਼ਲ ਮੀਡੀਆ ਪੋਸਟ ਤੋਂ ਸਿਰਫ਼ ਚਾਰ ਦਿਨ ਬਾਅਦ ਹੋਇਆ।
ਡੀਐੱਚਐੱਸ ਨੇ 9 ਸਤੰਬਰ ਨੂੰ ਇਮੀਗ੍ਰੇਸ਼ਨ ਕਾਰਵਾਈ ਨਾਲ ਸਬੰਧਤ ਇੱਕ ਏਆਈ-ਨਿਰਮਿਤ ਪੋਸਟਰ ਸਾਂਝਾ ਕੀਤਾ ਸੀ, ਜਿਸ ਵਿੱਚ ਸਿਰ ਉੱਪਰ ਕੱਪੜਾ ਬੰਨ੍ਹੇ ਇੱਕ ਭੂਰੇ ਰੰਗ ਦੇ ਵਿਅਕਤੀ ਨੂੰ ‘ਮਿਸਟਰ ਸਿੰਘ’ ਵਜੋਂ ਦਰਸਾਇਆ ਗਿਆ ਸੀ। ਪੋਸਟਰ ਵਿੱਚ ਉਸ ਨੂੰ ਅਮਰੀਕੀ ਸੜਕਾਂ ਤੋਂ ਹਟਣ ਲਈ ਕਹਿਣ ਵਾਲੀ ਵਿਵਾਦਤ ਭਾਸ਼ਾ ਦੀ ਵਰਤੋਂ ਕੀਤੀ ਗਈ ਸੀ।
ਸਿੱਖ, ਹਿੰਦੂ ਅਤੇ ਭਾਰਤੀ-ਅਮਰੀਕੀ ਜਥੇਬੰਦੀਆਂ ਨੇ ਇਸ ਪੋਸਟ ਨੂੰ ਨਸਲਵਾਦੀ ਅਤੇ ਪੱਖਪਾਤੀ ਕਰਾਰ ਦਿੱਤਾ। ਜਥੇਬੰਦੀਆਂ ਨੇ ਕਿਹਾ ਕਿ ‘ਸਿੰਘ’ ਸਿੱਖਾਂ ਅਤੇ ਭਾਰਤੀ ਮੂਲ ਦੇ ਲੋਕਾਂ ਵਿੱਚ ਆਮ ਨਾਮ ਹੈ ਅਤੇ ਸਿੱਖ ਡਰਾਈਵਰ ਅਮਰੀਕੀ ਟਰੱਕਿੰਗ ਉਦਯੋਗ ਵਿੱਚ ਅਹਿਮ ਯੋਗਦਾਨ ਪਾ ਰਹੇ ਹਨ। ਵਿਆਪਕ ਵਿਰੋਧ ਮਗਰੋਂ ਡੀਐੱਚਐੱਸ ਨੇ ਇਹ ਪੋਸਟ ਹਟਾ ਦਿੱਤੀ ਸੀ।
ਪੂਰੀ ਜਾਂਚ ਅਤੇ ਜਵਾਬਦੇਹੀ ਦੀ ਮੰਗ
ਅਮਰੀਕਨ ਸਿੱਖ ਕੌਂਸਲ ਨੇ ਸਪੱਸ਼ਟ ਕੀਤਾ ਕਿ ਹੁਣ ਤੱਕ ਡੀਐੱਚਐੱਸ ਦੀ ਪੋਸਟ ਅਤੇ ਗੁਰਵਿੰਦਰ ਸਿੰਘ ਉੱਪਰ ਹੋਏ ਹਮਲੇ ਵਿਚਕਾਰ ਕੋਈ ਸਿੱਧਾ ਸਬੰਧ ਸਾਹਮਣੇ ਨਹੀਂ ਆਇਆ। ਹਾਲਾਂਕਿ, ਦੋਵਾਂ ਘਟਨਾਵਾਂ ਦੇ ਸਮੇਂ ਵਿੱਚ ਨੇੜਤਾ ਹੋਣ ਕਾਰਨ ਇਸ ਪੱਖ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਣੀ ਚਾਹੀਦੀ ਹੈ।
ਕੌਂਸਲ ਨੇ ਕਿਹਾ ਕਿ ਸਰਕਾਰੀ ਸੰਸਥਾਵਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਕਿਸੇ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਵਾਲੀ ਭਾਸ਼ਾ ਉਸ ਵਿਰੁੱਧ ਨਫ਼ਰਤ ਅਤੇ ਹਿੰਸਾ ਦਾ ਮਾਹੌਲ ਪੈਦਾ ਕਰ ਸਕਦੀ ਹੈ।
ਜਥੇਬੰਦੀ ਨੇ ਸੰਘੀ ਅਧਿਕਾਰੀਆਂ ਕੋਲੋਂ ਮੰਗ ਕੀਤੀ ਕਿ ਬਿਟਰ ਕਰੀਕ ਹਮਲੇ ਦੀ ਹਰ ਪੱਖ ਤੋਂ ਜਾਂਚ ਕਰਕੇ ਇਹ ਪਤਾ ਲਗਾਇਆ ਜਾਵੇ ਕਿ ਕੀ ਇਹ ਨਫ਼ਰਤੀ ਅਪਰਾਧ ਸੀ। ਅਮਰੀਕਨ ਸਿੱਖ ਕੌਂਸਲ ਨੇ ਗੁਰਵਿੰਦਰ ਸਿੰਘ, ਉਸ ਦੇ ਪਰਿਵਾਰ ਅਤੇ ਅਮਰੀਕਾ ਵਿੱਚ ਕੰਮ ਕਰਦੇ ਸਿੱਖ ਟਰੱਕ ਡਰਾਈਵਰਾਂ ਨਾਲ ਇਕਜੁੱਟਤਾ ਦਾ ਪ੍ਰਗਟਾਵਾ ਵੀ ਕੀਤਾ ਹੈ।
