ਤਲਵੰਡੀ ਸਾਬੋ: ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ 10 ਨਵੰਬਰ ਨੂੰ ਤਲਵੰਡੀ ਸਾਬੋ ਵਿਖੇ ਹੋਣ ਵਾਲੇ ਇਕੱਠ ਨੂੰ ਰੋਕਣ ਤੋਂ ਬਾਅਦ ਹੁਣ ਕਾਰਜਕਾਰੀ ਜਥੇਦਾਰਾਂ ਨੇ ਪਿੰਡ ਭਾਗੀ ਵਾਂਦਰ, ਨੇੜੇ ਤਲਵੰਡੀ ਸਾਬੋ ਵਿਖੇ 8 ਦਸੰਬਰ 2016 ਨੂੰ ਇਕੱਠ ਸੱਦਿਆ ਹੈ। ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਕਾਰਜਕਾਰੀ ਜਥੇਦਾਰਾਂ ਅਤੇ ਸਮਰਥਕ ਸਿਆਸੀ ਦਲਾਂ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ) ਅਤੇ ਯੂਨਾਇਟਿਡ ਅਕਾਲੀ ਦਲ ਨੇ 8 ਦਸੰਬਰ ਦੀ ਤਰੀਕ ਇਸ ਲਈ ਚੁਣੀ ਹੈ ਕਿਉਂਕਿ 8 ਦਸੰਬਰ ਨੂੰ ਸੱਤਾਧਾਰੀ ਬਾਦਲ ਦਲ ਦੀ ਮੋਗਾ ਵਿਖੇ ਸੂਬਾ ਪੱਧਰੀ ਰੈਲੀ ਹੈ।

ਭਾਈ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ, “ਅਸੀਂ ਸਮਝਦੇ ਹਾਂ ਕਿ ਜੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸੂਬੇ ‘ਚ ਕਿਤੇ ਵੀ ਰੈਲੀ ਕਰਨ ਦਾ ਹੱਕ ਹੈ ਤਾਂ ਸਰਕਾਰ ਸਾਡੇ ਰਾਹ ‘ਚ ਕਿਉਂ ਅੜਿੱਕੇ ਡਾਹ ਰਹੀ ਹੈ। ਅਸੀਂ ਇਜਾਜ਼ਤ ਲੈਣ ਲਈ ਅਰਜ਼ੀ ਨਹੀਂ ਦਿਆਂਗੇ, ਇਸ ਮਸਲਾ ਸਬੰਧਤ ਸਿੱਖ ਜਥੇਬੰਦੀਆਂ ‘ਤੇ ਛੱਡ ਦਿੱਤਾ ਹੈ।”
ਜ਼ਿਕਰਯੋਗ ਹੈ ਕਿ ਪ੍ਰਬੰਧਕਾਂ ਨੂੰ 10 ਨਵੰਬਰ ਦੇ ਇਕੱਠ ਲਈ ਸਥਾਨਕ ਪ੍ਰਸ਼ਾਸਨ ਵਲੋਂ ਇਜਾਜ਼ਤ ਨਹੀਂ ਸੀ ਮਿਲੀ।
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਉਹ ਇਜਾਜ਼ਤ ਲੈਣ ਲਈ ਅਰਜ਼ੀ ਦਾਖਲ ਕਰਨਗੇ। ਮਾਨ ਨੇ ਕਿਹਾ, “ਸਰਕਾਰ ਸਾਡੀ ਅਵਾਜ਼ ਨੂੰ ਦਬਾਉਣਾ ਚਾਹੁੰਦੀ ਹੈ।”
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:
Acting Jathedars Announce to Hold Sikh Gathering on Dec. 8 at Talwandi Sabo …