ਨਵੀਂ ਦਿੱਲੀ (31 ਜਨਵਰੀ, 2015): ਆਮ ਆਦਮੀ ਪਾਰਟੀ (ਆਪ) ਦਾ ਚੋਣ ਮਨੋਰਥ ਪੱਤਰ ਜਾਰੀ ਕਰਦਿਆਂ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਕਿਹਾ ਪਾਰਟੀ ਸੱਤਾ ‘ਚ ਆਉਣ ‘ਤੇ ਇਸ ‘ਚ ਲਿਖਿਆ ਇਕ-ਇਕ ਸ਼ਬਦ ਲਾਗੂ ਕਰੇਗੀ।

ਕੇਜਰੀਵਾਲ ਨੇ ਕਿਹਾ ਕਿ ਸਿੱਖ ਕਤਲੇਆਮ ਦਿੱਲੀ ਦੇ ਇਤਿਹਾਸ ਦੀ ਬੇਹੱਦ ਮਾੜੀ ਘਟਨਾ ਸੀ। ਆਪ ਨੇ ਦੋਸ਼ ਲਾਇਆ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਅਜੇ ਤਕ ਵੀ ਕਤਲੇਆਮ ਦੀ ਜਾਂਚ ਲਈ ਐਸ.ਆਈ.ਟੀ. ਬਣਾਉਣ ਬਾਰੇ ਫ਼ੈਸਲਾ ਕਰਨ ਲਈ ਹੀ ਇਕ ਕਮੇਟੀ ਕਾਇਮ ਕਰਨ ਦੀ ਲੋੜ ਸਮਝਦੀ ਹੈ।
ਉਨ੍ਹਾਂ ਕਿਹਾ ਕਿ ਪਾਰਟੀ ਨੇ ਸੱਤਾ ਵਿਚ ਆਉਣ ‘ਤੇ 1984 ਦੇ ਸਿੱਖ ਕਤਲੇਆਮ ਦੀ ਪੜਤਾਲ ਲਈ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਬਾਰੇ ਨੋਟੀਫ਼ੀਕੇਸ਼ਨ ਜਾਰੀ ਕਰਨ ਦਾ ਵਾਅਦਾ ਕੀਤਾ ਹੈ ਜੋ ਵਿਸ਼ੇਸ਼ ਕਰ ਕੇ ਕਾਂਗਰਸ ਦੇ ਅਸਰ-ਰਸੂਖ ਵਾਲੇ ਆਗੂਆਂ ਦੀ ਸ਼ਮੂਲੀਅਤ ਵਾਲੇ ਮਾਮਲਿਆਂ ਦੀ ਮੁੜ ਜਾਂਚ ਕਰੇਗੀ।
ਆਮ ਆਦਮੀ ਪਾਰਟੀ ਨੇ ਦਿੱਲੀ ਵਿਧਾਨ ਸਭਾ ਚੋਣਾਂ ਲਈ 70 ਨੁਕਾਤੀ ਚੋਣ ਮਨੋਰਥ ਪੱਤਰ ਜਾਰੀ ਕਰਦਿਆਂ ਔਰਤਾਂ ਦੀ ਸੁਰੱਖਿਆ ਸਮੇਤ ਗ਼ਰੀਬਾਂ ਤੇ ਸਮਾਜ ਦੇ ਹਰ ਤਬਕੇ ਦੀ ਭਲਾਈ ਅਤੇ ਘੱਟ-ਗਿਣਤੀਆਂ ਦੇ ਹਿਤਾਂ ਦੀ ਰਾਖੀ ਕਰਨ ਦਾ ਵਾਅਦਾ ਕੀਤਾ ਹੈ। ਪਾਰਟੀ ਨੇ ਕਿਹਾ ਹੈ ਕਿ ਭਗਵਾਂ ਪਾਰਟੀ ਨੂੰ ਹਾਰ ਦਾ ਡਰ ਸਤਾ ਰਿਹਾ ਹੈ ਜਿਸ ਕਾਰਨ ਇਸ ਨੇ ਹੁਣ ਤਕ ਚੋਣ ਮਨੋਰਥ ਪੱਤਰ ਜਾਰੀ ਨਹੀਂ ਕੀਤਾ।
ਕਾਨਸਟੀਟਿਊਸ਼ਨ ਕਲੱਬ ਵਿਖੇ ਚੋਣ ਮਨੋਰਥ ਪੱਤਰ ਜਾਰੀ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿਚ ਉਨ੍ਹਾਂ ਦੀ ਸਰਕਾਰ ਬਣਨ ‘ਤੇ ਦਿੱਲੀ ਨੂੰ ‘ਪੂਰਨ ਰਾਜ’ ਦਾ ਦਰਜਾ ਦਿਤਾ ਜਾਵੇਗਾ ਅਤੇ ਘੱਟ-ਗਿਣਤੀਆਂ ਦੇ ਹਿਤਾਂ ਦੀ ਰਾਖੀ ਕੀਤੀ ਜਾਵੇਗੀ।