ਚੰਡੀਗੜ੍ਹ: ਕਸ਼ਮੀਰ ਵਿਚ ਪਿਛਲੇ ਇਕ ਮਹੀਨੇ ਤੋਂ ਚੱਲ ਰਹੇ ਹਾਲਾਤਾਂ ਦੇ ਮੱਦੇਨਜ਼ਰ ਉਥੇ ਮਾਰੇ ਗਏ ਕਸ਼ਮੀਰੀਆਂ ਦੇ ਪਰਿਵਾਰਾਂ ਨਾਲ ਦੁਖ ਸਾਂਝਾ ਕਰਨ ਜਾ ਰਹੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੂੰ ਅੱਜ ਜੰਮੂ-ਕਮਸ਼ੀਰ ਦੀ ਹੱਦ ‘ਤੇ ਲਖਨਪੁਰ ਬਾਰਡਰ ‘ਤੇ ਜੰਮੂ-ਕਸ਼ਮੀਰ ਪੁਲਿਸ ਨੇ ਰੋਕ ਲਿਆ।

ਜਦੋਂ ਮਾਨ ਅਤੇ ਸਾਥੀਆਂ ਦੇ ਇਹ ਕਹਿਣ ‘ਤੇ ਕਿ ਪੁਲਿਸ ਕਾਨੂੰਨੀ ਤੌਰ ‘ਤੇ ਉਨ੍ਹਾਂ ਨੂੰ ਰੋਕ ਨਹੀਂ ਸਕਦੀ ਤਾਂ ਜੰਮੂ-ਕਸ਼ਮੀਰ ਪੁਲਿਸ ਨੇ ਐਸ.ਡੀ.ਐਮ. ਦਾ ਇਕ ਆਰਡਰ ਲਿਆ ਦਿੱਤਾ। ਪਰ ਖ਼ਬਰ ਲਿਖੇ ਜਾਣ ਤਕ ਸ. ਮਾਨ ਅਤੇ ਉਨ੍ਹਾਂ ਦੇ ਸਾਥੀ ਕਸ਼ਮੀਰ ਜਾਣ ਲਈ ਬਜ਼ਿਦ ਹਨ ਅਤੇ ਉਥੇ ਹੀ ਧਰਨਾ ਲਾ ਕੇ ਬੈਠੇ ਹਨ।
ਯੂਥ ਅਕਾਲੀ ਦਲ ਅੰਮ੍ਰਿਤਸਰ ਦੇ ਜਥੇਬੰਦਕ ਸਕੱਤਰ ਪਪਲਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਨਾਲ ਸਾਡੀ ਗੱਲਬਾਤ ਟੁੱਟ ਗਈ ਹੈ। ਸਾਡੀ ਪਾਰਟੀ ਪੰਜਾਬ ਵਾਪਸ ਜਾਣ ਲਈ ਤਿਆਰ ਨਹੀਂ ਹੈ। ਜੇ ਜੰਮੂ-ਕਸ਼ਮੀਰ ਸਰਕਾਰ ਚਾਹੇ ਤਾਂ ਸਾਡੇ ਪਾਰਟੀ ਵਰਕਰਾਂ ਨੂੰ ਗ੍ਰਿਫਤਾਰ ਕਰ ਲਵੇ। ਪਪਲਪ੍ਰੀਤ ਸਿੰਘ ਨੇ ਦੱਸਿਆ ਕਿ ਸਾਡੀ ਪਾਰਟੀ ਉਥੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀ ਸਥਿਤੀ ਬਾਰੇ ਜਾਣਕਾਰੀ ਲੈਣ ਜਾਣਾ ਚਾਹੁੰਦੀ ਹੈ, ਜਿਥੇ ਕਿ ਭਾਰਤੀ ਫੌਜ ਦੀਆਂ ਗੋਲੀਆਂ ਨਾਲ 50 ਨੌਜਵਾਨ ਮਾਰੇ ਗਏ ਹਨ ਅਤੇ 2700 ਤੋਂ ਵੱਧ ਗੰਭੀਰ ਜ਼ਖਮੀ ਹੋਏ ਹਨ। ਗੋਲੀਆਂ ਵੀ ਉਨ੍ਹਾਂ ਨੂੰ ਲੱਕ ਤੋਂ ਉੱਪਰ ਮਾਰੀਆਂ ਗਈਆਂ। ਇਨ੍ਹਾਂ ਹਾਲਾਤਾਂ ਵਿਚ ਇਹ ਮੁਸ਼ਕਲ ਹੈ ਕਿ ਸਾਡੇ ਪਾਰਟੀ ਵਰਕਰ ਪੰਜਾਬ ਵਾਪਸ ਮੁੜ ਜਾਣ ਜਿਵੇਂ ਕਿ ਪੁਲਿਸ ਅਧਿਕਾਰੀ ਕਹਿ ਰਹੇ ਹਨ। ਹਾਂ, ਜੇ ਪੁਲਿਸ ਪ੍ਰਸ਼ਾਸਨ ਚਾਹੇ ਤਾਂ ਉਨ੍ਹਾਂ ਨੂੰ ਸ਼ਾਂਤਮਈ ਬੈਠਿਆਂ ਨੂੰ ਚੁੱਕ ਕੇ ਇਸ ਥਾਂ ਤੋਂ ਕਿਤੇ ਹੋਰ ਸੁੱਟ ਦੇਵੇ।