ਚੰਡੀਗੜ (31 ਮਾਰਚ 2016): ਆਮ ਆਦਮੀ ਪਾਰਟੀ ਨੇ ਲਿਖਤੀ ਬਿਆਨ ਜਾਰੀ ਕਰਦਿਆਂ ਕਿਹਾ ਕਿ ਹੱਫਪੋਸਟ-ਸੀਵੋਟਰ ਸਰਵੇ ਅਨੁਸਾਰ ਆਮ ਆਦਮੀ ਪਾਰਟੀ (ਆਪ) ਸਾਲ 2017 ਦੇ ਸ਼ੁਰੂ ਵਿਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਕੁਲ 117 ਵਿਚੋਂ 100 ਸੀਟਾਂ ਜਿੱਤ ਕੇ ਸਰਕਾਰ ਬਣਾਵੇਗੀ। ਹੱਫਪੋਸਟ-ਸੀਵੋਟਰ ਸਰਵੇ ਅਨੁਸਾਰ ਆਮ ਆਦਮੀ ਪਾਰਟੀ (ਆਪ) ਸਾਲ 2017 ਦੇ ਸ਼ੁਰੂ ਵਿਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਕੁਲ 117 ਵਿਚੋਂ 100 ਸੀਟਾਂ ਜਿੱਤ ਕੇ ਸਰਕਾਰ ਬਣਾਵੇਗੀ।

ਜਾਰੀ ਕੀਤਾ ਗਿਆ ਬਿਆਨ:
ਸਰਵੇ ਅਨੁਸਾਰ ਆਏ ਅੰਕੜੇ ਆਮ ਆਦਮੀ ਪਾਰਟੀ ਦੇ ਲੀਡਰਾਂ ਅਤੇ ਵਰਕਰਾਂ ਲਈ ਇਕ ਬਹੁਤ ਹੀ ਖੁਸ਼ੀ ਦੀ ਖਬਰ ਹੈ। ਜਦੋਂਕਿ ਕਾਂਗਰਸ, ਭਾਰਤੀ ਜਨਤਾ ਪਾਰਟੀ- ਸ੍ਰੋਮਣੀ ਅਕਾਲੀ ਦਲ ਇਸ ਸਰਵੇ ਤੋਂ ਬਾਅਦ ਭਵਿੱਖ ਲਈ ਚਿੰਤਤ ਹੋਣਗੇ।
ਫਰਵਰੀ 2016 ਵਿਚ ਕੀਤੇ ਗਏ ਇਸ ਸਰਵੇ ਅਨੁਸਾਰ ਪੰਜਾਬ ਦੇ ਵਸਨੀਕ ਆਮ ਆਦਮੀ ਪਾਰਟੀ ਵਿਚ ਆਪਣਾ ਪੂਰਾ ਵਿਸ਼ਵਾਸ਼ ਪ੍ਰਗਟਾ ਰਹੇ ਹਨ। ਇਹ ਅੰਕੜੇ ਅਪ੍ਰੈਲ 2015 ਵਿੱਚ ਕੀਤੇ ਸਰਵੇ ਨਾਲੋਂ ਵੀ ਵੱਧ ਸੀਟਾਂ ਆਮ ਆਦਮੀ ਪਾਰਟੀ ਨੂੰ ਦੇ ਰਹੇ ਹਨ। 2015 ਵਿਚ ਕੀਤੇ ਸਰਵੇ ਅਨੁਸਾਰ ਆਮ ਆਦਮੀ ਪਾਰਟੀ 83 ਤੋਂ 89 ਸੀਟਾਂ ਜਿੱਤ ਰਹੀ ਸੀ ਜਦਕਿ ਤਾਜੇ ਸਰਵੇ ਅਨੁਸਾਰ ਇਹ ਅੰਕੜਾ 94 ਤੋਂ 100 ਸੀਟਾਂ ਤੱਕ ਪਹੁੰਚ ਚੁੱਕਾ ਹੈ।
ਹੱਫਪੋਸਟ-ਸੀਵੋਟਰ ਦੇ ਸੰਸਥਾਪਕ ਯਸ਼ਵੰਤ ਦੇਸ਼ਮੁਖ ਦੇ ਅਨੁਸਾਰ ‘ਇਸ ਵਿਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿਉਂਕਿ ਪੰਜਾਬ ਦੇ ਲੋਕ 2013-14 ਤੋਂ ਹੀ ਆਪ ਦੇ ਹੱਕ ਵਿਚ ਆਪਣੀ ਦਿਲਚਸਪੀ ਦਿਖਾ ਰਹੇ ਸਨ ਅਤੇ ਇਹ ਹੁਣ ਪਹਿਲਾਂ ਨਾਲੋਂ ਵਧੀ ਹੈ’
ਸਰਵੇ ਅਨੁਸਾਰ ਪੰਜਾਬ ਕਾਂਗਰਸ 8 ਤੋਂ 14 ਸੀਟਾਂ ਨਾਲ ਦੂਸਰੇ ਨੰਬਰ, ਜਦਕਿ ਅਕਾਲੀ-ਭਾਜਪਾ 6 ਤੋਂ 12 ਸੀਟਾਂ ਨਾਲ ਤੀਸਰੇ ਨੰਬਰ ਤੇ ਆ ਰਹੀ ਹੈ। 2015 ਵਿਚ ਕਾਂਗਰਸ ਦੀਆਂ ਸੀਟਾਂ ਦੀ ਗਿਣਤੀ 12 ਤੋਂ 18 ਜਦਕਿ ਅਕਾਲੀ-ਭਾਜਪਾ ਦੀਆਂ ਸੀਟਾਂ ਦੀ ਗਿਣਤੀ 13 ਤੋਂ 19 ਸੀ।
78 ਪ੍ਰਤੀਸ਼ਤ ਲੋਕਾਂ ਨੇ ਕਿਹਾ ਕਿ ਉਹ ਪੰਜਾਬ ਵਿਚ ਬਦਲਾਵ ਚਾਹੁੰਦੇ ਹਨ, ਜਿਸਤੋਂ ਪੰਜਾਬੀਆਂ ਦਾ ਮੌਜੂਦਾ ਸਰਕਾਰ ਪ੍ਰਤੀ ਰੋਹ ਸਾਫ ਝਲਕਦਾ ਹੈ। ਸਰਵੇ ਵਿਚ ਬੇਰੋਜਗਾਰੀ, ਨਸ਼ੇ ਅਤੇ ਭ੍ਰਿਸ਼ਟਾਚਾਰ ਤਿੰਨ ਮੁੱਖ ਮੁੱਦੇ ਉਭਰ ਕੇ ਆਏ ਹਨ।
51 ਪ੍ਰਤੀਸ਼ਤ ਲੋਕ ਕੈਪਟਨ ਅਮਰਿੰਦਰ ਸਿੰਘ ਨਾਲੋਂ ਅਰਵਿੰਦ ਕੇਜਰੀਵਾਲ ਨੂੰ ਪੰਜਾਬ ਦੇ ਮੁੱਖ ਮੰਤਰੀ ਵਜੋਂ ਵੇਖਣਾ ਚਾਹੁੰਦੇ ਹਨ, ਜਿਕਰਯੋਗ ਹੈ ਕਿ ਅਮਰਿੰਦਰ ਸਿੰਘ 2002 ਤੋਂ 2007 ਤੱਕ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ ਅਤੇ 2017 ਚੋਣਾਂ ਵਿਚ ਕਾਂਗਰਸ ਦੀ ਮੁੱਖ ਮੰਤਰੀ ਦੇ ਅਹੁਦੇ ਦੇ ਦਾਅਵੇਦਾਰ ਹਨ। ਲੋਕਾਂ ਨੇ ਅਰਵਿੰਦ ਕੇਜਰੀਵਾਲ ਦੇ ਮੁਕਾਬਲੇ ਸੁਖਬੀਰ ਬਾਦਲ ਨੂੰ ਵੀ ਸਿਰੇ ਤੋਂ ਨਕਾਰਿਆ ਹੈ।
ਸਰਵੇ ਸੰਬੰਧੀ ਬੋਲਦਿਆਂ ਆਮ ਆਦਮੀ ਪਾਰਟੀ ਦੇ ਸੂਬਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਕਿਹਾ ਕਿ ” ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਦਿੱਲੀ ਵਰਗਾ ਫਤਵਾ ਦੇਣ ਲਈ ਉਤਾਵਲੇ ਹਨ। ਇਹ ਸਰਵੇ ਲੋਕਾਂ ਦੀਆਂ ਭਾਵਨਾਵਾਂ ਨੂੰ ਉਜਾਗਰ ਕਰਦਾ ਹੈ ਕਿ ਆਪ ਪੰਜਾਬ ਵਿਚ ਵੱਡੀ ਜਿੱਤ ਪ੍ਰਾਪਤ ਕਰਦੇ ਹੋਏ ਸਰਕਾਰ ਦਾ ਨਿਰਮਾਣ ਕਰੇਗੀ।”
ਇਸ ਖਬਰ ਨੂੰ ਅੰਗਰੇਜ਼ੀ ਵਿੱਚ ਪੜ੍ਹਨ ਲਈ ਵੇਖੋ:
HuffPost-CVoter survey shows AAP to win 100 seats in Punjab: Sucha Singh Chhotepur
”ਜਨਵਰੀ ਮਹੀਨੇ ਵਿਚ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਈ ਮਾਘੀ ਮੇਲੇ ਦੀ ਰੈਲੀ ਅਤੇ ਉਸ ਤੋਂ ਉਪਰੰਤ ਅਨੰਦਪੁਰ ਸਾਹਿਬ ਵਿਖੇ ਹੋਲੇ ਮਹੋਲੇ ਦੌਰਾਨ ਸੰਗਤਾ ਦਾ ਉਤਸ਼ਾਹ ਇਸ ਗੱਲ ਦੀ ਸਾਫ ਝਲਕ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਵਿਚ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਹੈ ਅਤੇ 2017 ਦੀਆਂ ਚੋਣਾਂ ਵਿਚ ਆਮ ਲੋਕਾਂ ਦੀ ਜਿੱਤ ਹੋਵੇਗੀ। ” ‘ਆਪ’ ਦੀ ਚੋਣ ਮੁਹਿਮ ਕਮੇਟੀ ਦੇ ਮੁੱਖ ਅਤੇ ਸੰਗਰੂਰ ਦੇ ਸੰਸਦ ਭਗਵੰਤ ਮਾਨ ਨੇ ਕਿਹਾ।