ਬਠਿੰਡਾ (9 ਨਵੰਬਰ, 2014): ਪੰਜਾਬ ਪੁਲਿਸ ਵੱਲੋਂ ਇੱਕ ਵਾਰ ਫਿਰ ਸਿੱਖ ਨੌਜਵਾਨਾਂ ਦੀਆਂ ਗ੍ਰਿਫਤਾਰੀਆਂ ਦਾ ਸਿਲਸਿਲਾ ਸ਼ੁਰੂ ਹੋਇਆ ਹੈ, ਜਿਸ ਵਿੱਚ ਪਿੱਛਲੇ ਕੁਝ ਦਿਨਾਂ ਤੋਂ ਕਈ ਸਿੱਖ ਨੌਜਵਾਨਾਂ ਨੂੰ ਕਥਿਤ ਖਾੜਕੂ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਨਾਮ ‘ਤੇ ਗ੍ਰਿਫਤਾਰ ਕੀਤਾ ਗਿਆ ਹੈ। ਮੀਡੀਆਂ ਵਿੱਚ ਨਸ਼ਰ ਤਾਜ਼ਾ ਖ਼ਬਰਾਂ ਅਨੁਸਾਰ ਹੁਣ ਬਠਿੰਡਾ ਪੁਲਿਸ ਨੇ ਬਠਿੰਡਾ ਸ਼ਹਿਰ ਦੇ ਇੱਕ ਵਸਨੀਕ ਸਿੱਖ ਨੌਜਵਾਨ ਰਮਨਦੀਪ ਸਿੰਘ ਸੰਨੀ ਕਥਿਤ ਖਾੜਕੂ ਗਤੀਵਿਧੀਆਂ ਵਿੱਚ ਸ਼ਮੂਲੀਅਤ ਹੋਣ ਦੇ ਦੋਸ਼ ਵਿੱਚ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ।

ਪੁਲਿਸ ਨੇ ਵਿਦੇਸ਼ਾਂ ਤੋਂ ਹਥਿਆਰ ਚਲਾਉਣ ਅਤੇ ਬੰਬ ਬਣਾਉਣ ਦੀ ਸਿੱਖ਼ਲਾਈ ਲੈ ਕੇ ਭਾਰਤ ਪਰਤੇ ਬੱਬਰ ਖਾਲਸਾ ਨਾਲ ਸਬੰਧਿਤ ਬਠਿੰਡਾ ਦੇ ਵਸਨੀਕ ਨੌਜਵਾਨ ਰਮਨਦੀਪ ਸਿੰਘ ਸੰਨੀ ਪੁੱਤਰ ਰਵਿੰਦਰ ਸਿੰਘ ਨੂੰ ਗਿਫ੍ਰਤਾਰ ਕਰਕੇ ਉਸ ਤੋਂ ਰਿਵਾਲਵਰ, ਕੁਝ ਕਾਰਤੂਸ ਅਤੇ ਟਾਇਮ ਬੰਬ ਬਣਾਉਣ ਦੀ ਸਮੱਗਰੀ ਸਮੇਤ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।
ਪੰਜਾਬ ਪੁਲਿਸ ਦੇ ਇੰਸਪੈਕਟਰ ਜਨਰਲ ਬਠਿੰਡਾ ਜੋਨ ਪਰਮਰਾਜ਼ ਸਿੰਘ ਉਮਰਾਨੰਗਲ, ਡੀ.ਆਈ ਜੀ ਅਮਰ ਸਿੰਘ ਚਾਹਲ ਅਤੇ ਸੀਨੀਅਰ ਕਪਤਾਨ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਨੇ ਪ੍ਰੈਸ ਕਾਨਫ਼ਰੰਸ ਵਿਚ ਦਾਅਵਾ ਕੀਤਾ ਕਿ ਗਿਫ੍ਰਤਾਰ ਦੋਸ਼ੀ ਰਮਨਦੀਪ ਸਿੰਘ ਸੰਨੀ ਖਾਲਸਾ ਟਾਈਗਰ ਫ਼ੋਰਸ ਦੇ ਮੁੱਖੀ ਜਗਤਾਰ ਸਿੰਘ ਤਾਰਾ ਦੇ ਸੰਪਰਕ ਵਿਚ ਰਿਹਾ ਹੈ ਅਤੇ ਉਸ ਨੇ ਥਾਈਲੈਂਡ ਦੀ ਰਾਜਧਾਨੀ ਬੈਕਾਂਕ ਵਿਖ਼ੇ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈ.ਐਸ.ਆਈ ਵਲੋਂ ਲਗਾਏ ਗਏ ਸਿਖਲਾਈ ਕੈਂਪ ਵਿਚ ਆਪਣੇ ਕੁਝ ਹੋਰ ਸਾਥੀਆਂ ਸਮੇਤ ਅਸਲਾ ਚਲਾਉਣ ਅਤੇ ਟਾਇਮ ਬੰਬ ਆਦਿ ਬਣਾਉਣ ਦੀ ਸਿਖ਼ਲਾਈ ਪ੍ਰਾਪਤ ਕੀਤੀ ਸੀ।
ਪੁਲਿਸ ਨੇ ਉਸ ਦੇ ਕਬਜ਼ੇ ਵਿਚੋ ਇਕ .32 ਬੋਰ ਦਾ ਰਿਵਾਲਵਰ, ਕੁਝ ਕਾਰਤੂਸ, ਅੱਤਵਾਦੀ ਜਥੇਬੰਦੀ ਦੇ ਕੁਝ ਲੈਟਰਪੈਡ, ਬੰਬ ਧਮਾਕਾਖੇਜ਼ ਸਮੱਗਰੀ 200 ਗ੍ਰਾਂਮ ਬਾਰੂਦ, ਇਕ ਛੋਟਾ ਅਲਾਰਮ ਟਾਈਮ ਪੀਸ, ਇਕ ਛੋਟੀ ਬੈਟਰੀ, ਇਕ ਤਾਰ, 2 ਨਿੱਪਲ ਪਾਈਪ ਲੋਹਾ ਬਰਾਮਦ ਕਰਨ ਦਾ ਵੀ ਦਾਅਵਾ ਕੀਤਾ ਹੈ।
ਉਨ੍ਹਾਂ ਦਾਅਵਾ ਕੀਤਾ ਕਿ ਰਮਨਦੀਪ ਸਿੰਘ ਨੇ ਮੁੱਢਲੀ ਪੁੱਛਗਿੱਛ ਦੌਰਾਨ ਦੱਸਿਆ ਜਗਤਾਰ ਸਿੰਘ ਤਾਰਾ ਦੇ ਕਹਿਣ ‘ਤੇ ਹੀ ਉਹ ਹਥਿਆਰ ਚਲਾਉਣ ਦੀ ਸਿਖ਼ਲਾਈ ਲੈਣ ਲਈ ਬੈਕਾਂਕ ਗਿਆ ਸੀ। ਬੈਕਾਂਕ ਵਿਖ਼ੇ ਸਿਖਲਾਈ ਦਿਵਾਉਣ ਦਾ ਪ੍ਰਬੰਧ ਜਗਤਾਰ ਸਿੰਘ ਤਾਰਾ ਦੇ ਇਕ ਯੂਰਪੀਅਨ ਕੰਟੈਕਟ ਨੇ ਕੀਤਾ ਸੀ, ਜਿਥੇ ਉਸ ਨੇ ਬੰਬ ਤਿਆਰ ਕਰਨਾ ਸਿੱਖਿਆ ਸੀ।
ਭਾਰਤ ਆ ਕੇ ਉਹ ਇੱਕ ਬੰਬ ਬਣਾਉਣ ਦੀ ਤਿਆਰੀ ਕਰ ਰਿਹਾ ਸੀ ਜਿਸ ਨੂੰ ਉਸ ਨੇ ਸੁੰਨਸਾਨ ਥਾਂ ਵਿਚ ਫਿਟ ਕਰਕੇ ਚਲਾ ਕੇ ਵੇਖਣਾ ਸੀ।