ਆਨੰਦਪੁਰ ਸਾਹਿਬ: ਨਜ਼ਰਬੰਦ ਸਿੰਘਾਂ ਦੀ ਰਿਹਾਈ ਲਈ ਆਪਣੀ ਆਵਾਜ਼ ਬੁਲੰਦ ਕਰਨ ਅਤੇ ਬਾਪੂ ਸੂਰਤ ਸਿੰਘ ਦੇ ਮਕਸਦ ਨਾਲ ਇਕਜੁੱਠਤਾ ਪ੍ਰਗਟਾਉਣ ਲਈ ਦਲ ਖਾਲਸਾ, ਪੰਚ ਪ੍ਰਧਾਨੀ, ਦਮਦਮੀ ਟਕਸਾਲ (ਅਜਨਾਲਾ), ਅਖੰਡ ਕੀਰਤਨੀ ਜਥਾ, ਸਿੱਖ ਯੂਥ ਆਫ ਪੰਜਾਬ ਵਲੋਂ ਤਖਤ ਕੇਸਗੜ ਸਾਹਿਬ ਤੋਂ ਬਾਪੂ ਸੂਰਤ ਸਿੰਘ ਦੇ ਪਿੰਡ ਹਸਨਪੁਰ ਜਿਲਾ ਲੁਧਿਆਣਾ ਤੱਕ ਵੰਗਾਰ ਮਾਰਚ ਕੱਢਿਆ ਗਿਆ।
ਚੇਤੇ ਰਹੇ ਕਿ ਅਰਦਾਸ ਦੀ ਮੱਹਤਤਾ ਅਤੇ ਲੰਮੇ ਸਮੇ ਤੋਂ ਨਜ਼ਰਬੰਦ ਸਿੰਘਾਂ ਦੀ ਰਿਹਾਈ ਲਈ ਬਾਪੂ ਸੂਰਤ ਸਿੰਘ ਖਾਲਸਾ ੧੬ ਜਨਵਰੀ ਤੋਂ ਮਰਨ-ਵਰਤ ਉਤੇ ਬੈਠੇ ਹੋਏ ਹਨ।
ਮਾਰਚ ਦੀ ਅਗਵਾਈ ਅਮਰੀਕ ਸਿੰਘ ਅਜਨਾਲਾ, ਡਾ ਮਨਜਿੰਦਰ ਸਿੰਘ ਜੰਡੀ, ਹਰਪਾਲ ਸਿੰਘ ਚੀਮਾ, ਆਰ.ਪੀ.ਸਿੰਘ ਅਤੇ ਪਰਮਜੀਤ ਸਿੰਘ ਟਾਂਡਾ ਕਰ ਰਹੇ ਸਨ। ਤਖਤ ਸਾਹਿਬ ਉਤੇ ਅਰਦਾਸ ਕਰਨ ਉੁਪਰੰਤ ਪਤਰਕਾਰਾਂ ਨਾਲ ਗਲਬਾਤ ਕਰਦਿਆਂ ਆਗੂਆਂ ਨੇ ਕਿਹਾ ਕਿ ਉਹ ਬਾਪੂ ਸੂਰਤ ਸਿੰਘ ਵਲੋ ਸਜ਼ਾ ਪੂਰੀ ਕਰ ਚੁੱਕੇ ਰਾਜਸੀ ਕੈਦੀਆਂ ਦੀ ਰਿਹਾਈ ਲਈ ਆਰੰਭੇ ਸੰਘਰਸ਼ ਦੀ ਪੁਰਜ਼ੋਰ ਹਮਾਇਤ ਕਰਦੇ ਹਨ।

ਉਹਨਾਂ ਪੰਜਾਬ ਸਰਕਾਰ ਦੀ ਸਖਤ ਸ਼ਬਦਾਂ ਵਿੱਚ ਆਲੋਚਨਾ ਕੀਤੀ, ਜੋ ਉਮਰ ਕੈਦੀਆਂ ਨੂੰ ਸਰਕਾਰਾਂ ਵਲੋਂ ਬਾਕੀ ਰਹਿੰਦੀ ਸਜ਼ਾ ਮੁਆਫ ਕਰਕੇ ਰਿਹਾਅ ਕਰਨ ਸਬੰਧੀ ਸੁਪਰੀਮ ਕੋਰਟ ਵਲੋਂ ੯ ਜੁਲਾਈ ੨੦੧੪ ਨੂੰ ਲਾਈ ਆਰਜੀ ਰੋਕ ਨੂੰ ਹਟਾਉਣ ਲਈ ਲੋੜੀਂਦੀ ਕਾਨੂੰਨੀ ਚਾਰਾਜੋਰੀ ਕਰਨ ਪ੍ਰਤੀ ਸੰਜੀਦਾ ਨਹੀਂ ਹੈ। ਉਹਨਾਂ ਭਾਰਤ ਦੀ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਦੇਂਦਿੰਆਂ ਕਿਹਾ ਹੈ ਕਿ ਉਹ ਰਾਜਸੀ ਕੈਦੀਆਂ ਦੀ ਰਿਹਾਈ ਦੇ ਮਸਲੇ ਨੂੰ ਨਜ਼ਰਅੰਦਾਜ ਕਰਨ ਦੀ ਗਲਤੀ ਨਾ ਕਰਨ।
ਨੌਜਵਾਨਾਂ ਨੇ ਬਾਪੂ ਸੂਰਤ ਸਿੰਘ ਦੀ ਫੋਟੋ ਵਾਲੇ ਬੈਨਰ ਫੜੇ ਹੋਏ ਸਨ ਅਤੇ ਉਹ ਪੰਜਾਬ ਅਤੇ ਕੇਂਦਰ ਸਰਕਾਰ ਵਿਰੁੱਧ ਜਬਰਦਸਤ ਨਾਅਰੇਬਾਜੀ ਕਰ ਰਹੇ ਸਨ।

ਨੌਜਵਾਨ ਆਗੂ ਨੋਬਲਜੀਤ ਸਿੰਘ ਨੇ ਮਨੁੱਖੀ ਅਧਿਕਾਰਾਂ ਦੀਆਂ ਜਥੇਬੰਦੀਆਂ ਅਤੇ ਸ਼ਖਸ਼ੀਅਤਾਂ, ਜਿਹੜੀਆਂ ਬਾਪੂ ਸੂਰਤ ਸਿੰਘ ਵਲੋਂ ਵਿੱਢੇ ਸੰਘਰਸ਼ ਨੂੰ ਦੂਰ ਖਲੋ ਕੇ ਦੇਖ ਰਹੀਆਂ ਹਨ, ਨੂੰ ਅਪੀਲ ਕੀਤੀ ਕਿ ਉਹ ਆਪਣੀ ਭੇਦਭਰੀ ਖਾਮੋਸ਼ੀ ਤੋੜਣ ਅਤੇ ਰਾਜਸੀ ਕੈਦੀਆਂ ਨਾਲ ਹੋ ਰਹੀ ਬੇ-ਇਨਸਾਫੀ ਵਿਰੁੱਧ ਆਪਣੀ ਆਵਾਜ਼ ਉਠਾਉਣ।
ਇਸ ਮੌਕੇ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਕੁਲਦੀਪ ਸਿੰਘ, ਸਿੱਖ ਯੂਥ ਆਫ ਪੰਜਾਬ ਦੇ ਆਗੂ ਸੁਖਵਿੰਦਰ ਸਿੰਘ, ਗੁਰਪ੍ਰੀਤ ਸਿੰਘ ਅਤੇ ਯੂਨਾਈਟਿਡ ਅਕਾਲੀ ਦਲ ਦੇ ਕਾਰਜਕਰਤਾ ਵੀ ਮੌਜੂਦ ਸਨ।