ਮੁਕਤਸਰ: ( 14 ਜਨਵਰੀ, 2015); ਮੁਕਤਸਰ ਵਿੱਚ ਸ਼ਹੀਦਾਂ ਵੱਲੋਂ ਗੁਰੁ ਸਾਹਿਬ ਨਾਲ ਟੁੱਟੀ ਗੰਢਣ ਦੀ ਯਾਦ ਵਿੱਚ ਮਨਾਇਆ ਜਾ ਰਿਹਾ ਮਾਘੀ ਦਾ ਜੋੜ ਮੇਲਾ ਪੰਜਾਬ ਦੀ ਸਿਆਸਤ ਦਾ ਅਖਾੜਾ ਬਣਕੇ ਰਹਿ ਗਿਆ।ਸਾਰੀਆਂ ਰਾਜਸੀ ਪਾਰਟੀਆਂ ਵੱਲੋਂ ਬਹਤੁ ਸਮਾਂ ਪਹਿਲਾਂ ਇੱਕ ਦੂਜੇ ਨਾਲੋਂ ਮਾਘੀ ਮੇਲੇ ‘ਤੇ ਇਕੱਠ ਕਰਨ ਲਈ ਕੀਤੇ ਗਏ ਪ੍ਰਚਾਰ ਅਤੇ ਜ਼ੋਰ ਅਜ਼ਮਾਈ ਨੇ ਲੋਕਾਂ ਦਾ ਧਿਆਨ ਇਸ ਜੋੜਮੇਲੇ ਦੀ ਇਤਿਹਾਸਕ ਮਹੱਤਤਾ ਤੋਂ ਹਟਾ ਕੇ ਸਿਆਸਤ ‘ਤੇ ਕੇਦਰਿਤ ਕਰ ਦਿੱਤਾ ਹੈ।
ਪੰਜਾਬ ਦੇ ਜਿਆਦਾਤਰ ਲੋਕਾਂ ਦੀ ਅੱਜ ਇਸ ਜੋੜ ਮੇਲੇ ‘ਤੇ ਹੋਏ ਗੁਰਮਤਿ ਸਮਾਗਮ ਬਾਰੇ ਜਾਨਣ ਨਾਲੋਂ ਰਾਜਸੀ ਆਗੂਆਂ ਨੇ ਕੀ ਕਿਹਾ , ਕਿਸ ਪਾਰਟੀ ਦਾ ਇਕੱਠ ਵੱਡਾ ਸੀ, ਬਾਰੇ ਉਤਸਕਤਾ ਬਣੀ ਹੋਈ ਹੈ।

ਪੰਜਾਬ ਦੀਆਂ ਰਿਵਾਇਤੀ ਬਾਦਲ ਦਲ ਅਤੇ ਕਾਂਗਰਸ ਪਾਰਟੀਆਂ ਨੂੰ ਆਮ ਆਦਮੀ ਪਾਰਟੀ ਤੋਂ ਨਵੀ ਚੁਣੌਤੀ ਮਿਲੀ ਰਹੀ ਹੈ। ਅੱਜ ਦੀ ਮਾਘੀ ਕਾਨਫਰੰਸ ਵਿੱਚ ਆਮ ਆਦਮੀ ਪਾਰਟੀ ਵੱਲੋਂ ਲੋਕਾਂ ਦੇ ਵੱਡੇ ਇਕੱਠ ਕਰਨ ਵਿੱਚ ਸਫਲ ਹੋਣ ਦੀਆਂ ਖ਼ਬਰਾਂ ਮਿਲੀਆਂ ਹਨ।
ਸੱਤਾਧਾਰੀ ਪਾਰਟੀ ‘ਤੇ ਹਮਲਾ ਬੋਲਦਿਆਂ ਆਮ ਆਦਮੀ ਪਾਰਟੀ ਦੇ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜ਼ਰੀਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਮੰਤਰੀ ਬਿਕਰਮ ਮਜੀਠੀਆ ਦਾ ਨਸ਼ੇ ਦੇ ਵਾਪਾਰ ਵਿੱਚ ਸ਼ਾਮਲ ਹੋਣ ਬਾਰੇ ਪੰਜਾਬ ਦਾ ਬੱਚ-ਬੱਚਾ ਜਨਦਾ ਹੈ, ਪਰ ਫਿਰ ਵੀ ਬਾਦਲ ਸਰਕਾਰ ਨੇ ਉਸ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ।ਉਸਨੂੰ ਸਿਰਫ ਆਮ ਆਦਮੀ ਪਾਰਟੀ ਹੀ ਜੇਲ ਭੇਜ ਸਕਦੀ ਹੈ।
ਪੰਜਾਬ ਕਾਂਗਰਸ ਦੇ ਪ੍ਰਧਾਨ ਕਕੈਪਟਨ ਅਮਰਿੰਦਰ ਸਿੰਘ ‘ਤੇ ਵਰਦਿਆਂ ਕੇਜਰੀਵਾਲ ਨੇ ਕਿਹਾ ਕਿ ਉਸਤੇ ਤਾਂ ਪਹਿਲਾਂ ਹੀ ਭ੍ਰਿਸ਼ਟਾਚਾਰ ਦੇ ਕੇਸ ਚੱਲ ਰਹੇ ਹਨ, ਉਹ ਪੰਜਾਬ ਨੂੰ ਭ੍ਰਿਸ਼ਟਾਚਾਰ ਤੋਂ ਕੀ ਮੁਕਤ ਕਰੇਗਾ।

ਉਨ੍ਹਾਂ ਕਿਹਾ ਕਿ ਸ਼੍ਰੀ ਗੁਰੁ ਗ੍ਰੰਥ ਸਾਹਿਬ ਸਿਰਫ ਸਿੱਖਾਂ ਦੇ ਲਈ ਹੀ ਪਵਿੱਤਰ ਨਹੀ, ਸਾਰੇ ਧਰਮਾਂ ਦੇ ਲੋਕ ਗੁਰੁ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਦੇ ਹਨ ਅਤੇ ਪਵਿੱਤਰ ਮੰਨਦੇ ਹਨ। ਉਨ੍ਹਾਂ ਕਿਹਾ ਕਿ ਬੇਅਦਬੀ ਦੀਆਂ ਘਟਨਾਵਾਂ ਤੋਂ ਉਨਾਂ ਨੂੰ ਬਹੁਤ ਦੁਖ ਪਹੁੰਚਿਆ ਸੀ। ਉਨ੍ਹਾਂ ਕਿਹਾ ਕਿ ਜਿੱਤਣ ਤੋਂ ਤੁਰੰਤ ਬਾਅਦ ਸਾਰੇ ਦੋਸੀਆਂ ਨੂੰ ਜੇਲ ਭੇਜਣਗੇ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਬਠਿੰਡਾ ਤੋਂ ਬੀਕਾਨੇਰ ਜਾਂਦੀ ਕੈਂਸਰ ਰੇਲ ਬਾਰੇ ਜਾਣ ਕੇ ਬੜਾ ਦੁੱਖ ਹੋਇਆ, ਪਰ ਬਾਦਲ ਪੰਜਾਬ ਵਿੱਚ ਕੈਂਸਰ ਹਸਪਤਾਲ ਹੀ ਨਹੀਂ ਬਣਾ ਸਕਿਆ।
ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਨਣ ‘ਤੇ ਦਿੱਲੀ ਵਿੱਚ ਇੱਕ ਵੀ ਕਿਸਾਨ ਨੇ ਆਤਮ ਹੱਤਿਆ ਨਹੀਂ ਕੀਤੀ, ਪੰਜਾਬ ਵਿੱਚ 2017 ਵਿੱਚ ਸਰਕਾਰ ਬਨਣ ਤੋਂ ਬਾਅਦ ਇਸ ਦਿਸ਼ਾ ਵਿੱਚ ਕੰਮ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਸੱਚ ਅਤੇ ਇਨਸਾਫ਼ ਲਈ ਹਰ ਤਰਾਂ ਦੀ ਕੁਰਬਾਨੀ ਕਰਨਾ ਸਿੱਖੀ ਹੈ। ਉਨ੍ਹਾਂ ਕਿਹਾ ਕਿ ਬਾਦਲ ਸਿੱਖ ਨਹੀਂ ਹਨ ਅਤੇ ਉਹ ਸਭ ਕੂਝ ਆਪਣੇ ਪਰਿਵਾਰ ਦੀ ਭੁੱਖ ਮਿਟਾਉਣ ਵਿੱਚ ਲੱਗੇ ਹੋਏ ਹਨ, ਜੋ ਮਿਟਦੀ ਨਹੀ।
ਉਨ੍ਹਾਂ ਕਿਹਾ ਕਿ ਪੰਜਾਬ ‘ਚ ‘ਆਪ’ ਦੀ ਸਰਕਾਰ ਬਣਨ ਤੋਂ ਬਾਅਦ ਬਾਦਲ ਸਰਕਾਰ ਦੇ ਕੁਕਰਮਾਂ ਦੀ ਜਾਂਚ ਹੋਵੇਗੀ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਤੇ ਸਰਕਾਰ ਨੇ 10 ਸਾਲਾਂ ‘ਚ ਪੰਜਾਬ ਨੂੰ ਲੁੱਟਿਆ ਤੇ ਬਰਬਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਬਾਦਲਾਂ ਨੇ ਹੀ ਪੰਜਾਬ ਦੇ ਹਰ ਘਰ ‘ਚ ਨਸ਼ਾ ਪੈਦਾ ਕੀਤਾ। ਇਸ ਸਭ ਦਾ ਹਿਸਾਬ ਕਿਤਾਬ ਲਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪੰਜਾਬ ਦੇ ਲੋਕਾਂ ਦੇ ਸਹਿਯੌਗ ਨਾਲ ਦਿੱਲੀ ਦਾ ਇਤਿਹਾਸ ਦੁਹਰਾਇਆ ਜਾਵੇਗਾ ਅਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਹੁੰਝਾਫੇਰ ਜਿੱਤ ਪ੍ਰਪਾਤ ਕਰੇਗੀ।