ਸ੍ਰੀਨਗਰ (5 ਦਸੰਬਰ, 2014): ਅੱਜ ਤੜਕੇ ਉੱਤਰੀ ਕਸ਼ਮੀਰ ਦੇ ਬਾਰਾਮੁਲਾ ਜ਼ਿਲ੍ਹੇ ਦੇ ਉੜੀ ਇਲਾਕੇ ਵਿਚ ਭਾਰਤ ਫ਼ੌਜ ਦੇ ਇਕ ਕੈਂਪ ‘ਤੇ ਕਸ਼ਮੀਰੀ ਖਾੜਕੂਆਂ ਵਲੋਂ ਕੀਤੇ ਗਏ ਫਿਦਾਈਨ ਹਮਲੇ ਵਿਚ ਇਕ ਲੈਫਟੀਨੈਂਟ ਕਰਨਲ ਸਮੇਤ 8 ਸੈਨਿਕ ਅਤੇ ਚਾਰ ਪੁਲਿਸ ਜਵਾਨ ਮਾਰੇ ਗਏ ।
ਪੁਲਿਸ ਨੇ ਦੱਸਿਆ ਕਿ ਕਸ਼ਮੀਰੀ ਖਾੜਕੂਆਂ ਨੇ ਉੜੀ ਤਹਿਸੀਲ ‘ਚ ਮੋਹਰਾ ਵਿਖੇ ਫ਼ੌਜੀ ਕੈਂਪ ‘ਤੇ ਤੜਕੇ 3.10 ਵਜੇ ਹਮਲਾ ਕੀਤਾ ਅਤੇ ਸੁਰੱਖਿਆ ਬਲਾਂ ਨਾਲ ਜ਼ਬਰਦਸਤ ਮੁਕਾਬਲਾ ਕੀਤਾ ਙ ਉੜੀ, ਜੋ ਕਿ ਸ੍ਰੀਨਗਰ ਤੋਂ 100 ਕਿਲੋਮੀਟਰ ਦੂਰ ਕੰਟਰੋਲ ਰੇਖਾ ਨੇੜੇ ਪੈਂਦਾ ਹੈ ਵਿਚ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੋਣ ਪ੍ਰਚਾਰ ਕਰਨਾ ਹੈ।
ਸਰਕਾਰੀ ਸੂਤਰਾਂ ਨੇ ਦੱਸਿਆ ਕਿ ਮਿ੍ਤਕਾਂ ਵਿਚ ਪੰਜਾਬ ਰੈਜਮੈਂਟ ਦੇ ਲੈਫਟੀਨੈਂਟ ਕਰਨਲ ਸੰਕਲਪ ਕੁਮਾਰ ਸਮੇਤ ਸੈਨਾ ਦੇ 8 ਜਵਾਨ, ਚਾਰ ਪੁਲਿਸ ਮੁਲਾਜ਼ਮ ਅਤੇ 6 ਖਾੜਕੂ ਸ਼ਾਮਿਲ ਹਨ ਪਰ ਫ਼ੌਜ ਨੇ ਲੈਫਟੀਨੈਂਟ ਕਰਨਲ ਸਮੇਤ ਚਾਰ ਸੈਨਿਕਾਂ ਦੇ ਸ਼ਹੀਦ ਹੋਣ ਦੀ ਪੁਸ਼ਟੀ ਕੀਤੀ ਹੈ ।ਚਾਰ ਜਵਾਨਾਂ ਦੀਆਂ ਲਾਸ਼ਾਂ ਸੜ ਗਈਆਂ, ਇਕ ‘ਤੇ ਅੱਗ ਨਾਲ ਸੜਨ ਦੇ ਜ਼ਖ਼ਮ ਅਤੇ ਤਿੰਨ ਹੋਰਨਾਂ ਦੇ ਗੋਲੀਆਂ ਲੱਗੀਆਂ ਹੋਈਆਂ ਸਨ ।
ਮਾਰੇ ਗਏ ਖਾੜਕੂਆਂ ਕੋਲੋਂ 55 ਮੈਗਜ਼ੀਨਾਂ ਸਮੇਤ 6 ਏ. ਕੇ. ਰਾਈਫਲਾਂ, ਦੋ ਸ਼ਾਟਗਨਜ਼, ਦੋ ਹਨ੍ਹੇਰੇ ‘ਚ ਦੇਖਣ ਵਾਲੇ ਯੰਤਰ, ਚਾਰ ਰੇਡੀਓ ਸੈੱਟ, 32 ਹੱਥ ਗੋਲੇ, ਇਕ ਮੈਡੀਕਲ ਕਿਟ ਅਤੇ ਹੋਰ ਵੱਡੀ ਮਾਤਰਾ ਵਿਚ ਸਾਮਾਨ ਬਰਾਮਦ ਕੀਤਾ ਗਿਆ ਹੈ।
ਰਾਜੌਰੀ ਵਿਚ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਪਾਕਿਸਤਾਨ ਨੂੰ ਅੱਤਵਾਦੀਆਂ ਨੂੰ ਰੋਕਣ ਲਈ ਤੁਰੰਤ ਕਦਮ ਚੁੱਕਣੇ ਚਾਹੀਦੇ ਹਨ । ਉਨ੍ਹਾਂ ਕਿਹਾ ਕਿ ਲਗਾਤਾਰ ਸਰਹੱਦ ਪਾਰੋਂ ਪਾਕਿਸਤਾਨ ਤੋਂ ਘੁਸਪੈਠ ਹੋ ਰਹੀ ਹੈ ਅਤੇ ਇਥੇ ਤਬਾਹੀ ਮਚਾਈ ਗਈ ਹੈ। ਉਨ੍ਹਾਂ ਪੁੱਛਿਆ ਕਿ ਕੀ ਇਸ ਲਈ ਪਾਕਿਸਤਾਨ ਜਵਾਬਦੇਹ ਨਹੀਂ।
ਦਿੱਲੀ ਵਿਚ ਰੱਖਿਆ ਮੰਤਰੀ ਮਨੋਹਰ ਪਾਰੀਕਰ ਨੇ ਕਿਹਾ ਕਿ ਇਹ ਸੰਭਵ ਹੈ ਕਿ ਇਹ ਹਮਲਾ ਚੋਣਾਂ ਕਾਰਨ ਕੀਤਾ ਗਿਆ ਹੈ ।