ਸਿੱਖ ਧਾਰਮਿਕ ਜੋੜ-ਮੇਲੇ ਇੱਕ ਸਮੇਂ ਆਤਮਿਕ ਅਤੇ ਧਾਰਮਿਕ ਰੰਗਤ ਨਾਲ ਭਰਪੂਰ ਹੁੰਦੇ ਸਨ। ਗੁਰਬਾਣੀ ਪਾਠ, ਕੀਰਤਨ, ਢਾਢੀਆਂ ਤੇ ਕਵੀਸ਼ਰਾਂ ਰਾਹੀਂ ਸਿੱਖ ਇਤਿਹਾਸ ਦੇ ਪ੍ਰਸੰਗਾਂ ਦਾ ਗਾਇਨ, ਕਥਾ-ਵਾਰਤਾ, ਕਵੀ ਦਰਬਾਰ, ਸੇਵਾ ਕਾਰਜ ਅਤੇ ਸਿੱਖ ਜਥਿਆਂ ਵਿਚਕਾਰ ਪੰਥਕ ਮਸਲਿਆਂ ’ਤੇ ਵਿਚਾਰ-ਵਟਾਂਦਰਾ—ਇਹ ਸਭ ਜੋੜ-ਮੇਲਿਆਂ ਦੀ ਅਸਲ ਰੂਹ ਹੁੰਦੀ ਸੀ।
ਪਰ ਸਮੇਂ ਦੇ ਨਾਲ ਕਈ ਜੋੜ-ਮੇਲੇ ਸਿੱਖ ਪਰੰਪਰਾ ਤੋਂ ਦੂਰ ਹੁੰਦੇ ਗਏ। ਕਈ ਥਾਵਾਂ ’ਤੇ ਇਹ ਧਾਰਮਿਕ ਸਮਾਗਮ ਸਿਰਫ਼ ਮੇਲੇ ਬਣ ਕੇ ਰਹਿ ਗਏ, ਜਿੱਥੇ ਸ਼ੋਰੋ-ਗੁਲ, ਟ੍ਰੈਕਟਰਾਂ ’ਤੇ ਵਾਜਿਆਂ ਤੇ ਉੱਚੀ ਅਵਾਜ਼ ਵਿਚ ਵੱਜਦਾ ਗੀਤ-ਸੰਗੀਤ, ਖਰੀਦੋ-ਫਰੋਖ਼ਤ ਅਤੇ ਹੋਰ ਗੁਰਮਤਿ ਮਾਰਗ ਤੋਂ ਦੂਰ ਦੀਆਂ ਗਤੀਵਿਧੀਆਂ ਹਾਵੀ ਹੋ ਗਈਆਂ।
ਕਰੀਬ ਚਾਰ ਸਾਲ ਪਹਿਲਾਂ ਮਸਤੁਆਣਾ ਸਾਹਿਬ ਜੋੜ-ਮੇਲੇ ਦੌਰਾਨ ਕੁਝ ਸਿੱਖ ਜਥਿਆਂ, ਜਿਨ੍ਹਾਂ ਵਿੱਚ ਸਿੱਖ ਜਥਾ ਮਾਲਵਾ ਵੀ ਸ਼ਾਮਲ ਸੀ, ਨੇ ਜੋੜ-ਮੇਲ ਦੇ ਮਹੌਲ ਵਿਚ ਇਸ ਭਟਕਣ ਨੂੰ ਮਹਿਸੂਸ ਕੀਤੀਆਂ। ਸੰਤ ਅੱਤਰ ਸਿੰਘ ਜੀ ਮਸਤੁਆਣਾ ਦੀ ਯਾਦ ਵਿੱਚ ਲੱਗਣ ਵਾਲੇ ਇਸ ਜੋੜ-ਮੇਲੇ ਨੂੰ ਮੁੜ ਗੁਰਮਤਿ ਅਨੁਸਾਰੀ ਰੂਪ ਵਿੱਚ ਲਿਆਉਣ ਦੇ ਮਕਸਦ ਨਾਲ ਇਕ ਸੰਗਤੀ ਯਤਨ ਦੀ ਸ਼ੁਰੂਆਤ ਕੀਤੀ ਗਈ।
ਪਿਛਲੇ ਕੁਝ ਸਾਲਾਂ ਦੌਰਾਨ ਇਨ੍ਹਾਂ ਜਥਿਆਂ ਨੇ ਲੰਗਰ ਕਮੇਟੀਆਂ, ਜੋੜ-ਮੇਲਾ ਪ੍ਰਬੰਧਕਾਂ, ਨੇੜਲੇ ਪਿੰਡਾਂ ਦੀਆਂ ਪੰਚਾਇਤਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਹੋਰ ਸਿੱਖ ਜਥਿਆਂ ਅਤੇ ਸਿੱਖ ਸੰਗਤ ਨਾਲ ਲਗਾਤਾਰ ਸੰਪਰਕ, ਵਿਚਾਰ-ਵਟਾਂਦਰਾ ਅਤੇ ਸਹਿਮਤੀ ਬਣਾਉਣ ਦੀ ਪ੍ਰਕਿਰਿਆ ਚਲਾਈ। ਜੋ ਫੈਸਲੇ ਸਾਂਝੀ ਸਹਿਮਤੀ ਨਾਲ ਕੀਤੇ ਗਏ, ਉਨ੍ਹਾਂ ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਨਾ ਵੀ ਯਕੀਨੀ ਬਣਾਇਆ ਗਿਆ।
ਇਨ੍ਹਾਂ ਲਗਾਤਾਰ ਕੋਸ਼ਿਸ਼ਾਂ ਦੇ ਨਤੀਜੇ ਉਤਸ਼ਾਹ ਵਧਾਉਣ ਵਾਲੇ ਹਨ। ਜੋੜ-ਮੇਲੇ ਵਿੱਚੋਂ ਗੁਰਮਤਿ ਤੋਂ ਦੂਰ ਕਰਨ ਵਾਲੀਆਂ ਗਤੀਵਿਧੀਆਂ ਨੂੰ ਪੂਰੀ ਤਰ੍ਹਾਂ ਰੋਕਿਆ ਗਿਆ ਹੈ ਅਤੇ ਗੁਰਮਤਿ ਅਧਾਰਤ ਸਮਾਗਮਾਂ ਨੇ ਮੁੜ ਕੇਂਦਰੀ ਸਥਾਨ ਹਾਸਲ ਕਰ ਲਿਆ।
ਇਸ ਸਬੰਧੀ ਪੱਤਰਕਾਰ ਮਨਦੀਪ ਸਿੰਘ ਵੱਲੋਂ ਸ. ਜਸਵੰਤ ਸਿੰਘ ਖਹਿਰਾ (ਅਕਾਲ ਕਾਲਜ ਕੌਂਸਲ), ਭਾਈ ਮਲਕੀਤ ਸਿੰਘ ਭਵਾਨੀਗੜ੍ਹ (ਸਿੱਖ ਜਥਾ ਮਾਲਵਾ), ਭਾਈ ਹਰਜਿੰਦਰ ਸਿੰਘ ਮਾਝੀ (ਦਰਬਾਰ-ਏ-ਖਾਲਸਾ) ਅਤੇ ਐਡਵੋਕੇਟ ਜਗਜੀਤ ਸਿੰਘ ਨਾਲ ਵਿਸ਼ੇਸ਼ ਵਿਚਾਰ-ਚਰਚਾ ਕੀਤੀ ਗਈ, ਜਿਸ ਵਿੱਚ ਮਸਤੁਆਣਾ ਸਾਹਿਬ ਜੋੜ-ਮੇਲੇ ਦੇ ਤਜਰਬੇ, ਚੁਣੌਤੀਆਂ ਅਤੇ ਸਫ਼ਲਤਾਵਾਂ ਸਾਂਝੀਆਂ ਕੀਤੀਆਂ ਗਈਆਂ।
ਇਹ ਵਿਖਤ ਸਿੱਖ ਧਾਰਮਿਕ ਸਮਾਗਮਾਂ ਦੇ ਪ੍ਰਬੰਧਕਾਂ ਅਤੇ ਸਿੱਖ ਸੰਗਤ ਲਈ ਖ਼ਾਸ ਤੌਰ ’ਤੇ ਦੇਖਣ ਯੋਗ ਹੈ।
ਵੀਡੀਓ ਦੇਖੋ, ਸਾਂਝੀ ਕਰੋ ਅਤੇ ਆਪਣੀ ਰਾਇ ਟਿੱਪਣੀ ਖਾਨੇ ਰਾਹੀਂ ਜ਼ਰੂਰ ਸਾਂਝੀ ਕਰੋ ਜੀ।