
ਚੰਡੀਗੜ੍ਹ (9 ਦਸੰਬਰ, 2014): ਬਠਿੰਡਾ ਤੋਂ ਬਾਦਲ ਦਲ ਦੀ ਮੈਂਬਰ ਪਾਰਲੀਮੈਂਟ ਅਤੇ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਅਪੀਲ ਕੀਤੀ ਕਿ ਉਹ ਇੱਕ ਮਹੀਨਾ ਪਹਿਲਾਂ ਲਏ ਫ਼ੈਸਲੇ ਅਨੁਸਾਰ 1984 ਦੇ ਸਿੱਖ ਕਤਲੇਆਮ ਦੇ ਹਰੇਕ ਪੀੜਤ ਨੂੰ 5 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਤੁਰੰਤ ਜਾਰੀ ਕਰੇ ।
ਇੱਥੌਂ ਜਾਰੀ ਬਿਆਨ ‘ਚ ਬੀਬੀ ਬਾਦਲ ਨੇ ਕਿਹਾ ਕਿ ਉਨ੍ਹਾਂ ਬੀਤੇ 2 ਮਹੀਨਿਆਂ ਦੌਰਾਨ ਤਿੰਨ ਵਾਰ ਕੇਂਦਰੀ ਗ੍ਰਹਿ ਮੰਤਰੀ ਨੂੰ ਮਿਲ ਕੇ ਮੁਆਵਜ਼ੇ ਨੂੰ ਤੁਰੰਤ ਜਾਰੀ ਕਰਨ ਅਪੀਲ ਕੀਤੀ ਹੈ। ਕੇਂਦਰੀ ਮੰਤਰੀ ਨੇ ਕਿਹਾ ਕਿ ਹੁਣ ਜਦੋਂ ਜੰਮੂ-ਕਸ਼ਮੀਰ ਅਤੇ ਝਾਰਖੰਡ ‘ਚ ਵੋਟਾਂ ਪੈਣ ਦੀ ਪ੍ਰਕਿ੍ਆ ਮੁਕੰਮਲ ਹੋ ਗਈ ਹੈ ਤਾਂ ਕੇਂਦਰ ਵੱਲੋਂ ਐਲਾਨੇ ਇਸ ਮੁਆਵਜ਼ੇ ਨੂੰ ਤੁਰੰਤ ਸਿੱਖ ਵਿਰੋਧੀ ਦੰਗਾ ਪੀੜਤਾਂ ਨੂੰ ਮੁਹੱਈਆ ਕਰਨਾ ਚਾਹੀਦਾ ਹੈ ਤਾਂ ਕਿ ਬਾਅਦ ਵਿੱਚ ਦਿੱਲੀ ਚੋਣਾਂ ਦੇ ਐਲਾਨ ਨਾਲ ਇਹ ਮਾਮਲਾ ਹੋਰ ਲੰਬੇ ਸਮੇਂ ਤੱਕ ਨਾ ਲਟਕ ਜਾਵੇ ।
ਬੀਬੀ ਬਾਦਲ ਨੇ ਇਸ ਤੋਂ ਇਲਾਵਾ ਇਹ ਵੀ ਮੰਗ ਉਠਾਈ ਕਿ ਸਿੱਖ ਕਤਲੇਆਮ ਨਾਲ ਸਬੰਧਿਤ ਮਾਮਲਿਆਂ ਦੀ ਰੋਜ਼ਾਨਾ ਸੁਣਵਾਈ ਕਰਵਾਕੇ ਪੀੜਤਾਂ ਨੂੰ ਜਲਦ ਤੋਂ ਜਲਦ ਇਨਸਾਫ਼ ਦਿੱਤਾ ਜਾਵੇ । ਬੀਬੀ ਬਾਦਲ ਨੇ ਇਨ੍ਹਾਂ ਮਾਮਲਿਆਂ ਦੀ ਰੋਜ਼ਾਨਾ ਸੁਣਵਾਈ ਤੋਂ ਇਲਾਵਾ ਨਾਂਗੋਲੀ ਮਾਮਲੇ ‘ਚ ਕਾਂਗਰਸੀ ਆਗੂ ਸੱਜਣ ਕੁਮਾਰ ਦੀ ਸ਼ਮੂਲੀਅਤ ਵਿਰੁੱਧ ਵੀ ਕਾਰਵਾਈ ਕਰਨ ਦੀ ਮੰਗ ਕੀਤੀ ।