ਚੰਡੀਗੜ: (15 ਦਸੰਬਰ, 2015): ਅੱਜ ਜਿੱਥੇ ਪੰਜਾਬ ਦੀ ਸੱਤਾਧਾਰੀ ਪਾਰਟੀ ਬਾਦਲ ਦਲ ਅਤੇ ਇਸਦੀ ਰਿਵਾਇਤੀ ਵਿਰੋਧੀ ਪਾਰਟੀ ਕਾਂਗਰਸ ਕ੍ਰਮਵਾਰ ਪਟਿਆਲਾ ਅਤੇ ਬਠਿੰਡਾ ਵਿੱਚ ਰੈਲੀਆਂ ਕਰਕੇ ਆਪੋ ਆਪਣੀ ਸਿਆਸੀ ਤਾਕਤ ਦਾ ਮੁਜ਼ਾਹਰਾ ਕਰ ਰਹੀਆਂ ਸਨ, ਉੱਥੇ ਪੰਜਾਬ ਵਿੱਚ ਪਿਛਲੀਆਂ ਲੋਕ ਸਭਾ ਚੋਣਾਂ ਵਿੱਚ ਤੀਜ਼ੀ ਮੁੱਖ ਧਿਰ ਵਜੋਂ ਉਭਰੀ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਨਰਮਾ ਪੱਟੀ ਵਿੱਚ ਨਕਲੀ ਕੀੜੇਮਾਰ ਦਵਾਈਆਂ ਅਤੇ ਨਕਲੀ ਬੀਜ਼ਾਂ ਦੇ ਮਾਮਲੇ ‘ਤੇ ਜਿਲਾ ਦਫਤਰਾਂ ‘ਤੇ ਧਰਨਾ ਦੇਕੇ ਪੰਜਾਬ ਦੇ ਖੇਤੀਬਾੜੀ ਮੰਤਰੀ ਤੋਤਾ ਸਿੰਘ ਨੂੰ ਬਰਖਾਸਤ ਕਰਕੇ ਕਰਵਾਈ ਕਰਨ ਦੀ ਮੰਗ ਕੀਤੀ।

ਤਰਨਤਾਰਨ ਵਿੱਚ ਆਮ ਆਦਮੀ ਪਾਰਟੀ ਵੱਲੋਂ ਸੂਬੇ ਦੀ ਨਰਮਾ ਪੱਟੀ ਵਿੱਚ ਨਿਕੰਮੀਆਂ ਅਤੇ ਗੈਰਮਿਆਰੀ ਕੀੜੇਮਾਰ ਦਵਾਈਆਂ ਕਰਕੇ ਕਰੋੜਾਂ ਰੁਪਏ ਦੇ ਨਰਮੇ ਦੇ ਨਸ਼ਟ ਹੋ ਜਾਣ ਖ਼ਿਲਾਫ਼ ਅੱਜ ਇਥੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਸਾਹਮਣੇ ਧਰਨਾ ਦਿੱਤਾ ਗਿਆਙ ਪਾਰਟੀ ਨੇ ਸੂਬੇ ਦੇ ਖੇਤੀਬਾੜੀ ਮੰਤਰੀ ਤੋਤਾ ਸਿੰਘ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਉਸ ਨੂੰ ਗ੍ਰਿਫ਼ਤਾਰ ਕੀਤੇ ਜਾਣ ਦੀ ਮੰਗ ਕੀਤੀਙ ਪਾਰਟੀ ਆਗੂ ਹਰਦੀਪ ਸਿੰਘ ਕਿੰਗਰਾ, ਸਰਤਾਜ ਹਰੀਕੇ, ਕੈਪਟਨ ਬਿਕਰਮਜੀਤ ਸਿੰਘ ਪਹੁਵਿੰਡ, ਇਕਬਾਲ ਸਿੰਘ ਭਾਗੋਵਾਲੀਆ, ਗੁਰਸ਼ਰਨ ਕਪੂਰ, ਡਾ. ਸੁਰਿੰਦਰ ਸਿੰਘ ਸ਼ਾਹੀ, ਦਵਿੰਦਰਜੀਤ ਸਿੰਘ ਢਿੱਲੋਂ, ਜਸਬੀਰ ਸਿੰਘ ਸੁਰਸਿੰਘ , ਸੁਖਬੀਰ ਸਿੰਘ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੂਬੇ ਅੰਦਰ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਸਰਕਾਰ ਵੱਲੋਂ ਨਰਮਾ ਪੱਟੀ ਦੇ ਕਿਸਾਨਾਂ ਨੂੰ ਸਹੀ ਕੀੜੇਮਾਰ ਦਵਾਈਆਂ ਦੇਣ ਦੀ ਥਾਂ ਗੈਰਮਿਆਰੀ ਦਵਾਈਆਂ ਉਪਲਬਧ ਕਰਾਈਆਂ ਗਈਆਂ ਜਿਸ ਕਰਕੇ ਕਿਸਾਨ ਦਾ ਨਰਮਾ ਨਸ਼ਟ ਹੀ ਨਹੀਂ ਹੋਇਆ ਬਲਕਿ ਕਿਸਾਨ ਦੀ ਲਾਗਤ ਵੀ ਵਿਅਰਥ ਜਾਂਦੀ ਰਹੀ।
ਪਠਾਨਕੋਟ ਵਿੱਚ ਪੰਜਾਬ ਦੇ ਖੇਤੀਬਾੜੀ ਮੰਤਰੀ ਤੋਤਾ ਸਿੰਘ ਨੂੰ ਹਟਾਉਣ ਦੀ ਮੰਗ ਨੂੰ ਲੈ ਕੇ ਅੱਜ ਆਮ ਆਦਮੀ ਪਾਰਟੀ ਵੱਲੋਂ ਡਾਕਟਰ ਅਨਿਲ ਭਾਰਦਵਾਜ , ਕਰਨਲ ਅਸ਼ੋਕ ਡੋਗਰਾ ਤੇ ਅਰੁਨ ਮੇਅਰ ਦੀ ਅਗਵਾਈ ਹੇਠ ਇੱਕ ਰੋਸ ਜਲੂਸ ਕੱਢਿਆ ਗਿਆ। ਇਸ ਵਿੱਚ ਪਠਾਨੋਕਟ , ਭੋਆ ਤੇ ਸੁਜਾਨਪੁਰ ਦੇ ਆਗੂ ਲੇਬਰ ਸ਼ੈਡ ਵਿੱਚ ਇਕੱਤਰ ਹੋਏ ਅਤੇ ਇੱਥੋਂ ਜਲੂਸ ਦੀ ਸ਼ਕਲ ’ਚ ਡਿਪਟੀ ਕਮਿਸ਼ਨਰ ਦੇ ਦਫਤਰ ਮੂਹਰੇ ਪੁੱਜੇ ਜਿੱਥੇ ਇਹ ਧਰਨੇ ਦਾ ਰੂਪ ਧਾਰਨ ਕਰ ਗਿਆ। ਇਸ ਧਰਨੇ ਨੂੰ ਯੂਥ ਵਿੰਗ ਦੀ ਜੁਆਇੰਟ ਸਕੱਤਰ ਸਿਮਰਨਜੀਤ ਕੌਰ , ਕੌਂਸਲਰ ਰਾਜੂ ਮਹਾਜਨ , ਕੁਲਵੰਤ ਸਿੰਘ ਮੇਅਰ , ਰਾਜਾ ਜੁਲਕਾ , ਸਿੰਪੀ ਮਹਾਜਨ , ਦਵਿੰਦਰ ਭੱਲਾ , ਲੁਭਾਇਆ ਰਾਮ , ਬਿੱਟਾ , ਬਲਜਿੰਦਰ ਸਿੰਘ , ਆਦਿ ਨੇ ਸੰਬੋਧਨ ਕੀਤਾ।
ਫਤਹਿਗੜ੍ਹ ਸਾਹਿਬ ਵਿਖੇ ਆਮ ਆਦਮੀ ਪਾਰਟੀ (ਆਪ) ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫਤਹਿਗੜ੍ਹ ਸਾਹਿਬ ਮੂਹਰੇ ਸੂਬਾ ਯੂਥ ਪ੍ਰਧਾਨ ਨਵਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਭਾਰੀ ਰੋਸ ਪ੍ਰਦਰਸ਼ਨ ਕਰਦੇ ਹੋਏ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਪ੍ਰਦਰਸ਼ਨਕਾਰੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਮੰਤਰੀ ਤੋਤਾ ਸਿੰਘ ਨੂੰ ਬਰਖ਼ਾਸਤ ਕਰਨ ਦੀ ਮੰਗ ਕਰ ਰਹੇ ਸਨ। ਉਪਰੰਤ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਆਗੂਆਂ ਨੇ ਇਕ ਮੰਗ ਪੱਤਰ ਵੀ ਦਿੱਤਾ। ਬੁਲਾਰਿਆਂ ਨੇ ਕਿਹਾ ਕਿ ਕੀਟਨਾਸ਼ਕ ਦਵਾਈਆਂ ਦੀ ਖ਼ਰੀਦ ਵਿਚ ਹੋਏ ਕਥਿਤ ਭ੍ਰਿਸ਼ਟਾਚਾਰ ਲਈ ਅਕਾਲੀ ਮੰਤਰੀ ਜਥੇਦਾਰ ਤੋਤਾ ਸਿੰਘ ਸਿੱਧੇ ਤੌਰ ’ਤੇ ਜ਼ਿੰਮੇਵਾਰ ਹਨ। ਇਸ ਲਈ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਨ੍ਹਾਂ ਨੂੰ ਤੁਰੰਤ ਮੰਤਰੀ ਮੰਡਲ ਵਿਚੋਂ ਬਰਖ਼ਾਸਤ ਕਰਕੇ ਗ੍ਰਿਫ਼ਤਾਰ ਕੀਤਾ ਜਾਵੇ।
ਬੁਲਾਰਿਆਂ ਨੇ ਇਸ ਅਪਰਾਧ ਨੂੰ ਇਕ ਘੁਟਾਲੇ ਦਾ ਨਾਮ ਦਿੱਤਾ ਅਤੇ ਇਸ ਲਈ ਖੇਤੀਬੜੀ ਮੰਤਰੀ ਨੂੰ ਬਿਨਾਂ ਦੇਰੀ ਦੇ ਗ੍ਰਿਫ਼ਤਾਰ ਕੀਤੇ ਜਾਣ ਦੀ ਮੰਗ ਕੀਤੀਙ ਆਗੂਆਂ ਇਸ ਲਈ ਪੀੜਤ ਕਿਸਾਨਾਂ ਨੂੰ ਪ੍ਰਤੀ ਏਕੜ 30,000 ਰੁਪਏ ਦਾ ਮੁਆਵਜ਼ਾ ਦਿੱਤੇ ਜਾਣ ਦੇ ਨਾਲ ਨਾਲ 20,000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮਜ਼ਦੂਰ ਨੂੰ ਵੀ ਮੁਆਵਜ਼ਾ ਦਿੱਤੇ ਜਾਣ ਦੇ ਮੰਗ ਰੱਖੀ। ਪਾਰਟੀ ਵੱਲੋਂ ਇਸ ਸਬੰਧੀ ਮੰਗ ਪੱਤਰ ਵੀ ਡਿਪਟੀ ਕਮਿਸ਼ਨਰ ਨੂੰ ਦਿੱਤਾ ਗਿਆ।