ਬਾਘਾ ਪੁਰਾਣਾ( 1 ਮਈ, 2015): ਪਿੱਛਲੇ ਦਿਨੀ ਔਰਬਿਟ ਬੱਸ ਦੇ ਚਾਲਕਾਂ ਤੇ ਸਹਾਇਕਾਂ ਵੱਲੋਂ ਇੱਕ ਔਰਤ ਅਤੇ ਉਸਦੀ ਬੱਚੀ ਨਾਲ ਛੇੜਖਾਨੀ ਕਰਨ ਅਤੇ ਧੱਕਾ ਦੇ ਕੇ ਬਾਹਰ ਸੁੱਟਣ ਦੀ ਕੀਤੀ ਗਈ ਸ਼ਰਮਨਾਕ ਕਾਰਵਾਈ, ਜਿਸ ਵਿੱਚ ਬੱਚੀ ਦੀ ਮੌਤ ਹੋ ਗਈ ਸੀ, ਸਬੰਧੀ ਅੱਜ ਸਵੇਰੇ ਪੰਜਾਬ ਦੀਆਂ ਵੱਖ-ਵੱਖ ਜਥੇਬੰਦੀਆਂ ਦੀ ਇਕ ਵਿਸ਼ੇਸ਼ ਮੀਟਿੰਗ ਹੋਈ, ਜਿਸ ‘ਚ ਇਸ ਕਾਂਡ ਨੂੰ ਲੈ ਕੇ ਤੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਇਕ ਐਕਸ਼ਨ ਕਮੇਟੀ ਦਾ ਗਠਨ ਕੀਤਾ ਗਿਆ ਹੈ।

ਰੋਸ ਮੁਜ਼ਾਹਰਾ ਕਰਦੀਆਂ ਹੋਈਆਂ
ਐਕਸ਼ਨ ਕਮੇਟੀ ਨੇ ਕਿਹਾ ਕਿ ਜਿਨ੍ਹਾਂ ਚਿਰ ਪੀੜਤ ਪਰਿਵਾਰ ਨੂੰ 20 ਲੱਖ ਰੁਪਏ ਦੀ ਮਾਇਕ ਸਹਾਇਤਾ ਤੇ ਇਕ ਪਰਿਵਾਰ ਦੇ ਜੀਅ ਨੂੰ ਸਰਕਾਰੀ ਨੌਕਰੀ ਤੇ ਇਸ ਕੇਸ ਨੂੰ ਫਾਸਟ ਟਰੈਕ ‘ਤੇ ਪਾਉਣ, ਫੜੇ ਗਏ ਦੋਸ਼ੀਆਂ ਦੀ ਮੀਡੀਏ ਤੇ ਪੀੜਤ ਪਰਿਵਾਰ ਤੋਂ ਸ਼ਨਾਖਤ ਕਰਵਾਉਣ ਆਦਿ ਮੰਗਾਂ ਦਾ ਹੱਲ ਨਹੀਂ ਹੁੰਦਾ ਓਨੀ ਦੇਰ ਤੱਕ ਮਿ੍ਤਕ ਲੜਕੀ ਦਾ ਪੋਸਟ ਮਾਰਟਮ ਨਹੀਂ ਹੋਣ ਦਿੱਤਾ ਜਾਵੇਗਾ।
ਉਨ੍ਹਾਂ ਇਹ ਵੀ ਦੱਸਿਆ ਕਿ ਰਾਤ 12 ਵਜੇ ਦੇ ਕਰੀਬ ਪੀੜਤ ਲੜਕੀ ਦੇ ਬਾਪ ਨੂੰ ਪੁਲਿਸ ਤੇ ਇਕ ਕਾਰ ਏਜੰਸੀ ਦਾ ਮਾਲਕ ਲੈ ਗਏ ਸਨ ਤੇ ਉਨ੍ਹਾਂ ਨੇ ਉਸ ਤੋਂ ਕੋਰੇ ਕਾਗਜ਼ ‘ਤੇ ਧੱਕੇ ਨਾਲ ਦਸਤਖਤ ਵੀ ਕਰਵਾ ਲਏ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਪੰਜਾਬ ਪੁਲਿਸ ਸਰਕਾਰ ਦੀ ਸ਼ਹਿ ‘ਤੇ ਇਸ ਕੇਸ ਨੂੰ ਦਬਾਉਣਾ ਚਾਹੁੰਦੀ ਹੈ ।