ਵੈਨਕੂਵਰ (8 ਨਵੰਬਰ, 2014): ਵਿਦੇਸ਼ਾਂ ਵਿੱਚ ਬੈਠੇ ਸਿੱਖਾਂ ਨੇ ਸੰਸਾਰ ਦੇ ਹਰ ਖੇਤਰ ਵਿੱਚ ਵੱਡੀਆਂ ਪੁਲਾਗਾਂ ਪੁੱਟਕੇ ਵੱਡੀਆਂ ਮੰਜ਼ਿਲਾਂ ਨੂੰ ਸਰ ਕੀਤਾ ਅਤੇ ਸਿੱਖ ਕੌਮ ਦਾ ਮਾਣ ਵਧਾਇਆ ਹੈ। ਕੈਨੇਡਾ ਦੀ ਜੰਮਪਲ ਸਿੱਖ ਖਿਡਾਰਨ ਹਰਲੀਨ ਕੌਰ ਸਿੱਧੂ ਨੂੰ ਦੇਸ਼ ਦੀਆਂ ਯੂਨੀਵਰਸਿਟੀਆਂ ਦੇ ਹੋਏ ਬਾਸਕਿਟਬਾਲ ਮੈਚਾਂ ਦੌਰਾਨ ਸਰਬੋਤਮ ਖਿਡਾਰਨ ਐਲਾਨਿਆਂ ਗਿਆ ਹੈ।

6 ਫੁੱਟ 1 ਇੰਚ ਲੰਮੀ ਉੱਚੀ ਹਰਲੀਨ ਨੇ ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ ਦੀ ਥੰਡਰ ਵਰਡਜ਼ ਵੂਮੈਨ ਬਾਸਕਿਟਬਾਲ ਲਈ ਖੇਡਦਿਆਂ ਸ਼ਾਨਦਾਰ ਪ੍ਰਦਰਸ਼ਨ ਕੀਤਾ।
ਉਸ ਨੇ ਟੂਰਨਾਮੈਂਟ ‘ਚ ਯੌਰਕ ਯੂਨੀਵਰਸਿਟੀ ਖਿਲਾਫ਼ 19 ਅੰਕ ਲੈ ਕੇ ਜਿੱਤ ਦਿਵਾਈ, ਜਦਕਿ ਟੋਰਾਂਟੋ ਅਤੇ ਸੈਸਕੈਚਵਨ ਯੂਨੀਵਰਸਿਟੀਆਂ ਦੀਆਂ ਟੀਮਾਂ ‘ਤੇ ਵੀ ਜਿੱਤਾਂ ਦਰਜ ਕੀਤੀਆਂ।
ਪੰਜਾਬ ਤੋਂ ਜ਼ਿਲ੍ਹਾ ਕਪੂਰਥਲਾ ‘ਚ ਪੈਂਦੇ ਪਿੰਡ ਖੁਸਰੋਪੁਰ ਦੇ ਉੱਘੇ ਸਿੱਖ ਆਗੂ ਤੇ ਸਰੀ ਤੋਂ ਛਪਦੇ ਇਕ ਹਫ਼ਤਾਰੀ ਪੰਜਾਬੀ ਅਖ਼ਬਾਰ ਦੇ ਬਾਨੀ ਸ: ਜੋਗਿੰਦਰ ਸਿੰਘ ਸਿੱਧੂ ਦੀ ਪੋਤਰੀ ਹਰਲੀਨ ਕੌਰ ਨੇ ਮੁਢਲੀ ਸਿੱਖਿਆ ਖ਼ਾਲਸਾ ਸਕੂਲ ਤੋਂ ਪ੍ਰਾਪਤ ਕੀਤੀ।
ਹਰਲੀਨ ਕੌਰ ਨੇ ਪਿਤਾ ਜਗਜੀਤ ਸਿੰਘ ਸਿੱਧੂ ਦੀ ਅਗਵਾਈ ‘ਚ ਬਾਸਕਿਟਬਾਲ ਖੇਡ ਵਿਚ ਅਨੇਕਾਂ ਜਿੱਤਾਂ ਹਾਸਿਲ ਕੀਤੀਆਂ। ਹਰਲੀਨ ਕੌਰ ਸਿੱਧੂ ਦੇ ਕੈਨੇਡਾ ‘ਚ ‘ਮੋਸਟ ਵੈਲੂਏਵਲ ਪਲੇਅਰ’ ਐਲਾਨੇ ਜਾਣ ‘ਤੇ ਪੰਜਾਬੀ ਭਾਈਚਾਰੇ ਦਾ ਸਿਰ ਉੱਚਾ ਹੋਇਆ ਹੈ।