ਚੰਡੀਗੜ੍ ( 12 ਨਵੰਬਰ, 2014): ਪਿੱਛਲ਼ੀਆਂ ਲੋਕ ਸਭਾ ਚੋਣਾਂ ਅਤੇ ਉਸਤੋਂ ਬਾਅਦ ਹਰਿਆਣਾ ਵਿੱਚ ਭਜਾਪ ਨੂੰ ਮਿਲੀ ਬੇਮਿਸਾਲ ਸਫਲਤਾ ਨੇ ਪੰਜਾਬ ਨਾਲ ਸਬੰਧਿਤ ਭਾਜਪਾ ਦੇ ਆਗੂਆਂ ਦੇ ਦਿਮਾਗ ਸੱਤਵੇਂ ਅਸਮਾਨ ‘ਤੇ ਚੜਾਏ ਹੋਏ ਹਨ ਅਤੇ ਉਹ ਪੰਜਾਬ ਦੀ ਅਕਾਲੀ ਲੀਡਰਸਿਫ ਖਿਲਾਫ ਬਿਆਨ ਬਾਜ਼ੀ ਕਰਨ ਲਈ ਮੌਕੇ ਦੀ ਹਮੇਸ਼ਾਂ ਬਾਲ ਵਿੱਚ ਰਹਿੰਦੇ ਹਨ। ਪੰਜਾਬ ਬਾਜਪਾ ਦੇ ਆਗੂਆਂ ਦੀ ਬਾਦਲ ਦਲ ਖਿਲਾਫ ਬਿਆਨਬਾਜ਼ੀ ਤੋਂ ਪ੍ਰੇਸ਼ਾਨ ਬਾਦਲ ਦਲ ਨੇ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਸੱਦਣ ਦਾ ਫੈਸਲਾ ਕੀਤਾ ਹੈ।
ਬਾਦਲ ਦਲ ਨੇ 14 ਨਵੰਬਰ ਨੂੰ ਹੰਗਾਮੀ ਮੀਟਿੰਗ ਸੱਦ ਲਈ ਹੈ। ਇਸੇ ਦਿਨ ਪਰਟੀ ਦੇ ਸਰਪ੍ਰਸਤ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਚੀਨ ਦੇ ਦੌਰੇ ਤੋਂ ਪਰਤ ਰਹੇ ਹਨ।
14 ਮੈਂਬਰੀ ਕੋਰ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕਰਨਗੇ ਤੇ ਇਹ ਮੁੱਦਾ ਵਿਚਾਰਿਆ ਜਾਏਗਾ ਕਿ ਭਾਜਪਾ ਸਰਕਾਰ ਵੱਲੋਂ ਕੀਤੇ ਜਾ ਰਹੇ ਚੰਗੇ ਕੰਮਾਂ ਦਾ ਤਾਂ ਲਾਹਾ ਲੈ ਰਹੀ ਹੈ ਪਰ ਜੇ ਕੁਝ ਠੀਕ ਨਹੀਂ ਹੁੰਦਾ ਤਾਂ ਉਸ ਦੇ ਲਈ ਦੋਸ਼ ਅਕਾਲੀ ਦਲ ਸਿਰ ਮੜ ਰਹੀ ਹੈ। ਭਾਜਪਾ ਖਾਸ ਤੌਰ ’ਤੇ ਮੁੱਖ ਮੰਤਰੀ ਤੇ ਡਿਪਟੀ ਮੁੱਖ ਮੰਤਰੀ ਨੂੰ ਨਿਸ਼ਾਨਾ ਬਣਾਉਂਦੀ ਆ ਰਹੀ ਹੈ।
ਕੋਰ ਕਮੇਟੀ, ਭਾਜਪਾ ਸੂਬਾ ਇਕਾਈ ਦੇ ਆਗੂਆਂ ਨਾਲ ਨਜਿੱਠਣ ਦੀ ਰਣਨੀਤੀ ’ਤੇ ਵੀ ਗੱਲਬਾਤ ਕਰੇਗੀ, ਜੋ ਹੁਣ ਸ਼ਰੇਆਮ ਪਾਰਟੀ ਲੀਡਰਸ਼ਿਪ ’ਤੇ ਕਿੰਤੂ-ਪ੍ਰੰਤੂ ਕਰ ਰਹੇ ਹਨ, ਹਾਲਾਂਕਿ ਅਹਿਮ ਨੀਤੀਆਂ ਬਾਰੇ ਸਰਕਾਰ ਦੇ ਫੈਸਲਿਆਂ ਵਿੱਚ ਉਹ ਧਿਰ ਹੁੰਦੇ ਹਨ।
ਦਲ ਦੇ ਸੂਤਰਾਂ ਨੇ ਦੱਸਿਆ ਕਿ ਮੁੱਖ ਮੰਤਰੀ ਪਾਰਟੀ ਨੂੰ ਪਹਿਲਾਂ ਹੀ ਦੱਸ ਚੁੱਕੇ ਹਨ ਕਿ ਭਾਜਪਾ ਨਾਲ ਗਠਜੋੜ ਜਾਰੀ ਰਹੇਗਾ ਪਰ ਕੋਰ ਕਮੇਟੀ ਨੂੰ ਪਾਰਟੀ ਕੇਡਰ ਤੋਂ ਭਾਜਪਾ ਆਗੂਆਂ ਵਿਰੁੱਧ ਬੇਹਿਸਾਬੀਆਂ ਸ਼ਿਕਾਇਤਾਂ ਤੇ ਰੋਸੇ ਮਿਲੇ ਹਨ, ਜੋ ਗਵਰਨੈਂਸ ਦੀ ਜ਼ਿੰਮੇਵਾਰੀ ਲੈਣ ਤੋਂ ਲਗਾਤਾਰ ਇਨਕਾਰੀ ਹਨ ਤੇ ਸਰਕਾਰ ਦੇ ਸਹੀ ਸਿੱਧ ਨਾ ਹੋਏ ਫੈਸਲਿਆਂ ਲਈ ਅਕਾਲੀ ਦਲ ਸਿਰ ਦੋਸ਼ ਮੜ ਰਹੇ ਹਨ।
ਅਕਾਲੀ ਆਗੂਆਂ ਨੇ 1970 ਦੀਆਂ ਜਨਸੰਘ ਨਾਲ ਰਲ ਕੇ ਲੜੀਆਂ ਚੋਣਾਂ ਤੇ 1997 ’ਚ ਭਾਜਪਾ ਨਾਲ ਚੋਣਾਂ ਲੜ ਕੇ ਬਹੁਮਤ ਲੈਣ ਦੇ ਹਵਾਲੇ ਦਿੰਦਿਆਂ ਦਾਅਵਾ ਕੀਤਾ ਕਿ ਉਨ੍ਹਾਂ ਨੇ ਕਦੇ ਭਾਜਪਾ ’ਤੇ ਹੁਕਮ ਨਹੀਂ ਚਲਾਇਆ ਤੇ ਪਾਰਟੀ ਦੇ ਆਗੂਆਂ ਨੂੰ ਭਾਈਵਾਲ ਮੰਨ ਕੇ ਉਨ੍ਹਾਂ ਦਾ ਸਤਿਕਾਰ ਕੀਤਾ ਹੈ ਪਰ ਹੁਣ ਅਕਾਲੀ ਦਲ ਦਾ ਕੇਡਰ ਭਾਜਪਾ ਆਗੂਆਂ ਦੇ ਵਤੀਰੇ ਵਿਰੁੱਧ ਲਗਾਤਾਰ ਪ੍ਰਤੀਕਿਰਿਆ ਕਰ ਰਿਹਾ ਹੈ।
ਕੋਰ ਕਮੇਟੀ ਦੇ ਇਕ ਸੀਨੀਅਰ ਮੈਂਬਰ ਨੇ ਨਾਮ ਨਾ ਛਾਪੇ ਜਾਣ ਦੀ ਸ਼ਰਤ ’ਤੇ ਦੱਸਿਆ ਕਿ ਪਾਰਟੀ ਦੇ ਸਰਪ੍ਰਸਤ ਤੇ ਪ੍ਰਧਾਨ ਨਾਲ ਇਹੋ ਮੁੱਦੇ ਵਿਚਾਰੇ ਜਾਣਗੇ।
ਅਗਲੇ ਮਹੀਨੇ ਹੋ ਰਹੀਆਂ ਲੋਕਲ ਬਾਡੀਜ਼ ਚੋਣਾਂ ’ਚ ਦੋਵੇਂ ਧਿਰਾਂ ’ਚ ਸੀਟਾਂ ਦੀ ਵੰਡ ਨੂੰ ਲੈ ਕੇ ਚੱਲ ਰਹੀ ਖਿੱਚੋਤਾਣ ਵੀ ਮੀਟਿੰਗ ’ਚ ਵਿਚਾਰੀ ਜਾਏਗੀ, ਕਿਉਂਕਿ ਭਾਜਪਾ ਹੁਣ ਇਸ ’ਚ ਵੀ ‘ਵੱਡਾ ਹਿੱਸਾ’ ਭਾਲ ਰਹੀ ਹੈ।