ਚੰਡੀਗੜ: ਸਿੱਖ ਹਿੱਤਾਂ ਲਈ ਕੰਮ ਕਰੀ ਸੰਸਥਾ ਸਿੱਖਸ ਫਾਰ ਜਸਟਿਸ ਵੱਲੋਂ ਕੀਤੀ ਸ਼ਿਕਾਇਤ ‘ਤੇ ਰੈਲੀਆਂ ਰੱਦ ਹੋਣ ਦੇ ਰੋਸ ਵਜੋਂ ਕੈਪਟਨ ਅਮਰਿੰਦਰ ਸਿੰਘ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਪੱਤਰ ਲਿਖਿਆ ਹੈ।

ਟੋਰਾਂਟੋ ਤੇ ਵੈਨਕੂਵਰ ਫੇਰੀ ਦੌਰਾਨ ਉਥੇ ਮੀਟਿੰਗਾਂ ਦੀ ਇਜਾਜ਼ਤ ਨਾ ਦਿੱਤੇ ਜਾਣ ਖ਼ਿਲਾਫ਼ ਰੋਸ ਪ੍ਰਗਟਾਉਂਦਿਆਂ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਹੈ। ਕੈਪਟਨ ਨੇ ਕਿਹਾ ਕਿ ਇਜਾਜ਼ਤ ਨਾ ਦਿੱਤੇ ਜਾਣ ਨੂੰ ਉਹ ਗੈਗ ਆਰਡਰ ਮੰਨ ਰਹੇ ਹਨ।
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਲਿਖੇ ਪੱਤਰ ’ਚ ਕੈਪਟਨ ਅਮਰਿੰਦਰ ਨੇ ਤਰਕ ਦੇਣ ਲਈ ਕੈਨੇਡਾ ਦੇ ਸੰਵਿਧਾਨ ਨੂੰ ਅਧਾਰ ਬਣਾਇਆ ਹੈ। ਉਨ੍ਹਾਂ ਕਿਹਾ ਕਿ ਇਸ ਗੈਗ ਆਰਡਰ ਨੇ ਬਹੁਤ ਹੀ ਮਾੜਾ ਪ੍ਰਭਾਵ ਛੱਡਿਆ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪੰਜਾਬ ਤੋਂ ਆਏ ਵਿਰੋਧੀ ਧਿਰ ਦੇ ਆਗੂਆਂ ਨੂੰ ਇਸੇ ਤਰ੍ਹਾਂ ਦੀਆਂ ਮੀਟਿੰਗਾਂ ਕਰਨ ਦੀ ਇਜਾਜ਼ਤ ਮਿਲੀ ਜਦਕਿ ਉਨ੍ਹਾਂ ਨੂੰ ਕੋਰੀ ਨਾਂਹ ਕਰ ਦਿੱਤੀ ਗਈ।
ਗੌਰਤਲਬ ਹੈ ਕਿ ਅਮਰੀਕਾ ਨਾਲ ਸਬੰਧਤ ਸੰਸਥਾ ਦੀ ਸ਼ਿਕਾਇਤ ’ਤੇ ਗਲੋਬਲ ਅਫੇਅਰਜ਼ ਆਫ ਕੈਨੇਡਾ ਦੀਆਂ ਤਜਵੀਜ਼ਾਂ ਮੁਤਾਬਿਕ ਕੈਨੇਡਾ ਸਰਕਾਰ ਨੇ ਕੈਪਟਨ ਅਮਰਿੰਦਰ ਨੂੰ ਭਾਰਤੀ ਸਮਾਜ ਨਾਲ ਸਬੰਧਤ ਪ੍ਰੋਗਰਾਮਾਂ ਵਿੱਚ ਸ਼ਾਮਲ ਨਾ ਹੋਣ ਲਈ ਕਿਹਾ ਸੀ।
ਕੈਪਟਨ ਅਮਰਿੰਦਰ ਨੇ ਸਪਸ਼ਟ ਕੀਤਾ ਕਿ ਉਹ ਇਸ ਦੌਰਾਨ ਕਿਸੇ ਵੀ ਸਰਕਾਰ ਦੀ ਨੁਮਾਇੰਦਗੀ ਨਹੀਂ ਕਰ ਰਹੇ ਹਨ, ਨਾ ਹੀ ਉਹ ਕੋਈ ਚੋਣ ਪ੍ਰਚਾਰ ਕਰ ਰਹੇ ਹਨ ਕਿਉਂਕਿ ਨੇੜ ਭਵਿੱਖ ਵਿੱਚ ਪੰਜਾਬ ’ਚ ਕੋਈ ਚੋਣ ਨਹੀਂ ਹੋਣ ਵਾਲੀ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀ ਕੈਨੇਡਾ ’ਚ ਸਿਆਸੀ ਪਾਰਟੀ ਬਣਾਉਣ ਜਾਂ ਅੰਦੋਲਨ ਚਲਾਉਣ ਸਬੰਧੀ ਕੋਈ ਸੋਚ ਨਹੀਂ ਹੈ।
ਇਸ ਖਬਰ ਨੂੰ ਅੰਗਰੇਜ਼ੀ ਵਿੱਚ ਪੜੋ:
Disappointed Amarinder writes to Canadian PM Justin Trudeau; Offers explanation
ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਆਪਣੇ ਪੰਜਾਬੀ ਹਮਾਇਤੀਆਂ ਨਾਲ ਚਰਚਾ ਕਰਨ ਲਈ ਵਿਅਕਤੀਗਤ ਪੱਧਰ ’ਤੇ ਕੈਨੇਡਾ ਦਾ ਦੌਰਾ ਕਰਨ ਦੀ ਯੋਜਨਾ ਬਣਾਈ ਸੀ। ਉਨ੍ਹਾਂ ਕਿਹਾ ਕਿ ਸਰਕਾਰ ਦਾ ਗੈਗ ਆਰਡਰ ਕੈਨੇਡਾ ਦੇ ਸੰਵਿਧਾਨ ’ਚ ਦਿੱਤੇ ਗਏ ਮੌਲਿਕ ਅਧਿਕਾਰਾਂ ਦਾ ਉਲੰਘਣ ਹੈ।