ਅਮਰੀਕਾ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਅਮਰੀਕਾ ਦੀ ਫੌਜ ਨੂੰ ਪ੍ਰਮਾਣੂ ਹਥਿਆਰਾਂ ਦੇ ਪਰੀਖਣ ਫੌਰੀ ਤੌਰ ਉੱਪਰ ਸ਼ੁਰੂ ਕਰਨ ਦਾ ਹੁਕਮ ਦਿੱਤਾ ਹੈ। ਟਰੰਪ ਪ੍ਰਸ਼ਾਸਨ ਦੇ ਇਸ ਫੈਸਲੇ ਨਾਲ ਪ੍ਰਮਾਣੂ ਹਥਿਆਰਾਂ ਦੀ ਪਰਖ ਉੱਤੇ ਲੰਘੇ 33 ਸਾਲਾਂ ਤੋਂ ਲੱਗੀ ਹੋਈ ਵਿਆਪਕ ਰੋਕ ਦਾ ਦੌਰ ਖਤਮ ਹੋਣ ਜਾ ਰਿਹਾ ਹੈ ਤੇ ਇਸ ਫੈਸਲੇ ਨਾਲ ਸੰਸਾਰ ਦੀ ਪ੍ਰਮਾਣੂ ਸਿਆਸਤ ਦਾ ਮੁਹਾਂਦਰਾ ਮੁਕੰਮਲ ਤੌਰ ਉੱਤੇ ਬਦਲ ਜਾਣ ਦੇ ਆਸਾਰ ਹਨ।

ਟਰੰਪ ਨੇ ਕੀ ਕਿਹਾ?
30 ਅਕਤੂਬਰ 2025 ਨੂੰ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਆਪਣੀ ਮਾਲਕੀ ਵਾਲੇ ਬਿਜਲ ਸੱਥ ਮੰਚ (ਸੋਸ਼ਲ ਮੀਡੀਆ ਪਲੇਟਫਾਰਮ) ਟਰੁਥ ਸ਼ੋਸ਼ਲ ਉੱਤੇ ਕਿਹਾ ਕਿ:-
- ਅਮਰੀਕਾ ਕੋਲ ਸਭ ਤੋਂ ਜ਼ਿਆਦਾ, ਕਿਸੇ ਵੀ ਹੋਰ ਦੇਸ਼ ਨਾਲੋਂ ਵੱਧ, ਪ੍ਰਮਾਣੂ ਹਥਿਆਰ ਹਨ।
- ਇਹ ਮੁਕਾਮ ਪਹਿਲੀ ਟਰੰਪ ਸਰਕਾਰ ਵੇਲੇ ਪਹਿਲਾਂ ਤੋਂ ਮੌਜੂਦ ਪ੍ਰਮਾਣੂ ਹਥਿਆਰਾਂ ਦੀ ਦੇਖਭਾਲ ਅਤੇ ਨਵੀਨੀਕਰਨ ਨਾਲ ਹਾਸਿਲ ਕੀਤਾ ਗਿਆ ਹੈ।
- ਇਹਨਾ ਹਥਿਆਰਾਂ ਦੀ ਵਿਨਾਸ਼ ਦੀ ਭਾਰੀ ਸਮਰੱਥਾ ਕਾਰਨ ਮੈਨੂੰ ਅਜਿਹਾ ਕਰਨਾ ਚੰਗਾ ਤਾਂ ਨਹੀਂ ਲੱਗਦਾ ਪਰ ਹੋਰ ਕੋਈ ਚਾਰਾ ਨਹੀਂ ਹੈ।
- ਰੂਸ ਅਮਰੀਕਾ ਤੋਂ ਬਾਅਦ ਦੂਜੇ ਸਥਾਨ ਤੇ ਹੈ ਅਤੇ ਚੀਨ ਬਹੁਤ ਪਿੱਛੇ ਤੀਜੇ ਸਥਾਨ ‘ਤੇ ਹੈ ਪਰ ਪੰਜ ਸਾਲਾਂ ਵਿੱਚ ਬਰਾਬਰ ਆ ਜਾਵੇਗਾ।
- ਦੂਜੇ ਦੇਸ਼ਾਂ ਦੀਆਂ ਪ੍ਰਮਾਣੂ ਪਰਖ ਦੀਆਂ ਯੋਜਨਾਵਾਂ ਕਾਰਨ ਮੈਂ ਮਹਿਕਮਾ ਜੰਗ (ਡਿਪਾਰਟਮੈਂਟ ਆਫ ਵਾਰ) ਨੂੰ ਹਦਾਇਤ ਦਿੱਤੀ ਹੈ ਕਿ ਪ੍ਰਮਾਣੂ ਹਥਿਆਰਾਂ ਦੀ ਬਰਾਬਰ ਪੱਧਰ ਤੇ ਪਰਖ ਸ਼ੁਰੂ ਕਰ ਦੇਵੇ।
- ਇਹ ਪਰਖ ਫੌਰੀ ਪੱਧਰ ਉੱਤੇ ਸ਼ੁਰੂ ਕੀਤੀ ਜਾਵੇਗੀ।
ਡੋਨਲਡ ਟਰੰਪ ਨੇ ਇਹ ਐਲਾਨ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਮੁਲਾਕਾਤ ਤੋਂ ਇੱਕ ਦਮ ਪਹਿਲਾਂ ਕੀਤਾ ਹੈ ਜਿਸ ਨਾਲ ਕਿ ਆਲਮੀ ਪੱਧਰ ਉੱਪਰ ਹਥਿਆਰਾਂ ਦੀ ਦੌੜ ਵਿੱਚ ਖਤਰਨਾਕ ਹੱਦ ਤੱਕ ਦਾ ਵਾਧਾ ਹੋਣ ਦੀ ਕਿਆਸਰਾਈ ਲਗਾਈ ਜਾ ਰਹੀ ਹੈ।
ਪ੍ਰਮਾਣੂ ਹਥਿਆਰਾਂ ਦੀ ਦੌੜ ਤੇ ਇਤਿਹਾਸ ਤੇ ਇਕ ਸੰਖੇਪ ਝਾਤ
ਦੁਨੀਆਂ ਵਿੱਚ ਪ੍ਰਮਾਣੂ ਹਥਿਆਰਾਂ ਦੇ ਯੁਗ ਦੀ ਸ਼ੁਰੂਆਤ ਜੁਲਾਈ 1945 ਵਿੱਚ ਅਮਰੀਕਾ ਵੱਲੋਂ 20 ਕਿਲੋਟਨ ਦੇ ਪ੍ਰਮਾਣੂ ਬੰਬ ਦੀ ਨਿਊ-ਮੈਕਸੀਕੋ ਵਿੱਚ ਕੀਤੀ ਗਈ ਪਰਖ ਨਾਲ ਹੋਈ ਸੀ। ਇਸ ਪਰਖ ਦੇ ਕੁਝ ਹਫਤਿਆਂ ਬਾਅਦ ਹੀ ਅਮਰੀਕਾ ਵੱਲੋਂ ਜਪਾਨ ਦੇ ਸ਼ਹਿਰਾਂ ਹੀਰੋਸ਼ਮਾ ਅਤੇ ਨਾਗਾਸਾਕੀ ਵਿੱਚ ਪ੍ਰਮਾਣੂ ਬੰਬ ਸੁੱਟੇ ਗਏ ਸਨ।
ਅਮਰੀਕਾ ਤੋਂ ਬਾਅਦ ਸੋਵੀਅਤ ਯੂਨੀਅਨ (ਰੂਸ) ਵੱਲੋਂ 1949 ਵਿੱਚ ਪ੍ਰਮਾਣੂ ਬੰਬ ਤਿਆਰ ਕਰਕੇ ਅਮਰੀਕਾ ਦੀ ਪ੍ਰਮਾਣੂ ਸਰਦਾਰੀ ਖਤਮ ਕਰ ਦਿੱਤੀ ਤੇ ਇਸ ਨਾਲ ਹੀ ਤਕਰੀਬਨ ਪੰਜ ਦਹਾਕੇ ਚੱਲਣ ਵਾਲੀ ਪ੍ਰਮਾਣੂ ਹਥਿਆਰਾਂ ਅਤੇ ਪਰਖਾਂ ਦੀ ਦੌੜ ਸ਼ੁਰੂ ਹੋ ਗਈ।
1945 ਤੋਂ 1996 ਦੇ ਦਰਮਿਆਨ ਸੰਸਾਰ ਭਰ ਵਿੱਚ 2000 ਤੋਂ ਵੱਧ ਪ੍ਰਮਾਣੂ ਬੰਬ ਪਰਖੇ ਗਏ। ਸੰਯੁਕਤ ਰਾਸ਼ਟਰ ਅਨੁਸਾਰ ਅਮਰੀਕਾ ਨੇ 1032, ਸੋਵੀਅਤ ਯੂਨੀਅਨ ਨੇ 715, ਇੰਗਲੈਂਡ ਨੇ 45, ਫਰਾਂਸ ਨੇ 210 ਅਤੇ ਚੀਨ ਨੇ 45 ਪ੍ਰਮਾਣੂ ਪਰੀਖਣ ਕੀਤੇ।
ਪ੍ਰਮਾਣੂ ਹਥਿਆਰਾਂ ਦੀ ਪਰਖ ਤੇ ਮਾਰੂ ਨਤੀਜੇ
ਧਰਤੀ ਦੇ ਉੱਪਰ ਧਰਤੀ ਦੇ ਅੰਦਰ ਜਾਂ ਪਾਣੀ ਵਿੱਚ ਤਿੰਨਾਂ ਹਾਲਾਤਾਂ ਵਿੱਚ ਹੀ ਪ੍ਰਮਾਣੂ ਬੰਬ ਚੱਲਣ ਨਾਲ ਵੱਡਾ ਇਲਾਕਾ ਰੇਡੀਏਸ਼ਨ ਨਾਲ ਦੂਸ਼ਿਤ ਹੋ ਜਾਂਦਾ ਹੈ ਜਿਸ ਦਾ ਵਾਤਾਵਰਣ ਅਤੇ ਮਨੁੱਖਾਂ ਸਮੇਤ ਹਰ ਤਰ੍ਹਾਂ ਦੀ ਜੀਵਨ ਹੋਂਦ ਉੱਤੇ ਭਿਆਨਕ ਅਸਰ ਪੈਂਦਾ ਹੈ।
1946 ਤੋਂ 1958 ਤੱਕ ਪ੍ਰਸ਼ਾਂਤ ਮਹਾਸਾਗਰ ਵਿਚਲੇ ਜਿੰਨਾ ਟਾਪੂਆਂ ਉੱਪਰ ਅਮਰੀਕਾ ਵੱਲੋਂ 67 ਪ੍ਰਮਾਣੂ ਪਰੀਖਣ ਕੀਤੇ ਗਏ ਸਨ ਉੱਥੇ ਇਹਨਾਂ ਪਰੀਖਣਾਂ ਦੇ ਮਾਰੂ ਨਤੀਜੇ ਸਾਹਮਣੇ ਆਏ।
ਇਹੀ ਹਾਲਤ ਕਜ਼ਾਕਿਸਤਾਨ ਦੇ ਉਸ ਇਲਾਕੇ ਦੀ ਹੋਈ ਜਿੱਥੇ 1949 ਤੋਂ 1989 ਦਰਮਿਆਨ ਸੋਵੀਅਤ ਯੂਨੀਅਨ ਵੱਲੋਂ 456 ਪ੍ਰਮਾਣੂ ਪਰੀਖਣ ਕੀਤੇ ਗਏ ਜਿਨਾਂ ਵਿੱਚੋਂ 116 ਸਤਹ ਤੋਂ ਉੱਪਰ ਅਤੇ 340 ਧਰਤੀ ਦੀ ਸਤਹ ਦੇ ਹੇਠਾਂ ਕੀਤੀ ਗਏ ਸਨ।
ਵਿਆਪਕ ਪ੍ਰਮਾਣੂ ਪਰਖ ਰੋਕੂ ਸੰਧੀ
1996 ਵਿੱਚ ਹੋਈ “ਕੰਪਰੀਹੈਨਸਿਵ ਨਿਊਕਲਰ ਟੈਸਟ ਬੈਨ ਟਰੀਟੀ”, ਜਿਸ ਨੂੰ ਆਮ ਕਰਕੇ ਸੀਟੀਬੀਟੀ ਕਹਿ ਲਿਆ ਜਾਂਦਾ ਹੈ, ਨੇ ਵੱਡੇ ਪੱਧਰ ਉੱਪਰ ਹੋਣ ਵਾਲੇ ਪ੍ਰਮਾਣੂ ਪਰੀਖਣਾਂ ਨੂੰ ਰੋਕ ਦਿੱਤਾ।
1996 ਤੋਂ ਬਾਅਦ ਹੁਣ ਤੱਕ 10 ਪ੍ਰਮਾਣੂ ਪਰਖਾਂ ਹੋਣ ਦੀ ਜਾਣਕਾਰੀ ਹੈ – ਜਿਨਾਂ ਵਿੱਚੋਂ ਦੋ ਦੋ ਪਰਖਾਂ ਇੰਡੀਆ ਅਤੇ ਪਾਕਿਸਤਾਨ ਨੇ 1998 ਵਿੱਚ ਅਤੇ 2006 ਤੋਂ 2017 ਤੱਕ 6 ਪ੍ਰਮਾਣੂ ਬੰਬਾਂ ਦੀਆਂ ਪਰਖਾਂ ਨੌਰਥ ਕੋਰੀਆ ਵੱਲੋਂ ਕੀਤੀਆਂ ਗਈਆਂ ਹਨ।
ਅਮਰੀਕਾ ਨੇ ਆਖਰੀ ਪ੍ਰਮਾਣੂ ਪਰੀਖਣ 1992 ਵਿੱਚ ਕੀਤਾ ਸੀ। ਸੋਵੀਅਤ ਯੂਨੀਅਨ ਨੇ 1990 ਵਿੱਚ ਅਤੇ ਚੀਨ ਅਤੇ ਫਰਾਂਸ ਨੇ 1996 ਵਿੱਚ ਆਖਰੀ ਵਾਰ ਪ੍ਰਮਾਣੂ ਬੰਬਾਂ ਦਾ ਪਰੀਖਣ ਕੀਤਾ ਸੀ।
ਪ੍ਰਮਾਣੂ ਬੰਬਾਂ ਦੀ ਪਰਖ ਉੱਤੇ ਇਹ ਵਿਆਪਕ ਰੋਕ ਦੁਨੀਆ ਭਰ ਵਿੱਚੋਂ ਪ੍ਰਮਾਣੂ ਪਰੀਖਣਾਂ ਦੇ ਭਿਆਨਕ ਨਤੀਜੇ ਸਾਹਮਣੇ ਆਉਣ ਤੋਂ ਬਾਅਦ ਵਧੇ ਦਬਾਅ ਦੇ ਮੱਦੇਨਜ਼ਰ ਲਗਾਈ ਗਈ ਸੀ।
1996 ਦੀ ਪ੍ਰਮਾਣੂ ਪਰੀਖਣ ਰੋਖੂ ਸੰਧੀ ਨੂੰ ਕੂਟਨੀਤਿਕ ਪੱਧਰ ਉੱਤੇ ਸ਼ੀਤ ਜੰਗ (ਕੋਲਡ ਵਾਰ) ਦੇ ਤਣਾਵਾਂ ਨੂੰ ਘਟਾਉਣ ਵੱਲ ਇੱਕ ਕਦਮ ਵਜੋਂ ਵੇਖਿਆ ਜਾਂਦਾ ਹੈ। ਇਸ ਸੰਧੀ ਨੇ ਹਰ ਕਿਸੇ ਵੱਲੋਂ ਕਿਤੇ ਵੀ ਕੀਤੇ ਜਾਣ ਵਾਲੇ ਹਰ ਤਰ੍ਹਾਂ ਦੇ ਪ੍ਰਮਾਣੂ ਧਮਾਕਿਆਂ ਉੱਤੇ ਪਾਬੰਦੀ ਲਗਾਈ ਹੈ। ਰੂਸ ਨੇ ਇਸ ਸੰਧੀ ਨੂੰ 2000 ਸਨ ਵਿੱਚ ਲਾਗੂ ਕਰਨ ਦਾ ਐਲਾਨ ਕੀਤਾ ਸੀ ਜਦ ਕਿ ਅਮਰੀਕਾ ਨੇ ਇਸ ਸੰਧੀ ਦੇ ਉੱਪਰ ਦਸਤਖਤ ਕੀਤੇ ਹਨ ਪਰ ਇਸ ਨੂੰ ਲਾਗੂ ਕਰਨ ਦਾ ਐਲਾਨ ਕਦੇ ਵੀ ਨਹੀਂ ਕੀਤਾ।
ਪਹਿਲੀ ਟਰੰਪ ਸਰਕਾਰ ਵੇਲੇ ਹੋਈ ਚਰਚਾ
ਜ਼ਿਕਰਯੋਗ ਹੈ ਕਿ ਦੋ ਸਾਲ ਪਹਿਲਾਂ ਸਨ 2023 ਵਿੱਚ ਰੂਸ ਦੇ ਰਾਸ਼ਟਰਪਤੀ ਵਾਲਦੀਮੀਰ ਪੂਤਿਨ ਨੇ ਨੇ ਇਸ ਸੰਧੀ ਨੂੰ ਲਾਗੂ ਕਰਨ ਦਾਰੂਸੀ ਐਲਾਨ ਇਹ ਕਹਿੰਦੇ ਆ ਰੱਦ ਕਰ ਦਿੱਤਾ ਕਿ ਰੂਸ ਨੂੰ ਵੀ ਇਸ ਸੰਧੀ ਨੂੰ ਪੋਨੀ ਕੁ ਹੀ ਮਾਨਤਾ ਦੇਣੀ ਚਾਹੀਦੀ ਹੈ ਜਿੰਨੀ ਕੁ ਅਮਰੀਕਾ ਵੱਲੋਂ ਦਿੱਤੀ ਜਾ ਰਹੀ।
ਹੁਣ ਪ੍ਰਮਾਣੂ ਹਥਿਆਰਾਂ ਦੀ ਪਰਖ ਕਿਉਂ ਮੁੜ ਸ਼ੁਰੂ ਹੋ ਰਹੀ ਹੈ?
ਹੁਣ ਜਦੋਂ ਅਮਰੀਕਾ ਨੇ ਪ੍ਰਮਾਣੂ ਹਥਿਆਰਾਂ ਦੇ ਪਰੀਖਣ ਮੁੜ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ ਤਾਂ ਇਹ ਸਵਾਲ ਵਿਚਾਰਨਾ ਜਰੂਰੀ ਹੈ ਕਿ ਪ੍ਰਮਾਣੂ ਪਰੀਖਣ ਆਖਰ ਕਿਉਂ ਕੀਤੇ ਜਾਂਦੇ ਹਨ। ਕਿਸੇ ਵੀ ਹਥਿਆਰ ਦੀ ਪਰਖ ਵਾਂਗ ਪ੍ਰਮਾਣੂ ਪਰੀਖਣ ਦੇ ਦੋ ਪ੍ਰਮੁੱਖ ਮਾਇਨੇ ਹੁੰਦੇ ਹਨ- ਪਹਿਲਾ, ਪਰਖ ਨਤੀਜਿਆਂ ਦਾ ਡਾਟਾ ਇਕੱਤਰ ਕਰਨਾ। ਜਦੋਂ ਪ੍ਰਮਾਣੂ ਹਥਿਆਰਾਂ ਦੀ ਪਰਖ ਕੀਤੀ ਜਾਂਦੀ ਹੈ ਤਾਂ ਪ੍ਰਮਾਣੂ ਵਿਗਿਆਨਿਕ ਇਨਾ ਹਥਿਆਰਾਂ ਦੀ ਕਾਰਗੁਜ਼ਾਰੀ ਵੇਖ ਕੇ ਇਹ ਤਸਦੀਕ ਕਰਦੇ ਹਨ ਕਿ ਪੁਰਾਣੇ ਬੰਬ ਹਾਲੀ ਵੀ ਚੱਲਣ ਯੋਗ ਹਾਲਤ ਵਿੱਚ ਹਨ ਅਤੇ ਇਨਾਂ ਦਾ ਅਸਰ ਕਿੰਨਾ ਕੁ ਹੋ ਰਿਹਾ ਹੈ।
ਦੂਜਾ, ਭੂ-ਰਣਨੀਤਕ ਪੱਧਰ ਤੌਰ ਉੱਪਰ ਵਿਰੋਧੀਆਂ ਨੂੰ ਸਖਤ ਸੁਨੇਹਾ ਦੇਣਾ। ਅਮਰੀਕਾ ਵੱਲੋਂ ਤਿੰਨ ਦਹਾਕੇ ਦੀ ਰੋਕ ਤੋਂ ਬਾਅਦ ਪ੍ਰਮਾਣੂ ਹਥਿਆਰਾਂ ਦੀ ਪਰਖ ਕਰਨ ਦਾ ਫੈਸਲਾ ਕਰ ਕੇ ਅਮਰੀਕਾ ਵੱਲੋਂ ਬਦਲ ਰਹੇ ਕੌਮਾਂਤਰੀ ਹਾਲਾਤ ਵਿੱਚ ਅਮਰੀਕਾ ਵੱਲੋਂ ਆਪਣੇ ਵਿਰੋਧੀਆਂ ਨੂੰ ਸਪਸ਼ਟ ਸੰਕੇਤ ਦਿੱਤੇ ਜਾ ਰਹੇ ਹਨ।
2020 ਵਿੱਚ ਵਾਸ਼ਿੰਗਟਨ ਪੋਸਟ ਨੇ ਇਹ ਖਬਰ ਨਸ਼ਰ ਕੀਤੀ ਸੀ ਕਿ ਟਰੰਪ ਪ੍ਰਸ਼ਾਸਨ ਦੇ ਅਧਿਕਾਰੀ ਨਿਜੀ ਤੌਰ ਉੱਪਰ ਇਸ ਗੱਲ ਉੱਤੇ ਚਰਚਾ ਕਰ ਰਹੇ ਹਨ ਕਿ ਕੀ ਰੂਸ ਅਤੇ ਚੀਨ ਨੂੰ ਅਮਰੀਕੀ ਤਾਕਤ ਦਿਖਾਉਣ ਵਾਸਤੇ ਪ੍ਰਮਾਣੂ ਪਰੀਖਣ ਕਰਨੇ ਚਾਹੀਦੇ ਹਨ। ਇੰਜ ਲੱਗਦਾ ਹੈ ਕਿ ਟਰੰਪ ਦੇ ਹਾਲੀਆ ਐਲਾਨ ਨੇ ਇਸ ਵਿਚਾਰ ਨੂੰ ਅਮਲ ਵਿੱਚ ਲੈ ਆਂਦਾ ਹੈ।
ਕਿਸ ਕੋਲ ਕਿੰਨੇ ਪ੍ਰਮਾਣੂ ਹਥਿਆਰ ਹਨ?
ਪ੍ਰਮਾਣੂ ਹਥਿਆਰਾਂ ਦੀ ਅਸਲ ਜਾਣਕਾਰੀ ਗੁਪਤ ਹੈ ਪਰ ਅਮਰੀਕੀ ਵਿਗਿਆਨੀਆਂ ਦੀ ਸੰਸਥਾ (‘ਫੈਡਰੇਸ਼ਨ ਆਫ ਅਮਰੀਕਨ ਸਾਇੰਟਿਸਟਸ’) ਦੇ ਅੰਦਾਜ਼ੇ ਮੁਤਾਬਕ ਰੂਸ ਕੋਲ 5459 ਅਤੇ ਅਮਰੀਕਾ ਕੋਲ 5177 ਪ੍ਰਮਾਣੂ ਬੰਬ ਹਨ। ਵਾਸ਼ਿੰਗਟਨ ਸਥਿਤ ‘ਹਥਿਆਰ ਨਿਯੰਤਰਣ ਸੰਸਥਾ’ (ਆਰਮਜ਼ ਕੰਟਰੋਲ ਐਸੋਸੀਏਸ਼ਨ) ਦੇ ਅੰਦਾਜ਼ੇ ਮੁਤਾਬਕ ਰੂਸ ਕੋਲ 5580 ਅਤੇ ਅਮਰੀਕਾ ਕੋਲ 5225 ਪ੍ਰਮਾਣੂ ਬੰਬ ਹਨ।
ਮੰਨਿਆ ਜਾਂਦਾ ਹੈ ਕਿ ਚੀਨ ਕੋਲ 600, ਫਰਾਂਸ ਕੋਲ 290, ਇੰਗਲੈਂਡ ਕੋਲ 225, ਇੰਡੀਆ ਕੋਲ 180, ਪਾਕਿਸਤਾਨ ਕੋਲ 170, ਇਜਰਾਇਲ ਕੋਲ 90 ਅਤੇ ਉੱਤਰੀ ਕੋਰੀਆ ਕੋਲ 50 ਦੇ ਕਰੀਬ ਪ੍ਰਮਾਣੂ ਬੰਬ ਹਨ।
‘ਸੀਤ ਜੰਗ’ (ਕੋਲਡ ਵਾਰ) ਵੇਲੇ 1986 ਵਿੱਚ ਦੁਨੀਆਂ ਭਰ ਵਿੱਚ ਪ੍ਰਮਾਣੂ ਹਥਿਆਰਾਂ ਦੀ ਗਿਣਤੀ 70 ਹਜਾਰ ਤੋਂ ਵੀ ਵੱਧ ਹੋ ਗਈ ਸੀ ਪਰ ਉਦੋਂ ਤੋਂ ਲੈ ਕੇ ਹੁਣ ਤੱਕ ਇਹ ਗਿਣਤੀ ਘੱਟ ਕੇ ਤਕਰੀਬਨ 12 ਹਜਾਰ ਤੱਕ ਆ ਗਈ ਹੈ ਪਰ ਹਾਲੀ ਵੀ ਜਿਆਦਾਤਰ ਪ੍ਰਮਾਣੂ ਹਥਿਆਰ ਰੂਸ ਅਤੇ ਅਮਰੀਕਾ ਦੇ ਕੋਲ ਹੀ ਹਨ।