ਅੰਮ੍ਰਿਤਸਰ ( 6 ਜੂਨ, 2015): ਅੱਜ ਸ਼੍ਰੀ ਅਕਾਲ ਤਖਤ ਸਾਹਿਬ ‘ਤੇ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਅਤੇ ਹੋਰ ਸ਼ਹੀਦ ਸਿੰਘਾਂ ਜਿੰਨ੍ਹਾਂ ਨੇ ਸ਼੍ਰੀ ਦਰਬਾਰ ਸਾਹਿਬ ‘ਤੇ ਭਾਰਤੀ ਫੌਜ ਵੱਲੋਂ 6 ਜੂਨ 1984 ਨੂੰ ਕੀਤੇ ਹਮਲੇ ਦੌਰਾਨ ਸ਼੍ਰੀ ਅਕਾਲ ਤਖਤ ਸਾਹਿਬ ਦੀ ਪਵਿੱਤਰਤਾ ਲਈ ਜੂਝਦਿਆਂ ਸ਼ਹੀਦੀਆਂ ਪ੍ਰਾਪਤ ਕੀਤੀਆਂ, ਦੀ ਯਾਦ ਵਿੱਚ ਸ਼ਹੀਦੀ ਸਮਾਗਮ ਕੀਤਾ ਗਿਆ।

ਸਿੱਖ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਸਿੱਖਾਂ ਨੇ ਅਜ਼ਾਦ ਸਿੱਖ ਰਾਜ (ਕੌਮੀ ਘਰ) ਦੀ ਮੰਗ ਨੂੰ ਫਿਰ ਦੁਹਰਾਇਆ।
ਇਸ ਮੌਕੇ ‘ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕੌਮ ਦੇ ਨਾਮ ਆਪਣਾ ਸੁਨੇਹਾ ਸੁਣਾਇਆ। ਸ਼੍ਰੀ ਅਕਾਲ ਤਖ਼ਤੇ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਸੁਨੇਹੇ ਖ਼ਤਮ ਕਰਨ ਦੇ ਤੁਰੰਤ ਬਾਅਦ ਉੱਥੇ ਮੌਜੂਦ ਸਿੱਖ ਸੰਗਤ ਨੇ ਖ਼ਾਲਿਸਤਾਨ ਜ਼ਿੰਦਾਬਾਦ ਦੀ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ, ਜਿਸਦੇ ਨਾਲ ਮਾਹੌਲ ਕਾਫ਼ੀ ਭਖ ਗਿਆ।

ਸਵਰੇ 7.15 ਵਜੇ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ, ਸ਼ਹੀਦ ਭਾਈ ਅਮਰੀਕ ਸਿੰਘ ਅਤੇ ਹੋਰ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਆਰੰਭ ਕੀਤੇ ਗਏ ਸ਼੍ਰੀ ਆਖੰਡ ਪਾਠ ਦੇ ਭੋਗ ਪਾਏ ਗਏ ਅਤੇ ਉਸਤੋਂ ਬਾਅਦ ਭਾਈ ਇੰਦਰਜੀਤ ਸਿੰਘ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਨੇ ਗੁਰਬਾਣੀ ਕੀਰਤਨ ਦੀ ਸੇਵਾ ਕੀਤੀ।
8 ਵਜੇ ਅਰਦਾਸ ਕੀਤੀ ਗਈ ਅਤੇ ਉਸਤੋਂ ਬਾਅਦ ਲਗਭਗ 8.15 ‘ਤੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਸ਼ਹੀਦ ਪਰਿਵਾਰਾਂ ਨੂੰ ਸਿਰਪੇ ਭੇਟ ਕੀਤੇ ਗਏ।

ਇਹ ਦੱਸਣਯੋਗ ਹੈ ਕਿ ਵੱਡੀ ਗਿਣਤੀ ਵਿੱਚ ਸਿੱਖ ਨੌਜਵਾਨਾਂ ਵੱਲੋਂ ਇਸ ਸਮੇਂ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਾਏ ਗਏ।ਵੱਖ ਵੱਖ ਸਿੱਖ ਜੱਥੇਬੰਦੀਆਂ ਦੇ ਆਗੂਆਂ ਨੇ ਇਸ ਸਮਾਗਮ ਦੌਰਾਨ ਹਾਜ਼ਰੀ ਭਰੀ।
ਸੰਗਤਾਂ ਨਾਲ ਵਿਚਾਰ ਸਾਂਝੇ ਕਰਦਿਆਂ ਜੱਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੇ ਕਿਹਾ ਕਿ” ਭਾਰਤੀ ਫੌਜ ਵੱਲੋ ਸ਼੍ਰੀ ਦਰਬਾਰ ਸਾਹਿਬ ‘ਤੇ ਕੀਤੇ ਗਏ ਹਮਲੇ ਦੀ ਪੀੜ ਕਦੇ ਖਤਮ ਨਹੀਂ ਹੋਵੇਗੀ। ਇਹ ਅਜਿਹਾ ਘੱਲੂਘਾਰਾ ਹੈ ਜਿਸ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ।
ਸਮੇਂ ਦੀਆਂ ਸਰਕਾਰਾਂ ਨੇ ਸ਼੍ਰੀ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖਤ ਦੀ ਸ਼ਾਨ ਨੂੰ ਮਲੀਆਮੇਟ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ, ਪਰ ਖਾਲਸੇ ਨੇ ਹਮੇਸ਼ਾਂ ਸਿੱਖ ਰਵਾਇਤਾਂ ‘ਤੇ ਪਹਿਰਾਂ ਦਿੰਦਿਆਂ ਅਜਿਹੀਆਂ ਸਰਕਾਰਾਂ ਦੇ ਦੰਦ ਖੱਟੇ ਕੀਤੇ।ਇਸ ਘੱਲੂਘਾਰੇ ਦੇ 31 ਸਾਲ ਬੀਤ ਜਾਣ ਦੇ ਬਾਵਜੂਦ ਵੀ ਇਸਦੀ ਪੀੜ ਸਿੱਖ ਮਨਾਂ ਵਿੱਚ ਜਿਉਂ ਦੀ ਤਿਉਂ ਕਾਇਮ ਹੈ।