ਮਜ਼ਹਬੀ ਦੁਨੀਆ ਦੇ ਲੋਕਾਂ ਵਿੱਚ ਅਕਸਰ ਕ਼੍ਰਿਸ਼ਮੇ ਜਾਂ ਚਮਤਕਾਰ ਨੂੰ ਲੈ ਕੇ ਬਹਿਸ ਹੁੰਦੀ ਹੈ ਕਿ ਕੀ ਇਹ ਰੱਬ ਦਾ ਸ਼ਰੀਕ ਬਣਨਾ ਹੈ ਜਾਂ ਰੱਬ ਨਾਲ ਜੁੜੇ ਲੋਕਾਂ ਦਾ ਸੁਤੇ-ਸਿੱਧ ਕ਼੍ਰਿਸ਼ਮਈ ਪ੍ਰਗਟਾਵਾ। ਈਸਾਈ ਮੱਤ ਵਿੱਚ, ਵੈਟੀਕਨ ਵਲੋਂ ਕਿਸੇ ਸ਼ਖਸ ਨੂੰ ‘ਸੰਤ ਦੀ ਪਦਵੀ’ ਦੇਣ ਦੀ ਸ਼ਰਤ ਹੀ ਇਹ ਹੁੰਦੀ ਹੈ ਕਿ ਉਸ ਦੇ ਜੀਵਨ-ਕਾਲ ਨਾਲ ਜੁੜੀਆਂ ਘੱਟੋ-ਘੱਟ ਦੋ ਕਰਾਮਾਤਾਂ ਜ਼ਰੂਰ ਹੋਣ। ਇਸਲਾਮ ਵਿੱਚ ਭਾਵੇਂ ਕਿਸੇ ਨੂੰ ਰੱਬ ਦਾ ਸ਼ਰੀਕ ਮੰਨਣ ਦੇ ਖਿਲਾਫ ਸਖਤ ਹਦਾਇਤਾਂ ਹਨ ਪਰ ਇਸ ਦੇ ਬਾਵਜੂਦ ਵਲੀ, ਔਲੀਆ ਉਹ ਹੀ ਮੰਨੇ ਜਾਂਦੇ ਹਨ, ਜੋ ਕੋਈ ਕ਼੍ਰਿਸ਼ਮਾ ਵਿਖਾਉਂਦੇ ਹਨ। ਸਿੱਖ ਧਰਮ ਵਿੱਚ ‘ਕਰਾਮਾਤ’ ਨੂੰ ‘ਕਹਿਰ’ ਮੰਨਿਆ ਜਾਂਦਾ ਹੈ ਪਰ ਗੁਰੂ ਸਾਹਿਬਾਨ ਦੇ ਜੀਵਨ ਕਾਲ ਨਾਲ ਜੁੜੀਆਂ ਬਹੁਤ ਸਾਰੀਆਂ ਘਟਨਾਵਾਂ ਅਤੇ ਇਤਿਹਾਸਕ ਸਥਾਨ ਕਰਾਮਾਤ ਦੀ ਹੋਂਦ ਦੀ ਪੁਸ਼ਟੀ ਕਰਦੀਆਂ ਹਨ। ਸ਼ਰਧਾਵਾਨਾਂ ਅਤੇ ਤਰਕਵਾਦੀਆਂ ਵਿੱਚ ਇਸ ਵਿਸ਼ੇ ’ਤੇ ਲਗਾਤਾਰ ਨੋਕ-ਝੋਕ ਰਹਿੰਦੀ ਹੈ।