ਚੰਡੀਗੜ (27 ਮਾਰਚ, 2016): ਭਾਰਤ ਦੀ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਵੱਲੋਂ ਸੁਨਿਆਰਿਆਂ ‘ਤੇ ਲਾਏ ਟੈਕਸ ਨੂੰ ਲਏ ਕੇ ਪੰਜਾਬ ਦੇ ਸੁਨਿਆਰਿਆਂ ਦਾ ਇੱਕ ਵਫਦ ਆਮ ਆਦਮੀ ਪਾਰਟੀ ਦੇ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਿਲਿਆ।

ਪੰਜਾਬ ਦੇ ਸੁਨਿਆਰਿਆਂ ਦਾ ਇੱਕ ਵਫਦ ਦਰਸ਼ਨ ਸਿੰਘ ਖੁਰਮੀ, ਰਵੀ ਕਮਲ ਗੋਇਲ, ਗੁਲਸ਼ਨ ਰਿੰਕੂ, ਵਿਸ਼ਾਲ ਕੁਮਾਰ ਜੈਨ, ਸੰਜੀਵ ਜੈਨ ਅਤੇ ਸੁਨੀਲ ਖਿਪਲਾ ਦੀ ਅਗਵਾਈ ਹੇਠ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਸੰਯੋਜਕ ਅਰਵਿੰਦ ਕੇਜਰੀਵਾਲ ਨੂੰ ਮਿਲੇ।
ਕੇਂਦਰੀ ਸਰਕਾਰ ਵਲੋਂ ਸਵਰਨਕਾਰਾਂ ਉਤੇ ਸੁਨਿਆਰਿਆਂ ‘ਤੇ ਲਾਏ ਟੈਕਸ ਦੇ ਫੈਸਲਾ ਦੀ ਨਿੰਦਾ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਅਜਿਹੇ ਫੈਸਲੇ ਨੂੰ ਤੁਰੰਤ ਵਾਪਿਸ ਲੈ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੁਨਿਆਰਿਆਂ ‘ਤੇ ਟੈਕਸ ਲਗਾਉਣ ਨਾਲ ਕੇਂਦਰ ਸਰਕਾਰ ਨੂੰ ਕੋਈ ਲਾਭ ਨਹੀਂ ਹੋਣ ਵਾਲਾ ਕਿਉਂਕਿ ਭ੍ਰਿਸ਼ਟਾਚਾਰ ਕਾਰਨ ਇਹ ਪੈਸਾ ਸਰਕਾਰ ਤੱਕ ਪਹੁੰਚੇਗਾ ਹੀ ਨਹੀਂ। ਇਸ ਫੈਸਲੇ ਨਾਲ ਪਹਿਲਾਂ ਹੀ ਮੰਦੀ ਨਾਲ ਜੁਝ ਰਹੇ ਸੁਨਿਆਰਿਆਂ ਨੂੰ ਹੋਰ ਮੁਸ਼ਕਲਾਂ ਦਰਪੇਸ਼ ਆਉਣਗੀਆਂ।
ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਕ ਪੱਤਰ ਲਿਖਦਿਆਂ ਚੇਤਾ ਕਰਵਾਇਆ ਕੀ ਸਾਲ 2012 ਵਿਚ ਜਦੋਂ ਕੇਂਦਰ ਦੀ ਯੂ.ਪੀ.ਏ ਸਰਕਾਰ ਨੇ ਇਹੀ ਫੈਸਲਾ ਲੈਣ ਦਾ ਐਲਾਨ ਕੀਤਾ ਸੀ ਤਾਂ ਮੋਦੀ ਜੋ ਕਿ ਉਸ ਸਮੇਂ ਗੁਜਰਾਤ ਦੇ ਮੁੱਖ ਮੰਤਰੀ ਸਨ ਨੇ ਇਸਦਾ ਵਿਰੋਧ ਕੀਤਾ ਸੀ। ਕੇਜਰੀਵਾਲ ਨੇ ਕਿਹਾ ਕਿ ਸੱਤਾ ਵਿਚ ਆਉਣ ਤੋਂ ਬਾਅਦ ਉਹ ਆਪਣੇ ਵਲੋਂ ਵਿਰੋਧ ਕੀਤੇ ਗਏ ਫੈਸਲੇ ਨੂੰ ਕਿਸ ਤਰਾਂ ਲਾਗੂ ਕਰ ਸਕਦੇ ਹਨ?
ਕੇਜਰੀਵਾਲ ਨੇ ਭਾਰਤ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਇਕ ਪੱਤਰ ਲਿਖਦਿਆਂ ਅਪੀਲ ਕੀਤੀ ਕੀ ਉਹ ਕੇਂਦਰ ਸਰਕਾਰ ਦੇ ਇਸ ਫੈਸਲੇ ਦੇ ਵਿਰੁੱਧ ਆਪਣੀ ਅਵਾਜ ਬਲੰਦ ਕਰਨ। ਇਕ ਪੱਤਰ ਰਾਹੀਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਅਪੀਲ ਕਰਦਿਆਂ ਕੇਜਰੀਵਾਲ ਨੇ ਉਨਾਂ ਨੂੰ ਸਵਰਨਕਾਰਾਂ ਦੇ ਹੱਕ ਵਿਚ ਖੜਨ ਦੀ ਅਪੀਲ ਕੀਤੀ।
ਬੈਠਕ ਦੌਰਾਨ ਕੇਜਰੀਵਾਲ ਨੇ ਕਿਹਾ ਕਿ ਮੰਗਲਵਾਰ ਨੂੰ ਦਿੱਲੀ ਦੀ ਵਿਧਾਨ ਸਭਾ ਵਿਚ ਇਸ ਫੈਸਲੇ ਦੇ ਵਿਰੁੱਧ ਇਕ ਮਤਾ ਵੀ ਪਾਸ ਕੀਤਾ ਜਾਵੇਗਾ। ਇਸ ਤੋਂ ਇਲਾਵਾ ਕੇਜਰੀਵਾਲ ਨੇ ਭਾਰਤ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਕੋਲ ਇਹ ਮੁੱਦਾ ਉਠਾਉਣ ਲਈ ਉਨਾਂ ਤੋਂ ਸਮਾਂ ਵੀ ਮੰਗਿਆ ਹੈ।
ਕੇਜਰੀਵਾਲ ਨੇ ਸ਼ਨੀਵਾਰ ਨੂੰ ਲੁਧਿਆਣਾ ਵਿਚ ਸ਼ਾਂਤੀਪੂਰਣ ਢੰਗ ਨਾਲ ਰੋਸ਼ ਪ੍ਰਦਰਸ਼ਨ ਕਰ ਰਹੇ ਸਵਰਨਕਾਰਾਂ ਉਤੇ ਪੰਜਾਬ ਪੁਲਿਸ ਵਲੋਂ ਕੀਤੇ ਗਏ ਲਾਠੀਚਾਰਜ ਦੀ ਕਰੜੇ ਸ਼ਬਦਾਂ ਵਿਚ ਨਿੰਦਾ ਕੀਤੀ। ਉਨਾਂ ਕਿਹਾ ਕਿ ਸਵਰਨਕਾਰ ਵਰਗ ਜੋ ਸ਼ਾਂਤੀਪੂਰਵਕ ਆਪਣਾ ਕੰਮ ਕਰਨ ਲਈ ਜਾਣਿਆ ਜਾਂਦਾ ਹੈ ਅਤੇ ਕਦੇ ਸੜਕਾਂ ਉਤੇ ਨਹੀਂ ਆਉਂਦਾ ਅਤੇ ਉਨਾਂ ਉਤੇ ਅਜਿਹੀ ਕਾਰਵਾਈ ਕਰਨਾ ਨਿੰਦਾ ਯੋਗ ਕਦਮ ਹੈ।