ਸ੍ਰੀ ਮੁਕਤਸਰ ਸਾਹਿਬ (14 ਜਨਵਰੀ, 2016): ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਸ਼੍ਰੋਮਣੀ ਅਕਾਲੀ ਦਲ ਸਾਂਝਾ, ਸ਼੍ਰੋਮਣੀ ਅਕਾਲੀ ਦਲ 1920, ਸ਼੍ਰੋਮਣੀ ਅਕਾਲੀ ਦਲ ਸਤੰਤਰ ਨੇ 13 ਜਨਵਰੀ ਨੂੰ ਖਡੂਰ ਸਾਹਿਬ ਦੀ ਹੋ ਰਹੀ ਉੱਪ ਚੋਣ ਲੜਨ ਦਾ ਐਲਾਨ ਮਾਘੀ ਮੇਲੇ ਹੋਈ ਕਾਨਫਰੰਸ ਦੌਰਾਨ ਕੀਤਾ।
ਇਸ ਸਮੇਂ ਪਾਸ ਕੀਤੇ ਮਤਿਆਂ ਵਿੱਚ ਲੋਕਾਂ ਦੀ ਹਮਾਇਤ ਪ੍ਰਾਪਤ ਕਰਨ ਅਤੇ ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਸਜਾ ਦਿਵਾਉਣ, ਕਿਸਾਨਾਂ ਦੀਆਂ ਆਤਮ ਹੱਤਿਆਵਾਂ ਦੀਆਂ ਘਟਨਾਵਾਂ ਨੂੰ ਰੋਕਣ ਤਹਿਤ 25 ਤੇ 26 ਜਨਵਰੀ ਨੂੰ ਤਰਨਤਾਰਨ ਤੋਂ ਖਡੂਰ ਸਾਹਿਬ ਤੱਕ ਮਾਰਚ ਦੀ ਵੀ ਗੱਲ ਕੀਤੀ ਗਈ।

ਸਿਮਰਨਜੀਤ ਸਿੰਘ ਮਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਨਸ਼ਾ ਤਸਕਰੀ ‘ਚ ਸ਼ਮੂਲੀਅਤ ਦੀ ਉਠੀ ਗੱਲ ਨੂੰ ਲੈ ਕੇ ਸੀ.ਬੀ.ਆਈ ਦੀ ਜਾਂਚ ਦੀ ਮੰਗ ਕਰਨ ਸਮੇਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਸ ਦੀ ਲੋੜ ਨਹੀਂ ਕਹਿਣਾ ਬਹੁਤ ਮੰਦਭਾਗਾ ਸੀ ਅਤੇ ਇਸ ਤੋਂ ਸਾਬਤ ਹੁੰਦਾ ਹੈ ਕਿ ਉਕਤ ਆਗੂ ਇਕੋ ਹੀ ਥੈਲੀ ਦੇ ਚੱਟੇ ਬੱਟੇ ਹਨ ।
ਉਨ੍ਹਾਂ ਕਿਹਾ ਕਿ ਸਜਾ ਭੁਗਤ ਚੁੱਕੇ ਕੈਦੀਆਂ ਦੀ ਰਿਹਾਈ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਗੰਭੀਰ ਨਹੀਂ ਹਨ ਅਤੇ ਭਾਜਪਾ, ਆਰ.ਐਸ.ਐਸ ਦਾ ਸਿੱਖ ਮੁੱਦਿਆਂ ‘ਚ ਦਖਲ ਜਾਰੀ ਹੈ ।
ਸ: ਮਾਨ ਨੇ ਕਿਹਾ ਕਿ 12 ਫਰਵਰੀ ਨੂੰ ਫਤਹਿਗੜ੍ਹ ਸਾਹਿਬ ਵਿਖੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਜਨਮ ਦਿਨ ਮਨਾਇਆ ਜਾਵੇਗਾ। ਉਨ੍ਹਾਂ ਪੰਜਾਬ ਨੰੂ ਕੰਗਾਲ ਕਰਨ ਲਈ ਅਕਾਲੀ-ਭਾਜਪਾ ਸਰਕਾਰ ਨੂੰ ਦੋਸ਼ੀ ਦੱਸਿਆ ।
ਇਸ ਮੌਕੇ ਜਿਲ੍ਹਾ ਪ੍ਰਧਾਨ ਇਕਬਾਲ ਸਿੰਘ ਬਰੀਵਾਲਾ, ਬਲਦੇਵ ਸਿੰਘ ਵੜਿੰਗ, ਰਾਮ ਮਹਿੰਦਰ ਸਿੰਘ ਮਾਂਗਟ, ਗੁਰਬਖਸ ਸਿੰਘ ਰੂਬੀ ਤੋਂ ਇਲਾਵਾ ਗੁਰਦੀਪ ਸਿੰਘ ਸਕੱਤਰ, ਬੂਟਾ ਸਿੰਘ ਰਣਸੀਹ ਕਲਾਂ, ਪਰਮਜੀਤ ਸਿੰਘ, ਪਰਮਦੀਪ ਸਿੰਘ ਚਾਂਦਪੁਰ, ਸੁਰਜੀਤ ਸਿੰਘ, ਗੁਰਨਾਮ ਸਿੰਘ ਚੰਡੀਗੜ੍ਹ, ਬਲਜਿੰਦਰ ਸਿੰਘ, ਕਸ਼ਮੀਰ ਸਿੰਘ, ਜੰਗ ਸਿੰਘ ਲੁਧਿਆਣਾ, ਡਾ: ਹਰਮੰਦਰ ਸਿੰਘ ਪਟਿਆਲਾ, ਗੁਰਜੀਤ ਸਿੰਘ ਕਾਲਾ ਆਦਿ ਹਾਜ਼ਰ ਸਨ ।