ਦਿੱਲੀ: ਅੱਜ ਆਮ ਆਦਮੀ ਪਾਰਟੀ ਵੱਲੋਂ ਦਿੱਲੀ ਵਿੱਚ ਪ੍ਰੈਸ ਕਾਨਫਰੰਸ ਕਰਕੇ ਭਾਰਤ ਦੇ ਵਿੱਤ ਮੰਤਰੀ ਅਰੁਣ ਜੇਤਲੀ ਖਿਲਾਫ ਅਰੋਪ ਲਗਾਇਆ ਕਿ ਅਰੁਣ ਜੇਤਲੀ ਦੀ ਪ੍ਰਧਾਨਗੀ ਹੇਠ ਡੀਡੀਸੀਏ ਵਿੱਚ ਕਰੋੜਾ ਦਾ ਘਪਲਾ ਹੋਇਆ ਹੈ ਜਿਸ ਦੀ ਜਿੰਮੇਵਾਰੀ ਕਬੂਲਦੇ ਹੋਏ ਉਹ ਆਪਣੇ ਮੰਤਰੀ ਪਦ ਤੋਂ ਅਸਤੀਫਾ ਦੇਣ।

ਜਿਕਰਯੋਗ ਹੈ ਕਿ ਅਰੁਣ ਜੇਤਲੀ 1999 ਤੋਂ 2013 ਤੱਕ ਦਿੱਲੀ ਅਤੇ ਜਿਲ੍ਹਾ ਕ੍ਰਿਕੇਟ ਐਸੋਸੀਏਸ਼ਨ ਦੇ ਪ੍ਰਧਾਨ ਰਹੇ ਹਨ।ਆਪ ਦਾ ਅਰੋਪ ਹੈ ਕਿ ਅਰੁਣ ਜੇਤਲੀ ਦੇ ਕਾਰਜਕਾਲ ਦੌਰਾਨ ਸਟੇਡੀਅਮ ਦੇ ਨਿਰਮਾਣ ਲਈ ਕੁੱਲ 24 ਕਰੋੜ ਦਾ ਬਜਟ ਸੀ, ਪਰ ਇਸ ਸਟੇਡੀਅਮ ਦੇ ਨਿਰਮਾਣ ਤੇ 114 ਕਰੋੜ ਰੁਪਏ ਖਰਚੇ ਗਏ। ਆਪ ਦਾ ਅਰੋਪ ਹੈ ਕਿ ਇਸ ਨਿਰਮਾਣ ਵਿੱਚ ਵੱਡਾ ਘਪਲਾ ਹੋਇਆ ਤੇ ਇਸ ਗੱਲ ਦੀ ਜਾਂਚ ਹੋਣੀ ਚਾਹੀਦੀ ਹੈ ਕਿ ਬਾਕੀ ਦੇ 90 ਕਰੋੜ ਰੁਪਏ ਕਿੱਥੇ ਗਏ?
ਆਮ ਆਦਮੀ ਪਾਰਟੀ ਨੇ ਅਰੋਪ ਲਗਾਇਆ ਕਿ ਡੀਡੀਸੀਏ ਵਿੱਚ ਪੈਸੇ ਦੇ ਲੈਣ ਦੇਣ ਵਿੱਚ ਵੱਡੇ ਘਪਲੇ ਸਾਹਮਣੇ ਆਏ ਹਨ।ਉਨ੍ਹਾਂ ਕਿਹਾ ਕਿ ਜਿਨ੍ਹਾਂ 9 ਕੰਪਨੀਆਂ ਨੂੰ ਡੀਡੀਸੀਏ ਨੇਂ ਵੱਡੀ ਰਕਮ ਦਾ ਭੁਗਤਾਨ ਕੀਤਾ ਉਨ੍ਹਾਂ ਵਿੱਚੋਂ ਪੰਜ ਕੰਪਨੀਆਂ ਦਾ ਨਿਰਦੇਸ਼ਕ ਇੱਕ ਹੀ ਹੈ ਤੇ ਉਨ੍ਹਾਂ ਪੰਜ ਕੰਪਨੀਆਂ ਦੀ ਈ-ਮੇਲ ਅਤੇ ਪਤਾ ਵੀ ਇੱਕ ਹੀ ਹੈ।ਜਿਸ ਤੋਂ ਸਾਫ ਹੈ ਕਿ ਡੀਡੀਸੀਏ ਦਾ ਪੈਸਾ ਗਲਤ ਢੰਗ ਨਾਲ ਕੁਝ ਖਾਸ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ।
ਆਪ ਨੇ ਕਿਹਾ ਕਿ ਡੀਡੀਸੀਏ ਨੇ 2 ਕੰਪਨੀਆਂ ਨੂੰ ਵੱਡੀ ਰਕਮ ਉਸ ਕੰਮ ਲਈ ਦਿੱਤੀ ਜੋ ਕਿ ਪਹਿਲਾਂ ਹੀ ਹੋ ਚੁੱਕਿਆ ਸੀ।ਆਮ ਆਦਮੀ ਪਾਰਟੀ ਨੇ ਪ੍ਰਸ਼ਾਸਨਿਕ ਢਾਂਚੇ ਵਿੱਚ ਅਤੇ ਚੋਣ ਵਿੱਚ ਹੁੰਦੀ ਘਪਲੇਬਾਜੀ ਦਾ ਅਰੋਪ ਵੀ ਲਗਾਇਆ।
ਆਪ ਵੱਲੋਂ ਇਨ੍ਹਾਂ ਅਰੋਪਾਂ ਨੂੰ ਸਾਬਿਤ ਕਰਨ ਲਈ ਕੁਝ ਰਿਪੋਰਟਾਂ ਦਾ ਹਵਾਲਾ ਦਿੱਤਾ ਗਿਆ ਹੈ।
ਆਮ ਆਦਮੀ ਪਾਰਟੀ ਦੇ ਆਗੂਆਂ ਨੇ ਕਿਹਾ ਕਿ ਮਨਮੋਹਣ ਸਿੰਘ ਦੇ ਕਾਰਜਕਾਲ ਦੌਰਾਨ ਭਾਜਪਾ ਨੇ ਕਿਹਾ ਸੀ ਕਿ ਘਪਲੇਬਾਜੀ ਲਈ ਸਮੂਹਿਕ ਜਿੰਮੇਵਾਰੀ ਹੁੰਦੀ ਹੈ ਇਸ ਲਈ ਅਰੁਣ ਜੇਤਲੀ ਦੀ ਪ੍ਰਧਾਨਗੀ ਹੇਠ ਹੋਏ ਇਨ੍ਹਾਂ ਘਪਲਿਆਂ ਦੇ ਸਾਹਮਣੇ ਆਉਣ ਤੋਂ ਬਾਅਦ ਅਰੁਣ ਜੇਤਲੀ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਤਾਂ ਕਿ ਇਸ ਮਸਲੇ ਵਿੱਚ ਨਿਰਪੱਖ ਜਾਂਚ ਹੋ ਸਕੇ।