ਮੋਗਾ (17 ਮਾਰਚ , 2016): ਪੰਜਾਬ ਦੇ ਦਰਿਆਈ ਪਾਣੀਆਂ ਅਤੇ ਸਤਲੁਜ ਜਮੁਨਾ ਲਿੰਕ ਨਹਿਰ ਦੇ ਉੱਠੇ ਤਾਜ਼ਾ ਮਾਮਲੇ ਅਤੇ ਪੰਜਾਬ ਵਿਧਾਨ ਸਭਾ ਵੱਲੋਂ ਨਹਿਰ ਦੀ ਜ਼ਮੀਨ ਕਿਸਾਨਾਂ ਨੂੰ ਵਾਪਸ ਕਰਨ ਦੇ ਮਾਮਲੇ ‘ਤੇ ਭਾਰਤੀ ਸੁਪਰੀਮ ਕੋਰਟ ਵੱਲੋਂ ਲਾਈ ਰੋਕ ਦਰਮਿਆਨ ਬਾਦਲ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ੳੁੱਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਕਿ ਸ਼੍ਰੋਮਣੀ ਅਕਾਲੀ ਦਲ ਪਾਣੀਆਂ ਦਾ ਰਾਖੀ ਲਈ ਹਰ ਕੁਰਬਾਨੀ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਸਰਕਾਰ ਪੰਜਾਬ ਵਿਧਾਨ ਸਭਾ ਵਿੱਚ ਸਤਲੁਜ ਯਮੁਨਾ ਲਿੰਕ ਨਹਿਰ ਲਈ ਐਕੁਆਇਰ ਕੀਤੀ ਜ਼ਮੀਨ ਵਾਪਸ ਕਰਨ ਦਾ ਬਿੱਲ ਪਾਸ ਕਰਕੇ ਕਿਸਾਨਾਂ ਦੇ ਹੱਕ ਵਿੱਚ ਇਤਿਹਾਸਕ ਫੈ਼ਸਲਾ ਲਿਆ ਹੈ।
ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਕੋਲ ਪਾਣੀ ਦੀ ਇੱਕ ਵੀ ਬੂੰਦ ਫਾਲਤੂ ਨਹੀਂ ਹੈ। ਪੰਜਾਬ ਤੋਂ ਪਾਣੀ ਬਾਹਰ ਲਿਜਾਣ ਦੀ ਹਰਗਿਜ਼ ਇਜਾਜਤ ਨਹੀਂ ਦੇਣਗੇ ਅਤੇ ਇਸ ਮੁੱਦੇ ‘ਤੇ ਉਹ ਹਰ ਤਰਾਂ ਦੀ ਕੁਰਬਾਨੀ ਦੇਣ ਲਈ ਤਿਆਰ ਹਨ।

ਪੰਜਾਬ ਦੇ ਸਿਆਸਤ ‘ਤੇ ਨਜ਼ਰ ਰੱਖਣ ਵਾਲੇ ਮਾਹਿਰ ਬਾਦਲ ਦਲ ਸਤਲੁਜ਼ ਜਮਨਾ ਲਿੰਕ ਨਹਿਰ ਦੇ ਜਰੀਏ ਅਪਾਣੀ ਡਿੱਗੀ ਸਾਖ ਨੂੰ ਮੁੜ ਬਹਾਲ ਕਰਕ ਦੇ ਯਤਨ ਵਜੋਂ ਵੇਖ ਰਹੇ ਹਨ।
ਪੰਜਾਬ ਦੇ ਦਰਿਆਈ ਪਾਣੀਆਂ ਦੇ ਮਾਮਲੇ ‘ਤੇ ਨੇੜਿਉਂ ਜੁੜੇ ਮਾਹਿਰਾਂ ਅਨੁਸਾਰ ਬਾਦਲ ਦਲ ਪੰਜਾਬ ਦੇ ਦਰਿਆਈ ਪਾਣੀਆਂ ਦੇ ਮਾਮਲੇ ਨੂੰ ਸਤਲੁਜ ਜਮੁਨਾ ਲਿੰਕ ਨਹਿਰ ਤੱਕ ਸੀਮਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।ਉਨ੍ਹਾਂ ਕਿਹਾ ਕਿ ਇੱਕ ਪਾਸੇ ਸੁਖਬੀਰ ਬਾਦਲ ਬਿਆਨ ਦੇ ਰਹੇ ਹਨ ਕਿ ਪੰਜਾਬ ਦੇ ਪਾਣੀ ਦੀ ਇੱਕ ਬੂੰਦ ਵੀ ਪਾਣੀ ਬਾਹਰ ਨਹੀਂ ਜਾਣ ਦਿਆਂਗੇ, ਜਦਕਿ ਗੈਰ ਰਾਇਪੇਰੀਅਨ ਰਾਜ ਹਰਿਆਣਾ, ਰਾਜਸਥਾਨ ਅਤੇ ਦਿੱਲੀ ਵੱਡੀ ਮਾਤਰਾ ਵਿੱਚ ਪੰਜਾਬ ਦਾ ਪਾਣੀ ਵਰਤ ਰਹੇ ਹਨ।
ਬਾਦਲ ਦਲ 2004 ਵਿੱਚ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਪਾਣੀਆਂ ਦੇ ਸਮਝੋਤੇ ਰੱਦ ਕਰਨ ਵਾਲੇ ਕਾਨੂੰਨ ਦੀ ਧਾਰਾ 5 ਜੋ ਗੈਰ ਰਾਇਪੇਰੀਅਨ ਰਾਜ ਹਰਿਆਣਾ, ਰਾਜਸਥਾਨ ਅਤੇ ਦਿੱਲੀ ਨੂੰ ਜਾ ਰਹੇ 142 ਲੱਖ ਏਕੜ ਫੁੱਟ ਪਾਣੀ ‘ਤੇ ਪਰਵਾਨਗੀ ਦੀ ਮੋਹਰ ਲਾਉਦੀ ਅਤੇ ਪੰਜਾਬ ਦੇ ਵਿਰੋਧ ਵਿੱਚ ਭੁਗਤਦੀ ਹੈ, ਨੂੰ ਖਤਮ ਨਹੀਂ ਕਰ ਸਕਿਆ।