ਸ੍ਰੀਨਗਰ (13 ਮਾਰਚ,2015): ਸਾਲ 2010 ਵਿੱਚ ਭਾਰਤੀ ਫੌਜ ਵੱਲੋਂ ਝੂਠੇ ਮੁਕਾਬਲੇ ਵਿੱਚ ਮਾਰੇ ਤਿੰਨ ਕਸ਼ਮੀਰੀ ਨੌਜਵਾਨਾਂ ਦੇ ਮਾਮਲੇ ਵਿੱਚ ਫੌਜੀ ਅਦਾਲਤ ਨੇ ਇੱਕ ਫੌਜੀ ਨੂੰ ਉਮਰਕੈਦ ਦੀ ਸਜ਼ਾ ਸੁਣਾਉਦਿਆਂ ਬਰਤਰਫ ਕਰ ਦਿੱਤਾ ਹੈ ।
ਕੰਟਰੋਲ ਰੇਖਾ ਨੇੜੇ ਮਾਛੇਲ ਵਿਖੇ ਬਣਾਏ ਝੂਠੇ ਮੁਕਾਬਲੇ ਦੇ ਦੋਸ਼ ਵਿੱਚ ਹੁਣ ਤੱਕ ਛੇ ਦੋਸ਼ੀਆਂ ਨੂੰ ਸਜ਼ਾ ਸੁਣਾਈ ਜਾ ਚੁੱਕੀ ਹੈ।
ਫੌਜ ਦੇ ਬੰਦੂਕਚੀ ਅੱਬਾਸ ਹੁਸੈਨ ਸ਼ਾਹ ਨੂੰ ਕੇਂਦਰੀ ਕੋਰਟ ਮਾਰਸ਼ਲ ਵਜੋਂ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਤੇ ਸੇਵਾਵਾਂ ਤੋਂ ਬਰਤਰਫ਼ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਫੌਜ ਦੇ ਇਕ ਉੱਚ ਅਧਿਕਾਰੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ਉੱਤੇ ਦਿੱਤੀ।
ਜਾਣਕਾਰੀ ਅਨੁਸਾਰ ਸਰਹੱਦੀ ਜ਼ਿਲ੍ਹੇ ਕੁੱਪਵਾੜਾ ਦੇ ਮਾਛਿਲ ਸੈਕਟਰ ਵਿਖੇ ਫੌਜ ਦੀ ਇਕ ਟੁਕੜੀ ਨੇ ਸਥਾਨਕ ਤਿੰਨ ਨੌਜਵਾਨਾਂ ਨੂੰ ਲੈ ਜਾ ਕੇ ਮਾਰ ਦਿੱਤਾ ਸੀ ਤੇ ਬਾਅਦ ਵਿੱਚ ਇਨ੍ਹਾਂ ਨੂੰ ਪਾਕਿਸਤਾਨੀ ਘੁਸਪੈਠੀਏ ਕਰਾਰ ਦੇ ਦਿੱਤਾ ਸੀ। ਪਿਛਲੇ ਸਾਲ ਨਵੰਬਰ ਮਹੀਨੇ ਵਿੱਚ ਫੌਜੀ ਅਦਾਲਤ ਨੇ ਦੋ ਅਧਿਕਾਰੀਆਂ ਸਮੇਤ ਪੰਜ ਨੂੰ ਸਜ਼ਾ ਸੁਣਾਈ ਸੀ।
2010 ਵਿੱਚ ਵਾਪਰੀ ਇਸ ਘਟਨਾ ਤੋਂ ਬਾਅਦ ਕਸ਼ਮੀਰ ਵਾਦੀ ਵਿੱਚ ਅੰਦੋਲਨ ਜ਼ੋਰ ਫੜ ਗਿਆ ਸੀ ਤੇ ਫੌਜ ਵੱਲੋਂ ਅੰਦੋਲਨਕਾਰੀਆਂ ਨੂੰ ਦਬਾਉਣ ਲਈ ਕੀਤੀ ਕਾਰਵਾਈ ਦੌਰਾਨ ਕੋਈ 120 ਵਿਅਕਤੀ ਮਾਰੇ ਗਏ ਸਨ।
ਫੌਜ ਦੇ ਅਧਿਕਾਰੀਆਂ ਅਨੁਸਾਰ ਹੁਣ ਇਹ ਕੇਸ ਪ੍ਰਵਾਨਗੀ ਲਈ ਉੱਤਰੀ ਕਮਾਂਡ ਦੇ ਮੁੱਖ ਦਫਤਰ ਨੂੰ ਭੇਜਿਆ ਜਾਵੇਗਾ। ਉੱਤਰੀ ਕਮਾਂਡ ਦੇ ਦਫਤਰ ਵੱਲੋਂ ਪ੍ਰਵਾਨਗੀ ਮਿਲਣ ਦੇ ਤੁਰੰਤ ਬਾਅਦ ਸਜ਼ਾ ਸ਼ੁਰੂ ਹੋ ਜਾਵੇਗੀ। ਸ਼ਾਹ ਤੋਂ ਇਲਾਵਾ ਝੂਠੇ ਮੁਕਾਬਲੇ ਦੇ ਦੋਸ਼ ਵਿੱਚ ਕਰਨਲ ਦਿਨੇਸ਼ ਪਠਾਨੀਆ, ਕੈਪਟਨ ਓਪੇਂਦਰਾ ਸਿੰਘ, ਹਵਾਲਦਾਰ ਦੇਵਿੰਦਰ ਤੇ ਲਾਂਸ ਨਾਇਕ ਲਖਮੀ ਤੇ ਅਰੁਣ ਕੁਮਾਰ ਨੂੰ ਪਹਿਲਾਂ ਹੀ ਸਜ਼ਾ ਸੁਣਾਈ ਜਾ ਚੁੱਕੀ ਹੈ। –