ਅੰਮਿ੍ਤਸਰ (3 ਫਰਵਰੀ, 2016): ਬੀਤੇ ਦਿਨੀ ਸੰਯੁਕਤ ਅਰਬ ਅਮੀਰਾਤ ‘ਚ ਸਿੱਖ ਰਹਿਤ ਮਰਿਆਦਾ ਵਿੱਚ ਕੀਤੀ ਤਬਦੀਲੀ ਨੂੰ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋਈ ਇਕੱਤਰਤਾ ਵਿੱਚ ਗਿਆਨੀ ਗੁਰਬਚਨ ਸਿੰਘ ਨੇ ਸਿੱਖ ਵਿਦਵਾਨਾਂ ਤੇ ਪੰਥਕ ਜਥੇਬੰਦੀਆਂ ਦੇ ਮੁਖੀਆਂ ਦੀ ਸੱਦੀ ਬੈਠਕ ਦੌਰਾਨ ਅਜਿਹੀਆਂ ਕਾਰਵਾਈਆਂ ਨੂੰ ਅੰਜਾਮ ਦੇਣ ਵਾਲੇ ਲੋਕਾਂ ਨੂੰ ਸ਼ਰਾਰਤੀ ਦੱਸ ਕੇ ਸਿੱਖ ਸੰਗਤ ਨੂੰ ਉਨ੍ਹਾਂ ਤੋਂ ਸੁਚੇਤ ਰਹਿਣ ਦੀ ਸਲਾਹ ਦਿੱਤੀ ਹੈ।

ਗਿਆਨੀ ਮੱਲ੍ਹ ਸਿੰਘ ਤੇ ਗਿਆਨੀ ਗੁਰਮੁੱਖ ਸਿੰਘ ਸਮੇਤ ਹੋਰਾਂ ਨਾਲ ਵਿਚਾਰ ਮਗਰੋਂ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਪ੍ਰਵਾਨਿਤ ਸਿੱਖ ਰਹਿਤ ਮਰਯਾਦਾ ਤੇ ਪੰਥਕ ਪ੍ਰੰਪਰਾ ਦੀ ਉਲੰਘਣਾ ਕਰਦਿਆਂ ਕੁਝ ਪੰਥ ਦੋਖੀਆਂ ਵੱਲੋਂ ਅੰਮਿ੍ਤ ਸੰਚਾਰ ਕਰਨ ਵੇਲੇ ਮਨਮਰਜੀ ਕਰਕੇ ਸਿੱਖ ਸੰਗਤਾਂ ‘ਚ ਦੁਬਿਧਾ ਤੇ ਫੁੱਟ ਪਾਉਣ ਵਾਲੀ ਸਾਜਿਸ਼ ਰਚੀ ਗਈ ਸੀ, ਜਿਸ ਸਬੰਧੀ ਸਮੂਹ ਪੰਥਪ੍ਰਸਤਾਂ ਵੱਲੋਂ ਵਿਚਾਰ ਵਟਾਂਦਰੇ ਉਪਰੰਤ ਗੁਰੂ ਕਾਲ ਵੇਲੇ ਤੋਂ ਪ੍ਰਚਲਿਤ ਮਰਯਾਦਾ ‘ਤੇ ਮੁਕੰਮਲ ਪਹਿਰਾ ਦੇਣ ਤੇ ਕਿੰਤੂ-ਪ੍ਰੰਤੂ ਕਰਨ ਵਾਲਿਆਂ ਤੋਂ ਸੁਚੇਤ ਰਹਿਣ ਦੀ ਸਲਾਹ ਦਿੱਤੀ ਗਈ ਹੈ ।
ਬੈਠਕ ‘ਚ ਮੁੱਖ ਸਕੱਤਰ ਹਰਚਰਨ ਸਿੰਘ, ਗਿਆਨੀ ਜਸਵੰਤ ਸਿੰਘ ਕਥਾਵਾਚਕ, ਭਾਈ ਵਰਿਆਮ ਸਿੰਘ ਸਾਬਕਾ ਸਕੱਤਰ, ਪਿੰ: ਅਮਰਜੀਤ ਸਿੰਘ, ਬਾਬਾ ਸੁਰਜੀਤ ਸਿੰਘ ਪਟਿਆਲਾ, ਨਿਹੰਗ ਜੱਸਾ ਸਿੰਘ ਬੁੱਢਾ ਦਲ, ਭਾਈ ਹਰਸਿਮਰਨ ਸਿੰਘ ਅਨੰਦਪੁਰ ਸਾਹਿਬ, ਗਿਆਨੀ ਪਰਵਿੰਦਰਪਾਲ ਸਿੰਘ ਬੁੱਟਰ, ਭਾਈ ਬੋਹੜ ਸਿੰਘ, ਭਾਈ ਰਾਮ ਸਿੰਘ ਕੁਲਾਰ ਆਦਿ ਨੇ ਸ਼ਮੂਲੀਅਤ ਕੀਤੀ ।
ਭਾਵੇਂ ਸ੍ਰੀ ਅਕਾਲ ਤਖਤ ਸਾਹਿਬ ਸਕੱਤਰੇਤ ਵੱਲੋਂ ਦਮਦਮੀ ਟਕਸਾਲ ਦੇ ਬਾਬਾ ਹਰਨਾਮ ਸਿੰਘ ਖ਼ਾਲਸਾ, ਨਿਹੰਗ ਸਿੰਘ ਜਥੇਬੰਦੀ ਦੇ ਬਾਬਾ ਬਲਬੀਰ ਸਿੰਘ ਬੁੱਢਾ ਦਲ, ਭਾਈ ਪ੍ਰਤਾਪ ਸਿੰਘ ਸਟੱਡੀ ਸਰਕਲ ਆਦਿ ਦੇ ਨਾਂਅ ਵੀ ਸ਼ਾਮਿਲ ਹੋਈਆਂ ਸਖਸ਼ੀਅਤਾਂ ‘ਚ ਲਿਖ ਭੇਜੇ ਸਨ, ਪਰ ਉਕਤ ਸਖਸ਼ੀਅਤਾਂ ਸ਼ਾਮਿਲ ਨਹੀਂ ਹੋਈਆਂ ।