ਬਿ੍ਸਬੇਨ (8 ਨਵੰਬਰ, 2014): ਸਿੱਖ ਕੌਮ ਆਪਣੀ ਮਿਹਨਤ ਅਤੇ ਕਾਬਲੀਅਤ ਸਦਕਾ ਸੰਸਾਰ ਦੇ ਹਰ ਮੁਲਕ ਵਿੱਚ ਆਪਣੀ ਵਿਸ਼ੇਸ਼ ਥਾਂ ਬਣਾਈ ਹੋਈ ਹੈ, ਪਰ ਆਪਣੀ ਵੱਖਰੀ ਪਛਾਣ, ਵੱਖਰੀ ਪੁਸ਼ਾਕ ਵੱਖਰੀ ਤਰਜ਼ੇ ਜ਼ਿੰਦਗੀ ਸਦਕਾ ਉਨ੍ਹਾਂ ਨੂੰ ਕਈ ਮੂਸ਼ਕਲਾਂ ਦਾ ਸਾਹਮਣਾ ਕਰਨਾ ਪੈਦਾ ਹੈ।

ਇਨ੍ਹਾਂ ਵਿਚੋਂ ਸਭ ਤੋਂ ਜਿਆਦਾ ਮੁਸ਼ਕਲ ਹੈ ਉਹ ਸਿੱਖ ਦਸਤਾਰ ਸਬੰਧੀ ਹੈ। ਵੱਖ-ਵੱਖ ਮੁਲਕਾਂ ਵਿੱਚ ਵੱਖ ਸੀਭਆਚਾਰ ਅਤੇ ਜੀਵਨ ਜਾਂਚ ਹੋਣ ਕਰਕੇ ਉੱਥੋਂ ਦੇ ਕਾਨੂੰਨ ਵੀ ਵੱਖਰੇ ਹਨ, ਜਿਸ ਕਰਕੇ ਸਿੱਖਾਂ ਨੂੰ ਦਸਤਾਰ ਸਬੰਧੀ ਇਨ੍ਹਾਂ ਦੇਸ਼ਾਂ ਵਿੱਚ ਕਾਨੂੰਨੀ ਪਾਬੰਧੀਆਂ ਦਾ ਸਾਹਮਣਾ ਕਰਨਾ ਪੈਦਾਂ ਹੈ, ਪਰ ਫਿਰ ਵੱਖ-ਵੱਖ ਦੇਸ਼ਾਂ ਵਿੱਚ ਸਿੱਖ ਹਜ਼ਾਰਾਂ ਔਕੜਾਂ ਦੇ ਬਾਵਜੂਦ ਦਸਤਾਰ ਦੀ ਸ਼ਾਨ ਬਰਕਰਾਰ ਰੱਖ ਰਹੇ ਹਨ।
ਆਸਟ੍ਰੇਲੀਆ ਦੇ ਪ੍ਰਾਂਤ ਕੁਈਨਜ਼ਲੈਂਡ ਦੇ ਉੱਤਰ ‘ਚ ਸਥਿਤ ਕਸਬੇ ਟਾਊਨਸਵੇਲ ਦੀ ਅਦਾਲਤ ਵਿਚ ਹੋਏ ਫ਼ੈਸਲੇ ‘ਚ ਦਸਤਾਰ ਬੰਨ੍ਹ ਕੇ ਮੋਟਰਸਾਈਕਲ ਚਲਾਉਣ ਵਾਲੇ ਸਿੱਖ ਨੂੰ ਜੱਜ ਨੇ ਜੁਰਮਾਨੇ ਤੋਂ ਛੋਟ ਦਿੱਤੀ ਹੈ।
ਪਿਛਲੇ ਸਾਲ ਨਵੰਬਰ ‘ਚ ਭੁਪਿੰਦਰ ਸਿੰਘ ਉਮਰ 32 ਸਾਲ ਨੂੰ ਹੈਲਮਟ ਤੋਂ ਬਗੈਰ ਮੋਟਰਸਾਈਕਲ ਚਲਾਉਣ ਕਰਕੇ 18000 ਦਾ ਜੁਰਮਾਨਾ ਕੀਤਾ ਗਿਆ ਸੀ। ਇਸ ਦੇ ਵਿਰੁੱਧ ਭੁਪਿੰਦਰ ਸਿੰਘ ਨੇ ਇਸ ਨੂੰ ਅਦਾਲਤ ਵਿਚ ਚੁਣੌਤੀ ਦਿੱਤੀ ਸੀ ਅਤੇ ਦੱ ਸਿਆ ਸੀ ਕਿ ਉਹ ਸਿੱਖ ਧਰਮ ਦੇ ਅਸੂਲਾਂ/ਸਿਧਾਤਾਂ ਅਨੁਸਾਰ ਦਸਤਾਰ ‘ਤੇ ਮੋਟਰਸਾਈਕਲ ਵਾਲੀ ਹੈਲਮਟ ਨਹੀਂ ਪਾ ਸਕਦਾ।
ਜੱਜ ਨੇ ਉਸ ਦੀ ਦਲੀਲ ਨੂੰ ਮੰਨਦੇ ਹੋਏ ਜੁਰਮਾਨਾ ਮਾਫ਼ ਕਰ ਦਿੱਤਾ। ਕੁਈਨਜ਼ਲੈਂਡ ‘ਚ ਸਿਰਫ਼ ਸਾਈਕਲ ਚਲਾਉਣ ਵਾਲੇ ਹੀ ਪਗੜੀਧਾਰੀ ਨੂੰ ਹੈਲਮਟ ਤੋਂ ਛੋਟ ਹੈ । ਇਸ ਇਤਿਹਾਸਕ ਫ਼ੈਸਲੇ ਤੋਂ ਬਾਅਦ ਦਸਤਾਰ ਬੰਨ੍ਹ ਕੇ ਮੋਟਰਸਾਈਕਲ ਚਲਾਉਣ ਦੇ ਕਾਨੂੰਨੀ ਤੌਰ ‘ਤੇ ਪੱਕੀ ਖੁੱਲ੍ਹ ਮਿਲਣ ਲਈ ਸੰਭਾਵਨਾਵਾਂ ਵਧ ਗਈਆਂ ਹਨ।