ਸਿਰਸਾ ( 12 ਨਵੰਬਰ, 2014): ਡੇਰਾ ਸੌਦਾ ਸਾਧ ਵੱਲੋਂ ਹਰਿਆਣਾ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਦੇ ਪੱਖ ’ਚ ਆਪਣੇ ਸ਼ਰਧਾਲੂਆਂ ਨੂੰ ਵੋਟਾਂ ਪਾਉਣ ਦੇ ਹੁਕਮਾਂ ਕਰਕੇ ਅੱਜ ਭਾਜਪਾ ਦੇ ਮੰਤਰੀ, ਵਿਧਾਇਕ ਅਤੇ ਹੋਰ ਆਗੂ ਸੌਦਾ ਸਾਧ ਗੁਰਮੀਤ ਰਾਮ ਰਹੀਮ ਨੂੰ ਮਿਲੇ ਅਤੇ ਹਮਾਇਤ ਦੇਣ ਲਈ ਉਨ੍ਹਾਂ ਦਾ ਧੰਨਵਾਦ ਕੀਤਾ।
ਇਸ ਦੌਰਾਨ ਭਾਜਪਾ ਪ੍ਰਦੇਸ਼ ਚੋਣ ਪ੍ਰਚਾਰ ਮੁਹਿੰਮ ਕਮੇਟੀ ਦੇ ਮੁਖੀ ਕੈਲਾਸ਼ ਵਿਜੈਵਰਗੀਅ ਵੀ ਹਾਜ਼ਰ ਸਨ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਵਿਜੈਵਰਗੀਅ ਨੇ ਪੱਤਰਕਾਰਾ ਵੱਲੋਂ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੀ ਜਿੱਤ ਨੂੰ ਸੋਦਾ ਸਾਧ ਦੀ ਜਿੱਤ ਹੋਣ ਦੇ ਦਾਅਵੇ ਦਾ ਖੰਡਨ ਕਰਦਿਆਂ ਗੋਮੋਲ ਸ਼ਬਦਾ ਵਿੱਚ ਕਿਹਾ ਕਿ ਜਿੱਤ ਤਾਂ ਆਖਰ ਜਿੱਤ ਹੈ।
ਪੰਜਾਬੀ ਟ੍ਰਿਬਿਊਨ ਵਿੱਚ ਛਪੀ ਖਬਰ ਅਨੁਸਾਰ ਉਨ੍ਹਾਂ ਦਾਅਵਾ ਕੀਤਾ ਕਿ ਡੇਰਾ ਮੁਖੀ ਨਾਲ ਕਦੇ ਵੀ ਸਿਆਸਤ ਦੀ ਗੱਲ ਨਹੀਂ ਹੁੰਦੀ। ‘ਅਸੀਂ ਤਾਂ ਆਸ਼ੀਰਵਾਦ ਮੰਗਦੇ ਹਾਂ ਤਾਂ ਜੋ ਇਮਾਨਦਾਰੀ ਨਾਲ ਸਰਕਾਰ ਚਲਾ ਕੇ ਲੋਕਾਂ ਦੀ ਸੇਵਾ ਕਰ ਸਕੀਏ।’ ਉਨ੍ਹਾਂ ਕਿਹਾ ਕਿ ਸਮਾਜ ’ਚ ਚੰਗਾ ਕੰਮ ਕਰਨ ਲਈ ਹਰ ਵਿਅਕਤੀ ਨੂੰ ਸੰਤਾਂ ਦਾ ਆਸ਼ੀਰਵਾਦ ਲੈਂਦੇ ਰਹਿਣਾ ਚਾਹੀਦਾ ਹੈ।
ਇਸ ਮੌਕੇ ਹਰਿਆਣਾ ਵਿਧਾਨ ਸਭਾ ਦੇ ਸਪੀਕਰ ਕੰਵਰਪਾਲ ਗੁੱਜਰ ਨੇ ਕਿਹਾ ਕਿ ਡੇਰਾ ਮੁਖੀ ਵੱਲੋਂ ਭਰਵਾਏ ਗਏ ਫਾਰਮ ’ਚ ਕੰਨਿਆ ਭਰੂਣ ਹੱਤਿਆ, ਨਸ਼ਾ ਮੁਕਤ ਸਮਾਜ ਅਤੇ ਸਾਫ਼ ਸੁਥਰਾ ਰਾਜ ਦੇਣ ਦੇ ਨੁਕਤੇ ਸ਼ਾਮਲ ਹਨ ਅਤੇ ਭਾਜਪਾ ਉਨ੍ਹਾਂ ’ਤੇ ਖਰੇ ਉਤਰਦੀ ਹੈ।
ਸ੍ਰੀ ਗੁੱਜਰ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਨੇ ਆਪਣੇ ਹਿੱਤ ਦੀ ਗੱਲ ਨਾ ਕਰਕੇ ਸਮਾਜ ਦੇ ਹਿੱਤ ’ਚ ਗੱਲ ਕੀਤੀ ਹੈ ਅਤੇ ਭਾਜਪਾ ਇਨ੍ਹਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰੇਗੀ।
ਡੇਰੇ ਦੇ ਸਿਆਸੀ ਵਿੰਗ ਦੇ ਮੈਂਬਰ ਰਾਮ ਸਿੰਘ ਨੇ ਦੱਸਿਆ ਕਿ ਭਾਜਪਾ ਦੇ ਕਰੀਬ 70 ਆਗੂ ਰਾਮ ਰਹੀਮ ਦਾ ਆਸ਼ੀਰਵਾਦ ਲੈਣ ਲਈ ਪੁੱਜੇ। ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਆਉਂਦੇ ਕੁਝ ਦਿਨਾਂ ’ਚ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੀ ਡੇਰੇ ’ਚ ਆ ਸਕਦੇ ਹਨ।