ਅੰਮ੍ਰਿਤਸਰ: ਗੁਰਦੁਆਰਾ ਸਿੱਖ ਸੰਗਤ ਵਰਜੀਨੀਆ ਵਿਖੇ ਅੰਮ੍ਰਿਤ ਸੰਚਾਰ ਦੀਆਂ ਬਾਣੀਆਂ ਬਦਲਣ ਦੀਆਂ ਖਬਰਾਂ ਸਾਹਮਣੇ ਆਈਆਂ ਹਨ। ਪ੍ਰਾਪਤ ਵੇਰਵਿਆਂ ਅਨੁਸਾਰ ਗੁਰਦੁਆਰਾ ਸਿੱਖ ਸੰਗਤ ਵਰਜੀਨੀਆ ਵਿਖੇ ਅੰਮ੍ਰਿਤ ਸੰਚਾਰ ਸਮੇਂ ਪੰਜ ਬਾਣੀਆਂ ਦਾ ਪਾਠ ਕਰਨ ਦੀ ਥਾਂ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ 13 ਅੰਗਾਂ ’ਤੇ ਦਰਜ ਬਾਣੀ ਹੀ ਪੜ੍ਹੀ ਗਈ।

ਇਸ ਸਬੰਧ ਵਿੱਚ ਅਕਾਲ ਤਖ਼ਤ ਵਿਖੇ ਟੈਲੀਫੋਨ ਰਾਹੀਂ ਅਤੇ ਈ-ਮੇਲ ਰਾਹੀਂ ਸ਼ਿਕਾਇਤਾਂ ਪੁੱਜਣ ਤੋਂ ਬਾਅਦ ਗਿਆਨੀ ਗੁਰਬਚਨ ਸਿੰਘ ਨੇ ਇਸ ਸਬੰਧ ਵਿੱਚ ਮਾਮਲੇ ਦੀ ਪੜਤਾਲ ਕਰਨ ਲਈ ਅਮਰੀਕਾ ਵਿੱਚ ਸਿੱਖ ਧਰਮ ਦੇ ਦੂਤ ਸਤਪਾਲ ਸਿੰਘ ਖ਼ਾਲਸਾ ਨੂੰ ਜ਼ਿੰਮੇਵਾਰੀ ਸੌਂਪੀ ਹੈ।
ਦੁਬਈ ਤੋਂ ਬਾਅਦ ਹੁਣ ਅਮਰੀਕੀ ਸੂਬੇ ਵਰਜੀਨੀਆ ਸਥਿਤ ਗੁਰਦੁਆਰਾ ਸਿੱਖ ਸੰਗਤ ਵਿਖੇ ਅੰਮ੍ਰਿਤ ਸੰਚਾਰ ਦੌਰਾਨ ਅੰਮ੍ਰਿਤ ਸੰਚਾਰ ਦੀਆਂ ਬਾਣੀਆਂ ਦੀ ਉਲੰਘਣਾ ਕਰਨ ਦੀ ਘਟਨਾ ਵਾਪਰੀ ਹੈ, ਜਿਸ ਦੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਜਾਂਚ ਕਰਾਉਣ ਦੇ ਆਦੇਸ਼ ਦਿੱਤੇ ਗਏ ਹਨ।
ਗਿਆਨੀ ਗੁਰਬਚਨ ਸਿੰਘ ਨੇ ਦੱਸਿਆ ਕਿ ਪੰਜ ਬਾਣੀਆਂ ਦਾ ਪਾਠ ਕਰਨ ਤੋਂ ਬਿਨਾਂ ਅੰਮ੍ਰਿਤ ਸੰਚਾਰ ਕਰਨ ਦੀ ਵਿਧੀ ਸਿੱਖ ਰਹਿਤ ਮਰਿਆਦਾ ਦੀ ਉਲੰਘਣਾ ਹੈ। ਵਰਜੀਨੀਆ ਦੇ ਗੁਰਦੁਆਰੇ ਵਿੱਚ ਵਾਪਰੀ ਇਹ ਘਟਨਾ ਪੰਥ ਪ੍ਰਵਾਨਿਤ ਅੰਮ੍ਰਿਤ ਸੰਚਾਰ ਦੀ ਮਰਿਆਦਾ ਨੂੰ ਚੁਣੌਤੀ ਦੇਣ ਬਰਾਬਰ ਹੈ, ਜਿਸ ਨਾਲ ਸਿੱਖ ਹਿਰਦਿਆਂ ਨੂੰ ਠੇਸ ਪੁੱਜੀ ਹੈ। ਵਿਦੇਸ਼ ਵਿੱਚ ਸਿੱਖ ਸੰਗਤਾਂ ਨੇ ਇਸ ਕਾਰਵਾਈ ਦਾ ਸਖ਼ਤ ਵਿਰੋਧ ਕੀਤਾ ਹੈ।
ਉਨ੍ਹਾਂ ਦੱਸਿਆ ਕਿ ਘਟਨਾ ਦੀ ਜਾਂਚ ਕਰਨ ਲਈ ਆਖਿਆ ਗਿਆ ਹੈ, ਜਿਸ ਤਹਿਤ ਇਹ ਪਤਾ ਲਾਇਆ ਜਾਵੇਗਾ ਕਿ ਇਸ ਪਿੱਛੇ ਕੌਣ ਵਿਅਕਤੀ ਸਨ, ਕਿਹੜੇ ਪੰਜ ਪਿਆਰਿਆਂ ਵੱਲੋਂ ਇਸ ਨਵੀਂ ਵਿਧੀ ਨਾਲ ਅੰਮ੍ਰਿਤ ਸੰਚਾਰ ਕੀਤਾ ਗਿਆ, ਉਲੰਘਣਾ ਕਰਨ ਪਿਛੇ ਕੀ ਮੰਤਵ ਸੀ, ਅੰਮ੍ਰਿਤ ਸੰਚਾਰ ਸਮੇਂ ਕੌਣ-ਕੌਣ ਹਾਜ਼ਰ ਸਨ ਅਤੇ ਕਿਨ੍ਹਾਂ ਨੇ ਅੰਮ੍ਰਿਤ ਛਕਿਆ ਹੈ।
ਉਨ੍ਹਾਂ ਦੱਸਿਆ ਕਿ ਅਮਰੀਕਾ ਵਿੱਚ ਸਿੱਖ ਧਰਮ ਦੇ ਦੂਤ ਸਤਪਾਲ ਸਿੰਘ ਖ਼ਾਲਸਾ ਨੂੰ ਜਾਂਚ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਉਹ ਘਟਨਾ ਦੀ ਪੜਤਾਲ ਕਰਕੇ ਇਸ ਦੀ ਰਿਪੋਰਟ ਭੇਜਣਗੇ। ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਬਾਰੇ ਵਿਚਾਰ ਕੀਤਾ ਜਾਵੇਗਾ।