ਗੁਰਦਾਸਪੁਰ: ਇੱਥੋਂ ਪੰਜ ਕਿਲੋਮੀਟਰ ਦੂਰ ਪਿੰਡ ਨਰਪੁਰ ਵਿਖੇ ਅੱਜ ਉਸ ਵੇਲੇ ਹਾਲਾਤ ਤਣਾਅਪੂਰਨ ਬਣ ਗਏ ਜਦੋਂ ਇਕ ਘਰ ਦੇ ਕਮਰੇ ਵਿਚੋਂ ਪਿਛਲੇ ਲਗਭਗ ਅੱਠ ਮਹੀਨਿਆਂ ਤੋਂ ਬੰਦ ਪਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 22 ਪਾਵਨ ਸਰੂਪ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਾਂਚ ਟੀਮ ਨੇ ਬਰਾਮਦ ਕੀਤੇ। ਇਹ ਪਾਵਨ ਸਰੂਪ ਪਟਿਆਲਾ ਜ਼ਿਲ੍ਹੇ ਨਾਲ ਸਬੰਧਤ ਬਾਬਾ ਲਖਬੀਰ ਸਿੰਘ ਰੱਖ ਕੇ ਗਿਆ ਸੀ, ਪਰ ਬਾਬਾ ਸਰੂਪ ਲੈਣ ਮੁੜ ਵਾਪਸ ਨਾ ਆਇਆ। ਅੱਜ ਇਸ ਸਬੰਧੀ ਪਿੰਡ ਦੇ ਕਿਸੇ ਵਿਅਕਤੀ ਨੇ ਸ਼ੋ੍ਰਮਣੀ ਕਮੇਟੀ ਦੇ ਮੁੱਖ ਦਫ਼ਤਰ ਅੰਮ੍ਰਿਤਸਰ ਇਤਲਾਹ ਕੀਤੀ, ਜਿਸ ਤੋਂ ਬਾਅਦ ਸ਼ੋ੍ਰਮਣੀ ਕਮੇਟੀ ਦੀ ਇਕ 40 ਮੈਂਬਰੀ ਟੀਮ ਪਿੰਡ ਨਰਪੁਰਾ ਤੋਂ ਵਿਸ਼ੇਸ਼ ਪਾਲਕੀ ਸਾਹਿਬ ਵਾਲੀ ਬੱਸ ਰਾਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਅਦਬ ਸਤਿਕਾਰ ਸਹਿਤ ਗੁਰਦੁਆਰਾ ਬਾਰਠ ਸਾਹਿਬ ਪਠਾਨਕੋਟ ਲੈ ਗਈ।

ਪ੍ਰਾਪਤ ਜਾਣਕਾਰੀ ਅਨੁਸਾਰ ਚਾਰ ਸਾਲ ਪਹਿਲਾਂ ਪਿੰਡ ਨਰਪੁਰ ਵਿਚ ਪਟਿਆਲਾ ਜ਼ਿਲ੍ਹੇ ਨਾਲ ਸਬੰਧਤ ਇਕ ਸੰਤ ਲਖਬੀਰ ਸਿੰਘ ਆਇਆ ਸੀ, ਜਿਸ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡਾਂ ਦੇ ਗੁਰਦੁਆਰਿਆਂ ਵਿਚੋਂ ਬਿਰਧ ਸਰੂਪਾਂ ਦੀ ਸੇਵਾ ਕਰਨ ਦੇ ਨਾਂਅ ’ਤੇ ਪਿੰਡ ਦੇ ਚੜ੍ਹਤ ਸਿੰਘ ਨਾਂਅ ਦੇ ਵਿਅਕਤੀ ਦੇ ਘਰ ਟਿਕਾਣਾ ਕੀਤਾ ਸੀ। ਬਾਬਾ ਲਖਬੀਰ ਸਿੰਘ ‘1008 ਸੰਤ ਬਾਬਾ ਕਿਰਪਾਲ ਸਿੰਘ ਚੈਰੀਟੇਬਲ ਸੁਸਾਇਟੀ ਪਟਿਆਲਾ’ ਦੇ ਨਾਂਅ ’ਤੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋਂ ਸ੍ਰੀ ਗੁਰੂੁ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਪਿੰਡਾਂ ਦੇ ਗੁਰਦੁਆਰਿਆਂ ਵਿਚ ਦੇਣ ਲਈ ਲੈਂਦਾ ਸੀ ਅਤੇ ਪਿੰਡ ਨਰਪੁਰ ਦੇ ਇਕ ਘਰ ਵਿਚ ਰੱਖ ਲੈਂਦਾ ਸੀ।
ਬਾਅਦ ਵਿਚ ਇਕ ਇਕ ਕਰਕੇ ਪਾਵਨ ਸਰੂਪ ਪਿੰਡਾਂ ਦੇ ਗੁਰਦੁਆਰਿਆਂ ਵਿਚ ਦਿੱਤੇ ਜਾਂਦੇ ਸਨ ਅਤੇ ਬਿਰਧ ਸਰੂਪ ਉਥੋਂ ਲੈਂ ਆਉਂਦਾ ਸੀ। ਪਿਛਲੇ ਸਾਲ ਪੰਜਾਬ ਵਿਚ ਵਾਪਰੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਬਾਬਾ ਲਖਬੀਰ ਸਿੰਘ ਅਚਾਨਕ ਚਲਾ ਗਿਆ। ਇਕ ਘਰ ਵਿਚ ਉਸ ਵਲੋਂ ਰੱਖੇ 22 ਪਾਵਨ ਸਰੂਪ, ਜਿਨ੍ਹਾਂ ਵਿਚੋਂ ਕੁਝ ਨਵੇਂ ਅਤੇ ਕੁਝ ਬਿਰਧ, ਪਿਛਲੇ ਲਗਭਗ ਅੱਠ ਮਹੀਨਿਆਂ ਤੋਂ ਇਕ ਕਮਰੇ ਵਿਚ ਹੀ ਬੰਦ ਪਏ ਸਨ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਸੰਭਾਲ ਦੇ ਨਾਂਅ ’ਤੇ ਇਕ ਬਾਬਾ ਅੱਠ ਮਹੀਨੇ ਪਹਿਲਾਂ ਪਿੰਡ ’ਚ ਛੱਡ ਗਿਆ ਸੀ ਪਾਵਨ ਸਰੂਪ
ਇਸ ਸਬੰਧੀ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸੁਖਦੇਵ ਸਿੰਘ ਭੂਰਾ ਕੋਨਾ ਨੂੰ ਸੂਚਨਾ ਮਿਲੀ ਤਾਂ ਉਨ੍ਹਾਂ ਨੇ ਤੁਰੰਤ ਕਾਰਵਾਈ ਕਰਦਿਆਂ ਗੁਰਦੁਆਰਾ ਬਾਰਠ ਸਾਹਿਬ ਪਠਾਨਕੋਟ ਦੇ ਮੈਨੇਜਰ ਜਗਦੀਸ਼ ਸਿੰਘ ਬੁੱਟਰ, ਗੁਰਦੁਆਰਾ ਬੁਰਜ ਸਾਹਿਬ ਧਾਰੀਵਾਲ ਦੇ ਮੈਨੇਜਰ ਨਿਸ਼ਾਨ ਸਿੰਘ ਜ਼ੱਫ਼ਰਵਾਲ ਦੀ ਅਗਵਾਈ ਵਿਚ 40 ਮੈਂਬਰੀ ਟੀਮ ਨੂੰ ਪਿੰਡ ਨਰਪੁਰਾ ਵਿਖੇ ਭੇਜਿਆ। ਘਰ ਦੇ ਮਾਲਕ ਨਿਰਮਲ ਸਿੰਘ ਨੇ ਸ਼ੋ੍ਰਮਣੀ ਕਮੇਟੀ ਦੀ ਟੀਮ ਦੇ ਇੰਚਾਰਜ ਜਗਦੀਸ਼ ਸਿੰਘ ਬੁੱਟਰ ਨੂੰ ਦੱਸਿਆ ਕਿ ਉਹ ਪਿਛਲੇ 8 ਮਹੀਨਿਆਂ ਤੋਂ ਬਾਬਾ ਲਖਬੀਰ ਸਿੰਘ ਨੂੰ ਟੈਲੀਫੋਨ ਕਰਕੇ ਪਾਵਨ ਸਰੂਪ ਲਿਜਾਉਣ ਲਈ ਕਹਿੰਦੇ ਆ ਰਹੇ ਸਨ, ਪਰ ਉਹ ਅੱਜ-ਭਲ੍ਹਕੇ ਕਰਦਿਆਂ ਟਾਲਦੇ ਰਹੇ। ਉਨ੍ਹਾਂ ਆਖਿਆ ਕਿ ਉਨ੍ਹਾਂ ਨੇ ਪਾਵਨ ਸਰੂਪਾਂ ਨੂੰ ਸਤਿਕਾਰ ਸਹਿਤ ਰੱਖਣ ਦੀ ਪੂਰੀ ਕੋਸ਼ਿਸ਼ ਕੀਤੀ ਹੈ।
ਪਿੰਡ ਦੇ ਕਈ ਲੋਕਾਂ ਨੇ ਜਾਂਚ ਟੀਮ ਨੂੰ ਇਹ ਵੀ ਦੱਸਿਆ ਕਿ ਬਾਬਾ ਲਖਬੀਰ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਸੰਭਾਲ ਦੇ ਨਾਂਅ ’ਤੇ ਲੋਕਾਂ ਨੂੰ ਗੁੰਮਰਾਹ ਕਰਦਾ ਆ ਰਿਹਾ ਸੀ। ਕੁਝ ਲੋਕਾਂ ਨੇ ਇਹ ਵੀ ਦੋਸ਼ ਲਗਾਇਆ ਕਿ ਬਾਬਾ ਲਖਬੀਰ ਸਿੰਘ ਵਲੋਂ ਗਰੀਬਾਂ ਨੂੰ ਮੁਫ਼ਤ ਅਨਾਜ ਵੰਡਣ ਦੀ ਸੇਵਾ ਦੇ ਨਾਂਅ ’ਤੇ ਵੀ ਕਈ ਲੋਕਾਂ ਨਾਲ ਮੋਟੀ ਠੱਗੀ ਕੀਤੀ ਗਈ ਹੈ। ਸ਼ੋ੍ਰਮਣੀ ਕਮੇਟੀ ਦੀ ਜਾਂਚ ਟੀਮ ਦੇ ਇੰਚਾਰਜ ਜਗਦੀਸ਼ ਸਿੰਘ ਬੁੱਟਰ ਨੇ ਦੱਸਿਆ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਸੰਭਾਲ ਦੇ ਨਾਂਅ ’ਤੇ ਬਾਬਾ ਲਖਬੀਰ ਸਿੰਘ ਵਲੋਂ ਕੀਤੀਆਂ ਗਈਆਂ ਗਤੀਵਿਧੀਆਂ ਦੀ ਸਾਰੀ ਰਿਪੋਰਟ ਤਿਆਰ ਕਰਕੇ ਆਪਣੇ ਉੱਚ ਅਧਿਕਾਰੀਆਂ ਨੂੰ ਭੇਜਣਗੇ।
ਸ਼੍ਰੋਮਣੀ ਕਮੇਟੀ ਦੀ ਟੀਮ ਨੇ ਪਾਵਨ ਸਰੂਪ ਸਤਿਕਾਰ ਸਹਿਤ ਗੁਰਦੁਆਰਾ ਬਾਰਠ ਸਾਹਿਬ ਪਹੁੰਚਾਏ
ਅੱਗੇ ਤੋਂ ਸ਼੍ਰੋਮਣੀ ਕਮੇਟੀ ਅਜਿਹੇ ਲੋਕਾਂ ਤੋਂ ਸੁਚੇਤ ਰਹੇਗੀ, ਜਿਹੜੇ ਸੰਸਥਾਵਾਂ ਦੇ ਨਾਂਅ ’ਤੇ ਸ਼੍ਰੋਮਣੀ ਕਮੇਟੀ ਕੋਲੋਂ ਪਾਵਨ ਸਰੂਪ ਹਾਸਲ ਕਰਕੇ ਆਪਣੀ ਦੁਕਾਨਦਾਰੀ ਚਲਾਉਂਦੇ ਹਨ। ਉਨ੍ਹਾਂ ਇਹ ਵੀ ਆਖਿਆ ਕਿ ਪਿੰਡਾਂ ਦੀਆਂ ਸੰਗਤਾਂ ਨੂੰ ਜੇਕਰ ਗੁਰੂ-ਘਰ ਲਈ ਪਾਵਨ ਸਰੂਪਾਂ ਦੀ ਲੋੜ ਹੋਵੇ ਤਾਂ ਉਨ੍ਹਾਂ ਨੂੰ ਅਜਿਹੇ ਬਾਬਿਆਂ ਦੇ ਚੰੁਗਲ ਵਿਚ ਫ਼ਸਣ ਦੀ ਥਾਂ ਸਿੱਧਾ ਸ਼ੋ੍ਰਮਣੀ ਕਮੇਟੀ ਦੇ ਮੁੱਖ ਦਫ਼ਤਰ ਨਾਲ ਸੰਪਰਕ ਕਰਨਾ ਚਾਹੀਦਾ ਹੈ।
ਇਸ ਮੌਕੇ ਸ਼ੋ੍ਰਮਣੀ ਕਮੇਟੀ ਦੀ ਜਾਂਚ ਟੀਮ ਵਿਚ ਸਤਨਾਮ ਸਿੰਘ ਬੁੱਟਰ, ਗੁਰਦੁਆਰਾ ਸ੍ਰੀ ਬੁਰਜ ਸਾਹਿਬ ਧਾਰੀਵਾਲ ਦੇ ਮੁੱਖ ਗ੍ਰੰਥੀ ਜਸਵਿੰਦਰ ਸਿੰਘ, ਗੁਰਦੁਆਰਾ ਬਾਰਠ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਸੁਖਰਾਜ ਸਿੰਘ, ਸਰਦੂਲ ਸਿੰਘ ਸੇਵਾਦਾਰ, ਬਲਰਾਜ ਸਿੰਘ ਭਿੰਡਰ, ਨਰਿੰਦਰ ਸਿੰਘ ਫ਼ੋਰਮੈਨ ਅਤੇ ਜੋਗਾ ਸਿੰਘ ਮੱਲ੍ਹੀ ਆਦਿ ਵੀ ਹਾਜ਼ਰ ਸਨ।
ਉਧਰ ਸ਼ੋ੍ਰਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰੰਘ ਮੱਕੜ ਨੇ ਇਸ ਘਟਨਾ ’ਤੇ ਗੰਭੀਰ ਨੋਟਿਸ ਲੈਂਦਿਆਂ ਸਕੱਤਰ ਧਰਮ ਪ੍ਰਚਾਰ ਕਮੇਟੀ ਸੁਖਦੇਵ ਸਿੰਘ ਭੂਰਾ ਕੋਨਾ ਨੂੰ ਡੂੰਘਾਈ ਨਾਲ ਪੜਤਾਲ ਕਰਨ ਦੇ ਆਦੇਸ਼ ਦੇ ਦਿੱਤੇ ਹਨ। ਮੱਕੜ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਆਖਿਆ ਕਿ ਅੱਗੇ ਤੋਂ ਅਜਿਹੀਆਂ ਸੰਸਥਾਵਾਂ ਜਾਂ ਵਿਅਕਤੀਆਂ ਨੂੰ ਪਾਵਨ ਸਰੂਪ ਨਹੀਂ ਦਿੱਤੇ ਜਾਣਗੇ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਦੇ ਨਾਂਅ ’ਤੇ ਵਪਾਰ ਕਰ ਰਹੇ ਹਨ।