ਅੰਬਾਲਾ: ਦੇਸ਼ ਦੇ ਕਾਨੂੰਨ ਮੁਤਾਬਕ ਉਮਰ ਕੈਦ 14 ਸਾਲ ਲਈ ਹੁੰਦੀ ਹੈ, ਇਸ ਦੇ ਬਾਵਜੂਦ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿਚ ਬੰਦ ਕਈ ਸਿੱਖ 26 ਸਾਲ ਤੋਂ ਵੀ ਵੱਧ ਕੈਦ ਕੱਟਣ ਦੇ ਬਾਵਜੂਦ ਰਿਹਾਅ ਨਹੀਂ ਕੀਤੇ ਜਾ ਰਹੇ। ਇਹ ਸਿੱਖਾਂ ਨਾਲ ਵਿਤਕਰਾ ਨਹੀਂ, ਤਾਂ ਹੋਰ ਕੀ ਹੈ? ਇਹ ਸਵਾਲ ਭਾਈ ਗੁਰਬਖ਼ਸ਼ ਸਿੰਘ ਖਾਲਸਾ ਹਰ ਉਸ ਮਨੁੱਖ ਤੋਂ ਪੁੱਛਦੇ ਹਨ, ਜਿਹੜਾ ਉਨ੍ਹਾਂ ਨੂੰ ਭੁੱਖ ਹੜਤਾਲ ‘ਤੇ ਨਾ ਬੈਠਣ ਦੀ ਸਲਾਹ ਦਿੰਦਾ ਹੈ।

ਇਤਿਹਾਸਕ ਗੁਰਦੁਆਰਾ ਸ੍ਰੀ ਲਖਨੌਰ ਸਾਹਿਬ ਪਾਤਸ਼ਾਹੀ 10ਵੀਂ ਵਿਚ ਭੁੱਖ ਹੜਤਾਲ ‘ਤੇ ਬੈਠੇ ਭਾਈ ਗੁਰਬਖ਼ਸ਼ ਸਿੰਘ ਖਾਲਸਾ ਨੂੰ ਮਿਲਣ ਲਈ ਦੂਜੇ ਦਿਨ ਸੰਗਤ ‘ਚ ਭਾਰੀ ਉਤਸ਼ਾਹ ਵੇਖਿਆ ਗਿਆ। ਸਾਰਾ ਦਿਨ ਭਾਈ ਗੁਰਬਖ਼ਸ਼ ਸਿੰਘ ਖਾਲਸਾ ਦਾ ਹਾਲ-ਚਾਲ ਪੁੱਛਣ ਵਾਲਿਆਂ ਦਾ ਆਉਣਾ-ਜਾਣਾ ਲੱਗਿਆ ਰਿਹਾ।
ਜਿੱਥੇ ਪੱਤਰਕਾਰ ਭਾਈ ਗੁਰਬਖ਼ਸ਼ ਸਿੰਘ ਨਾਲ ਲਗਾਤਾਰ ਰਾਬਤਾ ਬਣਾਏ ਹੋਏ ਹਨ, ਉਥੇ ਪ੍ਰਸ਼ਾਸਨ ਅਤੇ ਗੁਪਤਚਰ ਵਿਭਾਗ ਵੀ ਉਨ੍ਹਾਂ ‘ਤੇ ਤਿੱਖੀ ਨਜ਼ਰ ਲਾ ਕੇ ਬੈਠਾ ਹੈ।
ਗੁਰਬਖਸ਼ ਸਿੰਘ ਖਾਲਸਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਉਹ ਬੰਦੀ ਸਿੰਘਾਂ ਦੀ ਪੱਕੀ ਰਿਹਾਈ ਲਈ ਇਹ ਸੰਘਰਸ਼ ਕਰ ਰਹੇ ਹਨ ਅਤੇ ਇਹ ਚਾਹੁੰਦੇ ਹਨ ਕਿ ਜੋ ਵੀ ਇਨਸਾਨ ਆਪਣੀ ਸਜ਼ਾ ਪੂਰੀ ਕਰ ਚੁੱਕਾ ਹੈ, ਭਾਵੇਂ ਉਹ ਕਿਸੇ ਵੀ ਧਰਮ ਨਾਲ ਸਬੰਧ ਰੱਖਦਾ ਹੋਵੇ, ਉਸ ਨੂੰ ਰਿਹਾਅ ਕਰਨਾ ਚਾਹੀਦਾ ਹੈ। ਜੇਕਰ ਕਿਸੇ ਵੀ ਧਰਮ ਦਾ ਵਿਅਕਤੀ ਕਾਨੂੰਨੀ ਸਹਾਇਤਾ ਨਾ ਮਿਲਣ ਕਰਕੇ ਰਿਹਾਅ ਨਹੀਂ ਹੋ ਰਿਹਾ, ਉਹ ਉਨ੍ਹਾਂ ਨਾਲ ਸੰਪਰਕ ਕਰ ਸਕਦਾ ਹੈ। ਉਹ ਉਸ ਦੀ ਹਰਸੰਭਵ ਮਦਦ ਕਰਨਗੇ।
ਭਾਈ ਖਾਲਸਾ ਨੇ ਇਸ ਸੰਘਰਸ਼ ਵਿਚ ਉਨ੍ਹਾਂ ਦਾ ਸਾਥ ਦੇ ਰਹੇ ਸ਼ੁਭ ਚਿੰਤਕਾਂ ਦਾ ਧੰਨਵਾਦ ਵੀ ਕੀਤਾ। ਗੁਰਬਖ਼ਸ਼ ਸਿੰਘ ਖਾਲਸਾ ਨੂੰ ਅੱਜ ਮਿਲਣ ਵਾਲਿਆਂ ‘ਚ ਸਤਿਨਾਮ ਸਿੰਘ, ਗੁਰਚਰਨ ਸਿੰਘ, ਮਾਸਟਰ ਰਘੁਵੀਰ ਸਿੰਘ, ਜਸਪਾਲ ਸਿੰਘ, ਸੁਰਜਾ ਸਿੰਘ ਅਤੇ ਕੁਲਵੰਤ ਸਿੰਘ ਆਦਿ ਸ਼ਾਮਿਲ ਹਨ।