
ਅੰਮਿ੍ਤਸਰ (14 ਜਨਵਰ, 2016): ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਦੀ ਪ੍ਰਕਰਮਾ ‘ਚ ਡਿਉਟੀ ‘ਤੇ ਤਾਇਨਾਤ ਇੱਕ ਸੇਵਾਦਾਰ ਦੇ ਦੂਰੋਂ ਚੱਲੀ ਗੋਲੀ ਵੱਜਣ ਦੀਆਂ ਖਬਰਾਂ ਮਿਲੀਆਂ ਹਨ । ਅੱਜ ਸ਼ਾਮੀ 4 ਵਜੇ ਦੇ ਕਰੀਬ ਦੁੱਖਭੰਜਨੀ ਬੇਰੀ ਲਾਗੇ ਤਾਇਨਾਤ ਸ਼ੋ੍ਰਮਣੀ ਕਮੇਟੀ ਦੇ ਸੇਵਾਦਾਰ ਨੂੰ ਅਚਨਚੇਤ ਗੋਲੀ ਆਣ ਲੱਗੀ, ਪਰ ਇਹ ਗੋਲੀ ਉਸਦੀ ਦਸਤਾਰ ਨੂੰ ਚੀਰਦੀ ਹੋਈ ਛਾਤੀ ਨਾਲ ਖਹਿ ਕੇ ਬਾਹਰ ਨਿਕਲ ਗਈ ਤੇ ਸੇਵਾਦਾਰ ਦਾ ਬਚਾਅ ਹੋ ਗਿਆ ।
ਸ਼ੋ੍ਰਮਣੀ ਕਮੇਟੀ ਦੇ ਸੁਰੱਖਿਆ ਦਸਤੇ ‘ਚ ਤਾਇਨਾਤ ਗੁਰਪ੍ਰੀਤ ਸਿੰਘ ਪੁੱਤਰ ਸ: ਸੰਤੋਖ ਸਿੰਘ ਵਾਸੀ ਜੱਬੋਵਾਲ ਜਦੋਂ ਉਕਤ ਸਥਾਨ ‘ਤੇ ਸੰਗਤ ਦੀ ਸਹਾਇਤਾ ਲਈ ਖੜ੍ਹਾ ਸੀ, ਤਾਂ ਅਚਾਨਕ ਇਕ ਗੋਲੀ ਉਸਦੀ ਦਸਤਾਰ ਨੂੰ ਚੀਰਦੀ ਹੋਈ ਛਾਤੀ ਨੂੰ ਜ਼ਖ਼ਮੀਂ ਕਰਦਿਆਂ ਨਜ਼ਦੀਕ ਹੇਠਾਂ ਹੀ ਆਣ ਡਿੱਗੀ । ਭਾਵੇਂ ਇਸ ਮੌਕੇ ਕੋਈ ਗੋਲੀ ਦੀ ਆਵਾਜ਼ ਸੁਣਾਈ ਨਹੀਂ ਦਿੱਤੀ ਪਰ ਸੇਵਾਦਾਰ ਦੇ ਜ਼ਖ਼ਮੀਂ ਹੋਣ ਮਗਰੋਂ ਨਜ਼ਦੀਕ ਹੀ ਗੋਲੀ ਦਾ ਸਿੱਕਾ ਪਿਆ ਵੀ ਮਿਲ ਗਿਆ । ਗੋਲੀ ਦੂਰੋਂ ਆਈ ਹੋਣ ਕਰਕੇ ਵੱਡਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ‘ਤੇ ਸੇਵਾਦਾਰ ਦੀ ਛਾਤੀ ‘ਤੇ ਮਾਮੂਲੀ ਜ਼ਖਮ ਹੀ ਹੋਇਆ।
ਇਸ ਘਟਨਾ ਸਬੰਧੀ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਉਕਤ ਗੋਲੀ 315 ਬੋਰ ਦੀ ਰਾਈਫਲ ‘ਚੋਂ ਨਿਕਲੀ ਹੈ ਤੇ ਮਾਮਲੇ ਦੀ ਜਾਂਚ ਲਈ ਜਿਥੇ ਚੰਡੀਗੜ੍ਹ ਤੋਂ ਫੋਰੈਂਸਿਕ ਮਾਹਿਰ ਸੱਦੇ ਗਏ ਹਨ, ਓਥੇ ਖੇਤਰ ‘ਚ ਲਾਇਸੰਸਧਾਰੀ ਜਾਂ ਅੰਗਰੱਖਿਅਕ ਵਜੋਂ ਤਾਇਨਾਤ ਉਕਤ ਬੋਰ ਦੇ ਹਥਿਆਰ ਰੱਖਣ ਵਾਲੇ ਲੋਕਾਂ ਦੇ ਹਥਿਆਰਾਂ ਬਾਰੇ ਵੀ ਜਾਂਚ ਕੀਤੀ ਜਾਵੇਗੀ । ਫਿਲਹਾਲ ਪੁਲਿਸ ਗੋਲੀ ਆਉਣ ਦੀ ਦਿਸ਼ਾ ਲੱਭਣ ਨੂੰ ਪਹਿਲ ਵਜੋਂ ਵੇਖ ਰਹੀ ਹੈ ।