ਅੰਮ੍ਰਿਤਸਰ ਸਾਹਿਬ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਨੇ ਅੱਜ ਚੁੱਪ ਚੁਪੀਤੇ ਹੀ ਸਾਲ 2016-17 ਲਈ ਸੰਮਤ 548 ਦਾ ਨਾਨਕਸ਼ਾਹੀ ਬੈਨਰ ਵਾਲਾ ਬਿਕਰਮੀ ਕੈਲੰਡਰ ਜਾਰੀ ਕੀਤਾ।ਕੈਲੰਡਰ ਜਾਰੀ ਕਰਦਿਆਂ ਸ੍ਰੀ ਅਕਾਲ ਤਖਤ ਸਾਹਿਬ ਸਮੇਤ ਕਮੇਟੀ ਪ੍ਰਬੰਧ ਹੇਠਲੇ ਤਖਤ ਸਾਹਿਬ ਦੇ ਕਿਸੇ ਵੀ ਮੁੱਖ ਸੇਵਾਦਾਰ ,ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਜਾਂ ਕਿਸੇ ਹੋਰ ਗ੍ਰੰਥੀ ਸਾਹਿਬ ਨੂੰ ਇਸ ਰਲੀਜ ਰਸਮ ਵਿੱਚ ਸ਼ਾਮਿਲ ਕਰਨਾ ਜਰੂਰੀ ਨਹੀ ਸਮਝਿਆ ਗਿਆ।

ਪ੍ਰਾਪਤ ਜਾਣਕਾਰੀ ਅਨੁਸਾਰ ਸ਼੍ਰੋਮਣੀ ਕਮੇਟੀ ਪ੍ਰਧਾਨ ਸ੍ਰ ਅਵਤਾਰ ਸਿੰਘ ਮੱਕੜ ਦੇ ਦਫਤਰ ਪੁਜਣ ਦੀ ਭਿਣਕ ਪੈਣ ਤੇ ਇਲੈਕਟਰੋਨਿਕ ਮੀਡੀਆ ਦੇ ਕੁਝ ਪੱਤਰਕਾਰ ਦਫਤਰ ਪੁਜਣੇ ਸ਼ੁਰੂ ਹੋ ਗਏ ਸਨ ਜਿਨ੍ਹਾਂ ਦੀ ਮੌਜੂਦਗੀ ਵਿੱਚ ਹੀ ਕੈਲੰਡਰ ਰਲੀਜ਼ ਕਰ ਦਿੱਤਾ ਗਿਆ।ਦੇਰ ਸ਼ਾਮ ਸ਼੍ਰੋਮਣੀ ਕਮੇਟੀ ਵਲੋਂ ਜਾਰੀ ਪ੍ਰੈਸ ਰਲੀਜ਼ ਵਿੱਚ ਦੱਸਿਆ ਗਿਆ ਹੈ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਸ੍ਰ ਅਵਤਾਰ ਸਿੰਘ ਮੱਕੜ ਨੇ ਨਾਨਕਸ਼ਾਹੀ ਸੰਮਤ 548 ਕੈਲੰਡਰ ਤੇ ਜੰਤਰੀ ਰਲੀਜ ਕਰ ਦਿੱਤੀ ਹੈ।ਦੱਸਿਆ ਗਿਆ ਹੈ ਕਿ ਇਹ ਕੈਲੰਡਰ ਤੇ ਜੰਤਰੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਹਿਨੁਮਾਈ ਹੇਠ ਪ੍ਰਕਾਸ਼ਿਤ ਕਰਕੇ ਰਿਲੀਜ਼ ਕੀਤੀ ਗਈ ਹੈ।
ਇਸ ਵਾਰ ਦਾ ਨਾਨਕਸ਼ਾਹੀ ਕੈਲੰਡਰ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕੀਤਾ ਗਿਆ ਹੈ ਜਿਸ ਵਿੱਚ ਦਸਮ ਪਿਤਾ ਨਾਲ ਸਬੰਧਤ ਇਤਿਹਾਸਕ ਸ਼ਸਤਰਾਂ ਤੇ ਅਸਥਾਨਾਂ ਦੀਆਂ ਤਸਵੀਰਾਂ ਨੂੰ ਪ੍ਰਕਾਸ਼ਿਤ ਕੀਤਾ ਗਿਆ ਹੈ।ਕਮੇਟੀ ਪ੍ਰਧਾਨ ਸ੍ਰ ਮੱਕੜ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਦੋ ਡਿਜ਼ਾਇਨਾਂ ਦਾ ਰੰਗਦਾਰ ਨਾਨਕਸ਼ਾਹੀ ਕੈਲੰਡਰ 1 ਪਰਤ ਅਤੇ 4 ਪਰਤਾਂ ਵਾਲਾ ਤਿਆਰ ਕੀਤਾ ਗਿਆ ਹੈ,ਕਮੇਟੀ ਵੱਲੋਂ ਟੇਬਲ ਕੈਲੰਡਰ ਤੇ ਡਾਇਰੀ ਦੀ ਛਪਾਈ ਵੀ ਕਰਵਾਈ ਜਾ ਰਹੀ ਹੈ ਜਿਸ ਨੂੰ ਜਲਦੀ ਰਿਲੀਜ਼ ਕੀਤਾ ਜਾਵੇਗਾ।
ਉਨ੍ਹਾਂ ਸੰਗਤਾਂ ਨੂੰ ਅਪੀਲ ਕਰਦਿਆ ਕਿਹਾ ਕਿ ਉਹ ਜਾਰੀ ਕੀਤੇ ਗਏ ਨਾਨਕਸ਼ਾਹੀ ਕੈਲੰਡਰ ਮੁਤਾਬਿਕ ਗੁਰੂ ਸਾਹਿਬਾਨ ਨਾਲ ਸਬੰਧਤ ਪੁਰਬ ਤੇ ਦਿਨ-ਦਿਹਾੜੇ ਮਨਾਉਣ। ਕੈਲੰਡਰ ਰਲੀਜ਼ ਕਰਨ ਮੌਕੇ ਕਾਰਜਕਾਰਣੀ ਮੈਂਬਰ ਰਜਿੰਦਰ ਸਿੰਘ ਮਹਿਤਾ, ਕਮੇਟੀ ਮੁੱਖ ਸਕੱਤਰ ਸ. ਹਰਚਰਨ ਸਿੰਘ, ਸਕੱਤਰ ਡਾ. ਰੂਪ ਸਿੰਘ ਤੇ ਸ. ਅਵਤਾਰ ਸਿੰਘ ਸਕੱਤਰ,ਵਧੀਕ ਸਕੱਤਰ ਸ. ਦਿਲਜੀਤ ਸਿੰਘ ਬੇਦੀ, ਸ. ਸੁਖਦੇਵ ਸਿੰਘ ਭੂਰਾਕੋਹਨਾ ਤੇ ਸ. ਮਹਿੰਦਰ ਸਿੰਘ ਆਹਲੀ ਵਧੀਕ ਸਕੱਤਰ, ਨਿੱਜੀ ਸਹਾਇਕ ਸ. ਸਤਿੰਦਰ ਸਿੰਘ, ਮੈਨੇਜਰ ਸ੍ਰੀ ਦਰਬਾਰ ਸਾਹਿਬ ਸ੍ਰ: ਸੁਲੱਖਣ ਸਿੰਘ, ਸ. ਸਤਬੀਰ ਸਿੰਘ ਓ.ਐੱਸ.ਡੀ. ਧਰਮ ਪ੍ਰਚਾਰ ਕਮੇਟੀ ਤੇ ਸ. ਸਿਮਰਜੀਤ ਸਿੰਘ ਮੀਤ ਸਕੱਤਰ ਹਾਜ਼ਰ ਸਨ।
ਸ਼੍ਰੋਮਣੀ ਕਮੇਟੀ ਪ੍ਰਧਾਨ ਵਲੋਂ ਸਾਲ 2016-17 ਲਈ ਸੰਮਤ 548 ਦਾ ਕੈਲੰਡਰ ਰਲੀਜ਼ ਕਰਨ ਨੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਜਥੇਦਾਰਾਂ ਦੀ 9 ਮਾਰਚ 2015 ਨੂੰ ਹੋਈ ਇੱਕਤਰਤਾ ਵਿੱਚ ਲਏ ਉਸ ਫੈਸਲੇ ਪੁਰ ਵੀ ਸਵਾਲ ਖੜਾ ਕਰ ਦਿੱਤਾ ਹੈ ਜਿਸ ਅਨੁਸਾਰ ਮੂਲ ਰੂਪ ਨਾਨਕਸ਼ਾਹੀ ਕੈਲੰਡਰ ਵਿੱਚ ਸੋਧਾਂ ਦੇ ਨਾਮ ਤੇ ਕੈਲੰਡਰ ਬਾਰੇ ਬਣੀ ਹੋਈ ਦੁਬਿਧਾ ਨੂੰ ਪੂਰਨ ਤੌਰ ਤੇ ਖਤਮ ਕਰਨ ਅਤੇ ਸਮੁੱਚੀ ਪੰਥਕ ਏਕਤਾ ਬਨਾਉਣ ਲਈ ਇਕ ਕਮੇਟੀ ਦਾ ਗਠਨ ਦਾ ਐਲਾਨ ਕੀਤਾ ਸੀ ।ਦਾਅਵਾ ਕੀਤਾ ਗਿਆ ਸੀ ਕਿ ਇਹ ਕਮੇਟੀ ਕੈਲੰਡਰ ਸਬੰਧੀ ਵਿਚਾਰਾਂ 1 ਪੋਹ 547 ਤੀਕ ਸ੍ਰੀ ਅਕਾਲ ਤਖਤ ਸਾਹਿਬ ਤੀਕ ਪੁਜਦਾ ਕਰੇਗੀ।
ਜਥੇਦਾਰਾਂ ਵਲੋਂ ਪ੍ਰਸਤਾਵਿਤ ਕੈਲੰਡਰ ਕਮੇਟੀ ਵਿੱਚ ਸ਼੍ਰੋਮਣੀ ਕਮੇਟੀ ਦੇ 2 ਨੁਮਾਇੰਦੇ ,ਤਖਤ ਸ੍ਰੀ ਹਰਿਮੰਦਰ ਸਾਹਿਬ ਪਟਨਾ ਸਾਹਿਬ, ਤਖਤ ਸ੍ਰੀ ਹਜੂਰ ਸਾਹਿਬ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕਰਮਵਾਰ 1-1 ਨੁਮਾਇੰਦਾ,ਸਿੱਖ ਵਿਦਵਾਨ ਸ੍ਰ ਪਾਲ ਸਿੰਘ ਪੁਰੇਵਾਲ,ਡਾ:ਗੁਰਚਰਨਜੀਤ ਸਿੰਘ ਲਾਂਬਾ,ਡਾ:ਅਨੁਰਾਗ ਸਿੰਘ (ਲੁਧਿਆਣਾ),ਕਰਨਲ ਸੁਰਜੀਤ ਸਿੰਘ ਨਿਸ਼ਾਨ,ਸੰਤ ਸਮਾਜ ਦੇ 2 ਨੁਮਾਇੰਦੇ,ਨਿਹੰਗ ਸਿੰਘ ਜਥੇਬੰਦੀਆਂ ਅਤੇ ਨਿਰਮਲ ਭੇਖ ਵਲੋਂ 1-1 ਨੁਮਾਇੰਦਾ ਸ਼ਾਮਿਲ ਕੀਤਾ ਜਾਣਾ ਦੱਸਿਆ ਗਿਆ ਸੀ , ਵਿਦੇਸ਼ਾਂ ਵਿੱਚੋਂ ਅਮਰੀਕਾ,ਕੈਨੇਡਾ,ਆਸਟਰੇਲੀਆ,ਇੰਗਲੈਂਡ,ਯੂਰਪ ਵਲੋਂ ਆਪਸੀ ਸਹਿਮਤੀ ਨਾਲ ਆਪਣਾ ਇਕ ਇਕ ਨੁਮਾਇੰਦਾ ਭੇਜਣ ਦੀ ਗੱਲ ਕਹੀ ਗਈ ਸੀ।ਇਹ ਵੀ ਸ਼ਰਤ ਰੱਖੀ ਗਈ ਸੀ ਕਿ ਗਠਤ ਹੋਣ ਵਾਲੀ ਕਮੇਟੀ ਵਿੱਚ ਉਹ ਮੈਂਬਰ ਹੀ ਭੇਜੇ ਜਾਣ ਜਿਨ੍ਹਾਂ ਨੂੰ ਕੈਲੰਡਰ ਬਾਰੇ ਪੂਰੀ ਜਾਣਕਾਰੀ ਹੋਵੇ।