Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਖਡੂਰ ਸਾਹਿਬ ਦੀ ਜ਼ਿਮਨੀ ਚੋਣ ਦਾ ਦੂਰਗ਼ਾਮੀ ਮਹੱਤਵ

ਖਡੂਰ ਸਾਹਿਬ ਦੀ ਜ਼ਿਮਨੀ ਚੋਣ ਦਾ ਦੂਰਗ਼ਾਮੀ ਮਹੱਤਵ

ਚੋਣ ਕਮਿਸ਼ਨ ਨੇ ਖਡੂਰ ਸਾਹਿਬ ਦੀ ਜ਼ਿਮਨੀ ਚੋਣ ਦੀ ਤਾਰੀਖ਼ ਦਾ ਐਲਾਨ ਕਰ ਦਿੱਤਾ ਹੈ। ਇਸ ਐਲਾਨ ਨਾਲ ਪੰਜਾਬ ਦੇ ਸਿਆਲੂ ਦਿਨਾਂ ਦੇ ਪਹਿਲਾਂ ਤੋਂ ਹੀ ਗਰਮ ਸਿਆਸੀ ਮਾਹੌਲ ਵਿੱਚ ਹੋਰ ਗਰਮਾਹਟ ਆ ਗਈ ਹੈ। ਆਮ ਹਾਲਤਾਂ ਵਿੱਚ ਜੇ ਮੁੱਖ ਚੋਣਾਂ ਵਿੱਚ ਅੱਧ ਤੋਂ ਵੱਧ ਸਮਾਂ ਰਹਿੰਦਾ ਹੋਵੇ ਤਾਂ ਜ਼ਿਮਨੀ ਚੋਣ ਮਹਿਜ਼ ਰਸਮੀ ਸੰਵਿਧਾਨਕ ਕਾਰਵਾਈ ਹੀ ਹੁੰਦੀ ਹੈ। ਅਜਿਹੀ ਜ਼ਿਮਨੀ ਚੋਣ ਵਿੱਚ ਆਮ ਕਰਕੇ ਹਾਕਮ ਧਿਰ ਹੀ ਜਿੱਤ ਪ੍ਰਾਪਤ ਕਰਦੀ ਹੈ।

ਇਸ ਕਰਕੇ ਕਈ ਵਿਅਕਤੀ ਇਹ ਵੀ ਸੋਚਦੇ ਹਨ ਕਿ ਜ਼ਿਮਨੀ ਚੋਣ ਨਾਲ ਇੱਕ ਪਾਸੇ ਤਾਂ ਪੈਸੇ ਦੀ ਬਰਬਾਦੀ ਹੁੰਦੀ ਹੈ ਅਤੇ ਦੂਜੇ ਪਾਸੇ ਚੋਣ ਜਾਬਤਾ ਲੱਗਣ ਨਾਲ ਸਰਕਾਰੀ ਕੰਮ ਕਾਜ ਰੁਕ ਜਾਂਦੇ ਹਨ। ਇਸ ਲਈ ਚੋਣ ਕਮਿਸ਼ਨ ਨੂੰ ਜ਼ਿਮਨੀ ਚੋਣ ਦੀ ਥਾਂ ਨਾਮਜ਼ਦਗੀ ਦਾ ਕੋਈ ਤਰੀਕਾ ਹੀ ਅਪਣਾ ਲੈਣਾ ਚਾਹੀਦਾ ਹੈ। ਇਹ ਸੰਵਿਧਾਨਕ ਕਾਨੂੰਨੀ ਵਿਵਾਦ ਦਾ ਮੁੱਦਾ ਹੈ ਜਿਸ ਸਬੰਧੀ ਹਾਲੇ ਸੰਜੀਦਾ ਵਿਚਾਰ-ਵਟਾਂਦਰੇ ਦੀ ਜ਼ਰੂਰਤ ਹੈ।

ਪੰਜਾਬ ਵਿਧਾਨ ਸਭਾ ਦੀਆਂ ਆਮ ਚੋਣਾਂ ਹੋਣ ਵਿੱਚ ਭਾਵੇਂ ਕੇਵਲ 8-10 ਮਹੀਨੇ ਹੀ ਬਾਕੀ ਹਨ ਫਿਰ ਵੀ ਪੰਜਾਬ ਦੀ ਮੌਜੂਦਾ ਸਥਿਤੀ ਵਿੱਚ ਖਡੂਰ ਸਾਹਿਬ ਦੀ ਜ਼ਿਮਨੀ ਚੋਣ ਬੜੀ ਅਹਿਮ ਹੋ ਗਈ ਹੈ। ਇਹ ਜ਼ਿਮਨੀ ਚੋਣ ਪੰਜਾਬ ਦੇ 2017 ਵਿੱਚ ਹੋਣ ਵਾਲੇ ਸਿਆਸੀ ਦੰਗਲ ਲਈ ਸੈਮੀਫਾਈਨਲ ਮੰਨੀ ਜਾ ਰਹੀ ਹੈ। ਜ਼ਿਮਨੀ ਚੋਣ ਆਮ ਕਰਕੇ ਮੈਂਬਰ ਦੀ ਮੌਤ, ਮੈਂਬਰੀ ਤੋਂ ਆਯੋਗ ਕਰਾਰ ਦੇਣ ਜਾਂ ਮੈਂਬਰ ਵੱਲੋਂ ਅਸਤੀਫ਼ਾ ਦੇਣ ਆਦਿ ਕਰਕੇ ਕਰਵਾਈ ਜਾਂਦੀ ਹੈ। ਪਹਿਲੀ ਸਥਿਤੀ ਵਿੱਚ ਆਮ ਕਰਕੇ ਹਮਦਰਦੀ ਦੀ ਵੋਟ ਪਾਰਟੀ ਜਾਂ ਪਰਿਵਾਰ ਨੂੰ ਪੈਂਦੀ ਹੈ। ਆਯੋਗ ਕਰਾਰ ਦੇਣ ਸਮੇਂ ਅਕਸਰ ਦੋਸ਼ੀ ਵਿਅਕਤੀ ਦੇ ਖ਼ਿਲਾਫ਼ ਵੋਟ ਭੁਗਤਣ ਦੇ ਆਸਾਰ ਵੀ ਹੁੰਦੇ ਹਨ ਅਤੇ ਜਦੋਂ ਕੋਈ ਮੈਂਬਰ ਕਿਸੇ ਵਿਸ਼ੇਸ਼ ਮੁੱਦੇ ’ਤੇ ਅਸਤੀਫ਼ਾ ਦਿੰਦਾ ਹੈ ਤਾਂ ਉਹ ਮੁੱਦਾ ਕੇਂਦਰ ਵਿੱਚ ਆ ਜਾਂਦਾ ਹੈ। ਇਸ ਹਾਲਤ ਵਿੱਚ ਜ਼ਿਮਨੀ ਚੋਣ ਨੂੰ ਉਸ ਮੁੱਦੇ ਪ੍ਰਤੀ ਲੋਕ ਰਾਏ ਵੀ ਸਮਝ ਲਿਆ ਜਾਂਦਾ ਹੈ।

ਖਡੂਰ ਸਾਹਿਬ ਤੋਂ ਕਾਂਗਰਸੀ ਐਮ.ਐਲ.ਏ ਰਮਨਜੀਤ ਸਿੰਘ ਸਿੱਕੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ’ਤੇ ਅਸਤੀਫ਼ਾ ਦੇ ਦਿੱਤਾ ਸੀ। ਪੰਜਾਬ ਵਿੱਚ ਇਸ ਸਮੇਂ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਹੈ ਅਤੇ ਬੇਅਦਬੀ ਦੇ ਮਾਮਲੇ ਦੀ ਜ਼ਿੰਮੇਵਾਰੀ ਵੀ ਸਰਕਾਰੀ ਧਿਰ ਦੀ ਹੈ। ਇਸ ਲਈ ਰਮਨਜੀਤ ਸਿੰਘ ਸਿੱਕੀ ਤੋਂ ਕਿਸੇ ਨੇ ਅਸਤੀਫ਼ਾ ਮੰਗਿਆ ਨਹੀਂ ਸੀ ਅਤੇ ਨਾ ਹੀ ਉਸ ਦੇ ਅਸਤੀਫ਼ੇ ਨਾਲ ਸਰਕਾਰ ਦੀ ਸਥਿਰਤਾ ਉੱਪਰ ਕੋਈ ਅਸਰ ਨਹੀਂ ਪੈਂਦਾ ਸੀ ਕਿਉਂਕਿ ਉਹ ਪਹਿਲਾਂ ਹੀ ਵਿਰੋਧੀ ਧਿਰ ਦਾ ਐਮ.ਐਲ.ਏ. ਸੀ। ਇਹ ਉਸ ਦਾ ਇੱਕ ਜ਼ਾਤੀ ਅਤੇ ਜਜ਼ਬਾਤੀ ਫ਼ੈਸਲਾ ਸੀ। ਇਸ ਦਾ ਸਰਕਾਰੀ ਧਿਰ ਉੱਪਰ ਕੁਝ ਨੈਤਿਕ ਦਬਾਅ ਪਿਆ ਹੋ ਸਕਦਾ ਹੈ। ਇਸ ਨਾਲ ਸਰਕਾਰੀ ਅਤੇ ਵਿਰੋਧੀ, ਦੋਹਾਂ ਧਿਰਾਂ ਨੇ ਮਸਲੇ ਦੀ ਸੰਵੇਦਨਸ਼ੀਲਤਾ ਨੂੰ ਮਹਿਸੂਸ ਕੀਤਾ ਹੋਵੇਗਾ ਪਰ ਸਿਆਸੀ ਗਿਣਤੀਆਂ ਮਿਣਤੀਆਂ ਵਿੱਚ ਇਸ ਅਸਤੀਫ਼ੇ ਦੇ ਕੋਈ ਵੱਡੇ ਮਾਅਨੇ ਨਿਕਲਣ, ਇਹ ਅਜੇ ਨਹੀਂ ਕਿਹਾ ਜਾ ਸਕਦਾ।

ਸਵਾਲ ਇਹ ਹੈ ਕਿ ਇਸ ਚੋਣ ਹਲਕੇ ਦੀ ਜ਼ਿਮਨੀ ਚੋਣ ਸਮੇਂ ਕੀ ਕਾਂਗਰਸ ਜਾਂ ਅਕਾਲੀ ਇਸ ਮੁੱਦੇ ਦੀ ਗੇਂਦ ਨਾਲ ਖੇਡਣਾ ਪਸੰਦ ਕਰਨਗੇ ਜਾਂ ਕੋਈ ਹੋਰ ਰਾਹ ਅਖਤਿਆਰ ਕਰਨਗੇ? ਇਸ ਸਥਿਤੀ ਨੂੰ ਦਿਲਚਸਪ ਬਣਾਉਣ ਵਾਲੀ ਗੱਲ ਇਹ ਹੈ ਕਿ ਸੱਤਾ ਪ੍ਰਾਪਤੀ ਲਈ ਤਿੰਨੇ ਧਿਰਾਂ ਅਕਾਲੀ ਦਲ ਭਾਜਪਾ, ਕਾਂਗਰਸ ਅਤੇ ਆਮ ਆਦਮੀ ਪਾਰਟੀ ਬਰਾਬਰ ਦੀਆਂ ਦਾਅਵੇਦਾਰ ਹਨ।

ਅਕਾਲੀ ਦਲ (ਮਾਨ), ਬਸਪਾ ਅਤੇ ਕਮਿਊਨਿਸਟ ਪਾਰਟੀਆਂ ਕਿਸੇ ਨਾਲ ਗੱਠਜੋੜ ਵਿੱਚ ਭਾਵੇਂ ਕੋਈ ਭੂਮਿਕਾ ਨਿਭਾ ਸਕਣ ਪਰ ਇਕੱਲੀਆਂ ਪਾਸਾ ਪਲਟ ਕਰਨ ਦੀ ਸਥਿਤੀ ਵਿੱਚ ਨਹੀਂ ਹਨ। ਕਾਂਗਰਸ ਅਤੇ ਅਕਾਲੀ ਦੋਹਾਂ ਪਾਰਟੀਆਂ ਦਾ ਚੋਣ ਲੜਨਾ ਨਿਸਚਿਤ ਹੈ। ਆਮ ਆਦਮੀ ਪਾਰਟੀ ਦੇ ਹੁਣ ਤਕ ਦੇ ਬਿਆਨਾਂ ਅਨੁਸਾਰ ਉਹ ਚੋਣ ਨਹੀਂ ਲੜ ਰਹੀ ਪਰ ਪਹਿਲਾਂ ਉਸ ਦੇ ਹੀ ਨਾਲ ਜੁੜੇ ਰਹੇ ਅਤੇ ਹੁਣ ਪਾਰਟੀ ਤੋਂ ਦੂਰ ਹੋ ਚੁੱਕੇ ਦੋ ਵਿਅਕਤੀ ਚੋਣ ਲੜਨ ਦਾ ਐਲਾਨ ਕਰ ਚੁੱਕੇ ਹਨ।

ਇੱਕ ਪਾਸੇ ਪਿਛਲੀਆਂ ਲੋਕ ਸਭਾ ਚੋਣਾਂ ਸਮੇਂ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਾਈ ਬਲਦੀਪ ਸਿੰਘ ਹਨ ਅਤੇ ਦੂਜੇ ਪਾਸੇ ਉਸ ਸਮੇਂ ਪੰਜਾਬ ਦੇ ਇੰਚਾਰਜ ਰਹੇ ਸ੍ਰੀ ਸੁਮੇਲ ਸਿੰਘ ਸਿੱਧੂ ਹਨ। ਦੋਵੇਂ ਹੀ ਆਮ ਆਦਮੀ ਪਾਰਟੀ ਨਾਲ ਜੁੜੇ ਰਹੇ ਹਨ ਪਰ ਸ੍ਰੀ ਅਰਵਿੰਦ ਕੇਜਰੀਵਾਲ ਨਾਲ ਸਿਧਾਂਤਕ ਮੱਤਭੇਦਾਂ ਕਾਰਨ ਯੋਗਿੰਦਰ ਯਾਦਵ, ਪ੍ਰਸ਼ਾਂਤ ਭੂਸ਼ਨ, ਧਰਮਵੀਰ ਗਾਂਧੀ, ਅਨੰਦ ਕੁਮਾਰ ਅਤੇ ਹਰਿੰਦਰ ਸਿੰਘ ਖ਼ਾਲਸਾ ਹੋਰਾਂ ਦੇ ਧੜੇ ਜਾਂ ਉਨ੍ਹਾਂ ਦੀਆਂ ਨਵੀਆਂਂ ਬਣੀਆਂਂ ਜਨਤਕ ਜਥੇਬੰਦੀਆਂਂ ਸਵਰਾਜ ਅਭਿਆਨ ਅਤੇ ਆਮ ਆਦਮੀ ਪਾਰਟੀ ਵਲੰਟੀਅਰ ਫੋਰਮ ਨਾਲ ਜੁੜੇ ਹੋਏ ਹਨ ਜਾਂ ਉਨ੍ਹਾਂ ਪ੍ਰਤੀ ਹਮਦਰਦੀ ਰਖਦੇ ਹਨ। ਇਸ ਸਥਿਤੀ ਵਿੱਚ ਜੇ ਇੱਕ ਉਮੀਦਵਾਰ ਖੜ੍ਹਦਾ ਹੈ ਤਾਂ ਉਹ ਅਕਾਲੀ, ਕਾਂਗਰਸ ਅਤੇ ਚੋਣਾਂ ਨਾ ਲੜਨ ਵਾਲੀ ਆਮ ਆਦਮੀ ਪਾਰਟੀ ਤਿੰਨਾਂ ਨੂੰ ਵਖਤ ਪਾ ਦੇਵੇਗਾ ਪਰ ਜੇ ਦੋਵੇਂ ਖੜ੍ਹ ਜਾਂਦੇ ਹਨ ਤਾਂ ਇਹ ਸਥਿਤੀ ਆਮ ਆਦਮੀ ਪਾਰਟੀ ਦੇ ਬਾਗ਼ੀਆਂ ਅਤੇ ਉਨ੍ਹਾਂ ਵੱਲ ਝੁਕਾਅ ਰੱਖਣ ਵਾਲਿਆਂ ਲਈ ਹਾਸੋ-ਹੀਣੀ ਹੋਵੇਗੀ। ਸਗੋਂ ਇਹ ਆਮ ਆਦਮੀ ਪਾਰਟੀ ਲਈ ਸਭ ਤੋਂ ਵਧੀਆ ਹੋਵੇਗੀ। ਇਸ ਸਥਿਤੀ ਵਿੱਚ ਮੁੱਖ ਮੁਕਾਬਲਾ ਅਕਾਲੀ ਅਤੇ ਕਾਂਗਰਸੀਆਂ ਦਰਮਿਆਨ ਹੀ ਰਹੇਗਾ।

ਆਮ ਆਦਮੀ ਪਾਰਟੀ ਆਪਣੀ ਸ਼ਾਖ ਬਚਾਈ ਰੱਖੇਗੀ ਅਤੇ ਆਪਣੇ ਚੋਣ ਨਾ ਲੜਨ ਦੇ ਫ਼ੈਸਲੇ ਨੂੰ ਸਹੀ ਠਹਿਰਾਵੇਗੀ। ਇਸ ਦੇ ਉਲਟ ਜੇ ਆਮ ਆਦਮੀ ਪਾਰਟੀ ਦੇ ਬਾਗ਼ੀ ਇੱਕੋ ਉਮੀਦਵਾਰ ਉਤਾਰਨ ਵਿੱਚ ਸਫ਼ਲ ਹੋ ਜਾਂਦੇ ਹਨ ਤਾਂ ਸਥਿਤੀ ਅਤਿਅੰਤ ਦਿਲਚਸਪ ਹੋ ਸਕਦੀ ਹੈ। ਚੋਣ ਦੰਗਲ ਅੰਦਰ ਆਮ ਆਦਮੀ ਪਾਰਟੀ ਦੀ ਗ਼ੈਰ-ਮੌਜੂਦਗੀ ਵਿੱਚ ਆਮ ਆਦਮੀ ਪਾਰਟੀ ਦੀ ਵੋਟ ਬਾਗ਼ੀ ਉਮੀਦਵਾਰ ਨੂੰ ਪੈ ਜਾਵੇਗੀ ਅਤੇ ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਬਾਗ਼ੀਆਂ ਨੂੰ ਇੱਕ-ਜੁੱਟ ਹੋਣ, ਪਾਰਟੀ ਬਣਾਉਣ ਅਤੇ ਆਪਣੇ ਸਿਧਾਂਤਾਂ ਨੂੰ ਪਰਚਾਰਨ ਦਾ ਸੁਨਹਿਰੀ ਮੌਕਾ ਮਿਲ ਜਾਵੇਗਾ ਅਤੇ ਜੇ ਉਹ ਸ੍ਰੀ ਅਰਵਿੰਦ ਕੇਜਰੀਵਾਲ ਦੀ ਸ਼ਖ਼ਸੀਅਤ ਅਤੇ ਚੋਣ ਨਿਸ਼ਾਨ ਝਾੜੂ ਤੋਂ ਬਗੈਰ ਕੋਈ ਕ੍ਰਿਸ਼ਮਾ ਵਿਖਾਉਣ ਵਿੱਚ ਸਫ਼ਲ ਹੋ ਜਾਂਦੇ ਹਨ ਤਾਂ ਇਹ ਕੇਵਲ ਅਕਾਲੀ ਅਤੇ ਕਾਂਗਰਸੀ ਪਾਰਟੀਆਂ ਲਈ ਹੀ ਨਹੀਂ ਸਗੋਂ ਆਮ ਆਦਮੀ ਪਾਰਟੀ ਲਈ ਵੀ ਖ਼ਤਰੇ ਦੀ ਘੰਟੀ ਹੋਵੇਗੀ।

ਇਹ ਚੋਣ ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ ਲਈ ਪ੍ਰਧਾਨਗੀ ਮਿਲਣ ਤੋਂ ਬਾਅਦ ਅਤੇ ਮਨਪ੍ਰੀਤ ਸਿੰਘ ਦੀ ਪੀਪਲਜ਼ ਪਾਰਟੀ ਦੇ ਕਾਂਗਰਸ ਵਿੱਚ ਰਲੇਵੇਂ ਤੋਂ ਬਾਅਦ ਮੁੱਛ ਦਾ ਸਵਾਲ ਹੈ। ਇਹ ਸੀਟ ਪਹਿਲਾਂ ਵੀ ਕਾਂਗਰਸ ਕੋਲ ਸੀ ਅਤੇ ਜੇ ਹੁਣ ਵੀ ਰਹਿੰਦੀ ਹੈ ਤਾਂ ਇਸ ਨਾਲ ਕਾਂਗਰਸ ਦਾ ਹੱਥ ਉੱਚਾ ਰਹਿੰਦਾ ਹੈ। ਪਰ ਜੇ ਪਛੜ ਜਾਂਦੀ ਹੈ ਤਾਂ ਬਿਨਾ ਸ਼ੱਕ ਉਹ ਸੈਮੀ ਫਾਈਨਲ ਹਾਰ ਗਈ ਹੈ ਅਤੇ ਅਗਲਾ 2017 ਦਾ ਅਸਲੀ ਮੁਕਾਬਲਾ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵਿੱਚ ਹੋਣ ਜਾ ਰਿਹਾ ਹੋਵੇਗਾ।

ਇਸ ਦੇ ਉਲਟ ਜੇ ਅਕਾਲੀ ਦਲ ਇਹ ਚੋਣ ਹਾਰ ਜਾਂਦਾ ਹੈ ਤਾਂ ਅਗਲੀ ਚੋਣ ਵਿੱਚ ਬਾਜ਼ੀ ਕਾਂਗਰਸ ਜਾਂ ਆਮ ਆਦਮੀ ਪਾਰਟੀ ਵਿਚਕਾਰ ਰਹਿ ਜਾਵੇਗੀ। ਅਕਾਲੀ ਦਲ ਤੀਜੇ ਨੰਬਰ ’ਤੇ ਚਲਾ ਜਾਵੇਗਾ। ਹਾਲ ਦੀ ਘੜੀ ਆਮ ਆਦਮੀ ਪਾਰਟੀ ਬੜੀ ਚੁਸਤੀ ਨਾਲ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਹੈ ਕਿ ਇਹ ਹਰ ਸਥਿਤੀ ਵਿੱੱਚ ਅਗਲੀ ਅਸਲੀ ਚੋਣ ਲਈ ਮੁੱਖ ਧਿਰ ਬਣੀ ਰਹੇ। ਉਹ ਸੈਮੀ ਫਾਈਨਲ ਵਿੱਚ ਲੜਨ ਦੀ ਥਾਵੇਂ ਟੀ.ਵੀ. ਸ਼ੋਅ ਰਾਹੀਂ ਪ੍ਰਚੱਲਤ ਹੋਏ ‘ਵਾਈਲਡ ਕਾਰਡ ਐਂਟਰੀ’ ਭਾਵ ਸਿੱਧਾ ਦਾਖ਼ਲਾ ਚਾਹੁੰਦੀ ਹੈ। ਪਰ ਉਸ ਦੇ ਬਾਗ਼ੀ ਸਾਥੀ ਉਸ ਨੂੰ ਇਹ ਸਿਆਸੀ ਚਾਲ ਚੱਲਣ ਨਹੀਂ ਦੇ ਰਹੇ ਅਤੇ ਜੋਖਿਮ-ਭਰਪੂਰ ਖੇਡ ਖੇਡਣ ਲਈ ਮਜਬੂਰ ਕਰ ਰਹੇ ਹਨ।

ਇਨ੍ਹਾਂ ਚੋਣਾਂ ਵਿੱਚ ਕਾਂਗਰਸ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ, ਜਿਸ ’ਤੇ ਸ੍ਰੀ ਸਿੱਕੀ ਨੇ ਅਸਤੀਫ਼ਾ ਦਿੱਤਾ ਸੀ, ਨਸ਼ਿਆਂ ਦੀ ਵਿਕਰੀ ਅਤੇ ਕਿਸਾਨਾਂ ਦੀ ਦੁਰਦਸ਼ਾ ਵਰਗੇ ਮੁੱਦਿਆਂ ਨੂੰ ਅੱਗੇ ਲਿਆਵੇਗੀ। ਇਸ ਦੇ ਬਾਵਜੂਦ ਜਾਪਦਾ ਹੈ ਕਿ ਸਭ ਤੋਂ ਵੱਧ ਅਹਿਮ ਮੁੱਦਾ ਪ੍ਰਬੰਧਕੀ ਅਕੁਸ਼ਲਤਾ ਅਤੇ ਭ੍ਰਿਸ਼ਟਾਚਾਰ ਦਾ ਹੀ ਬਣਿਆ ਰਹੇਗਾ।

ਅਕਾਲੀ ਦਲ ਦੂਹਰਾ ਰਾਗ ਅਲਾਪੇਗਾ। ਇੱਕ ਪਾਸੇ ਉਹ ਬੇਅਦਬੀ ਤੋਂ ਬਾਅਦ ਹੋਏ ਸਰਬੱਤ ਖ਼ਾਲਸਾ ਨੂੰ ਖ਼ਾਲਿਸਤਾਨ ਦੇ ਮੁੱਦੇ ਨਾਲ ਜੋੜਦਿਆਂ ਹਿੰਦੂ ਵੋਟਾਂ ਨੂੰ ਡਰਾ ਕੇ ਇਕੱਠਾ ਕਰੇਗਾ ਅਤੇ ਆਪਣੀ ਵੱਡੀ ਪ੍ਰਾਪਤੀ ਅਮਨ, ਸ਼ਾਂਤੀ ਅਤੇ ਭਾਈਚਾਰਾ ਦੱਸੇਗਾ। ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਏਅਰਪੋਰਟ, ਚਹੁੰਮਾਰਗੀਆਂ ਸੜਕਾਂ ਅਤੇ ਨਵੀਆਂ ਬਣੀਆਂ ਮਾਲਾਂ ਨੂੰ ਵਿਕਾਸ ਵਜੋਂ ਦਰਸਾਵੇਗਾ।

ਇਸ ਸਥਿਤੀ ਵਿੱਚ ਆਮ ਆਦਮੀ ਪਾਰਟੀ ਦੇ ਬਾਗ਼ੀ ਉਮੀਦਵਾਰ ਦੋਹਾਂ ਨੂੰ ਭੰਡਣ ਦੇ ਨਾਲੋ ਨਾਲ ਮਨਮਰਜ਼ੀ ਦਾ ਸਬਜ਼ ਬਾਗ਼ ਦਿਖਾਉਣ ਲਈ ਸੁਤੰਤਰ ਹੈ ਕਿਉਂਕਿ ਉਨ੍ਹਾਂ ਦੀ ਕਿਤੇ ਵੀ ਸਰਕਾਰ ਨਹੀਂ ਹੈ। ਚੋਣ ਦੰਗਲ ਦੀ ਅਸਲ ਸਥਿਤੀ ਤਾਂ 30 ਜਨਵਰੀ 2016 ਨੂੰ ਨਾਂ ਵਾਪਸੀ ਤੋਂ ਬਾਅਦ ਹੀ ਸਪਸ਼ਟ ਹੋਵੇਗੀ, ਪਰ ਲੋਕਾਂ ਦੇ ਮਨ ਵਿੱਚ ਕੀ ਹੈ, ਇਹ 13 ਫਰਵਰੀ ਨੂੰ ਮਸ਼ੀਨਾਂ ਵਿੱਚ ਬੰਦ ਹੋ ਜਾਵੇਗਾ।

16 ਫਰਵਰੀ ਦਾ ਦਿਨ ਪੰਜਾਬ ਦੇ ਲੋਕਾਂ ਲਈ ਮਹੱਤਵਪੂਰਨ ਹੋਵੇਗਾ ਕਿਉਂਕਿ ਉਸ ਦਿਨ ਨਤੀਜਾ ਕੋਈ ਵੀ ਨਿਕਲੇ, ਪੰਜਾਬ ਦੀ ਸਿਆਸੀ ਫਿਜ਼ਾ ਨੂੰ ਦੂਰ ਤਕ ਪ੍ਰਭਾਵਿਤ ਕਰੇਗਾ। ਉਂਜ, ਇਹ ਵੀ ਯਾਦ ਰੱਖਣ ਵਾਲੀ ਗੱਲ ਹੈ ਕਿ ਕਾਂਗਰਸ ਦੇ ਕਈ ਦਹਾਕੇ ਲੰਮੇ ਸ਼ਾਸਨ ਨੂੰ ਜੜ੍ਹੋਂ ਪੁੱਟਣ ਵਾਲੀ ਜੇ.ਪੀ. ਲਹਿਰ ਦੀ ਸ਼ੁਰੂਆਤ 1974 ਵਿੱਚ ਜਬਲਪਰ (ਮੱਧ ਪ੍ਰਦੇਸ਼) ਵਿੱਚ ਹੋਈ ਜ਼ਿਮਨੀ ਚੋਣ ’ਚ ਸ਼ਰਦ ਯਾਦਵ ਦੀ ਜਿੱਤ ਨਾਲ ਹੋਈ ਸੀ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਰਾਵੀ-ਬਿਆਸ ਵਾਟਰ ਟ੍ਰਿਬਿਊਨਲ ਦੀ ਟੀਮ ਨੂੰ ਰੋਪੜ ਵਿੱਚ ਕਿਸਾਨਾਂ ਦੇ ਵਿਰੋਧ ਕਾਰਨ ਆਪਣਾ ਦੌਰਾ ਰੱਦ ਕਰਨਾ ਪਿਆ। ਕਿਰਤੀ ਕਿਸਾਨ ਯੂਨੀਅਨ ਨੇ SYL ਨਹਿਰ ਦੇ ਮੁੱਦੇ 'ਤੇ ਨੈਸ਼ਨਲ ਹਾਈਵੇਅ ਜਾਮ ਕਰ
ਦਲ ਖਾਲਸਾ ਨੇ ਭਾਰਤੀ ਸਟੇਟ, ਨਿਆਂਪਾਲਿਕਾ ਅਤੇ ਡੇਰਾਵਾਦ/ਗੁਰੂਡੰਮ ਵਿਚਕਾਰ ਚੱਲ ਰਹੇ ਡੂੰਘੇ ਗਠਜੋੜ ਨੂੰ ਗੰਭੀਰਤਾ ਨਾਲ ਲੈੰਦਿਆਂ ਕਿਹਾ ਹੈ ਅਕਾਲੀ ਆਗੂ ਬਿਕਰਮਜੀਤ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਮਿਲਣਾ
ਹਾਲੀਆ ਹਫ਼ਤਿਆਂ ਦੌਰਾਨ ਅਖ਼ਬਾਰਾਂ ਅਤੇ ਸੋਸ਼ਲ ਮੀਡੀਆ ‘ਤੇ ਇੱਕ ਵਾਰ ਫਿਰ ਇਹ ਅਟਕਲਾਂ ਲੱਗਣ ਲੱਗ ਪਈਆਂ ਹਨ ਕਿ ਨਵੀਂ ਦਿੱਲੀ ਵਿੱਚ ਕੇਂਦਰੀ ਸਰਕਾਰ ਕਿਤੇ ਪੰਜਾਬ ਦੇ ਉੱਤਰ-ਪੱਛਮੀ ਜ਼ਿਲ੍ਹਿਆਂ ਦੇ ਕੁਝ
ਇਹਨੀ ਦਿਨੀਂ ਇਹ ਗੱਲ ਮੁੜ ਅਖਬਾਰਾਂ ਅਤੇ ਬਿਜਲ-ਸੱਥ (ਸੋਸ਼ਲ ਮੀਡੀਆ) ਉੱਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਿ ਕੀ ਦਿੱਲੀ ਦਰਬਾਰ ਦੀ ਕੇਂਦਰੀ ਹਕੂਮਤ ਪੰਜਾਬ ਦੇ ਉੱਤਰ-ਪੱਛਮੀ ਇਲਾਕਿਆਂ ਨੂੰ ਵੱਖ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: