ਲੁਧਿਆਣਾ(1 ਜੂਨ, 2015): ਸਿਵ ਸੈਨਾ ਦੇ ਪ੍ਰਧਾਨ ਦੀ ਸਿਕਾਇਤ ਤੇ ਸਲੇਮਟਾਬਰੀ ਪੁਲਿਸ ਵਲੋਂ ਵਿੱਕੀ ਗਾਰਮੈਂਟ ਤੋਂ 1000 ਦੇ ਕਰੀਬ ਟੀ ਸ਼ਰਟਾਂ ਫੜੀਆਂ ਸਨ । ਪੁਲਿਸ ਮੁਤਾਬਕ ਇਹਨਾਂ ਟੀ.ਸ਼ਰਟਾਂ ਤੇ ਭਿੰਡਰਾਂਵਾਲ਼ਿਆਂ ਦੀ ਤਸਵੀਰ ਛਪੀ ਹੈ ਜੋ ਕਿ ਗੁਨਾਹ ਹੈ । ਪੁਲਿਸ ਦੀ ਕਹਾਣੀ ਮੁਤਾਬਕ ਇਹ ਟੀ. ਸ਼ਰਟਾਂ 1984 ਸਿੱਖ ਕਤਲੇਆਮ ਦੇ ਗਵਾਹ ਪਿੰਡ ਹੋਦ ਚਿੱਲੜ ਕਾਂਡ ਨੂੰ ਉਜਾਗਰ ਕਰਨ ਵਾਲ਼ੇ ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ ਦੀਆਂ ਹਨ ।

ਪੁਲਿਸ ਵਲੋ ਇਹਨਾ ਟੀ.ਸ਼ਰਟਾਂ ਨਾਲ਼ ਸਬੰਧਿਤ ਕੇਸ ਗਿਆਸਪੁਰਾ ਤੇ ਦਸੰਬਰ 2011 ਵਿੱਚ ਦਰਜ ਕੀਤਾ ਗਿਆ ਸੀ । ਪਹਿਲਾਂ ਪੁਲਿਸ ਵਲੋਂ 26 ਮਈ ਨੂੰ ਚਲਾਣ ਪੇਸ਼ ਕਰਨ ਦੀ ਤਰੀਕ ਦਿੱਤੀ ਗਈ ਸੀ । ਗਿਆਸਪੁਰਾ ਅਤੇ ਉਸ ਦੇ ਸਾਥੀ ਸੰਤ ਜਰਨੈਲ ਸਿੰਘ ਭਿੰਡਰਾਂਵਾਲ਼ਿਆਂ ਦੀ ਤਸਵੀਰ ਵਾਲ਼ੀਆਂ ਟੀ. ਸਰਟਾਂ ਪਾ ਕੇ ਪੂਰਾ ਦਿਨ ਕੋਰਟ ਵਿੱਚ ਡਟੇ ਰਹੇ ਪਰ ਪੁਲਿਸ ਵਲੋਂ ਲੋਕ ਹੋਰ ਤੇ ਡਰਦਿਆਂ ਚਲਾਣ ਪੇਸ਼ ਨਾ ਕੀਤਾ ।
ਅੱਜ ਬਿਨਾ ਕੋਈ ਅਗਾਊ ਨੋਟਿਸ ਦਿੰਦਿਆਂ ਪੁਲਿਸ ਵਲੋਂ ਚੁੱਪ ਚਪੀਤੇ ਰਾਧਿਕਾ ਪੁਰੀ ਦੀ ਅਦਾਲਤ ਵਿੱਚ ਚਲਾਣ ਪੇਸ਼ ਕਰ ਦਿਤਾ ਗਿਆ । ਇਸ ਤੇ ਪ੍ਰਤੀਕ੍ਰਮ ਕਰਦਿਆਂ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਕਿਹਾ ਕਿ ਮੁਦਈ ਧਿਰ ਨੂੰ ਬਿਨਾ ਇਤਲਾਹ ਕੀਤੇ ਪੁਲਿਸ ਨੇ ਚਲਾਣ ਪੇਸ਼ ਕਰ ਦਿਤਾ ਹੈ ਉਹਨਾਂ ਜੱਜ ਸਾਹਿਬ ਨੂੰ ਕਹਿ ਕੇ ਇਸ ਦੀ 11 ਜੂਨ ਤਰੀਕ ਲੈ ਲਈ ਹੈ ਤਾਂ ਜੋ ਇਸ ਅਯੋਗ ਕੇਸ ਨੂੰ ਬਹਿਸ ਕਰਕੇ ਉਸੇ ਦਿਨ ਖਾਰਜ ਕਰਵਾਇਆ ਜਾਵੇ ।
ਉਹਨਾਂ ਕਿਹਾ ਕਿ ਜੇ ਕੇਸ ਉਸੇ ਦਿਨ ਖਾਰਜ ਨਾ ਹੋਇਆ ਤਾਂ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਜਮਾਨਤ ਲੈਣੀ ਪਵੇਗੀ । ਉਹਨਾਂ ਕਿਹਾ ਕਿ ਪੁਲਿਸ ਪ੍ਰਸਾਸਨ ਨੌਜੁਆਨਾ ਵਿੱਚ ਖੌਫ ਪੈਦਾ ਕਰਨਾ ਚਹੁੰਦਾ ਹੈ । ਭਾਰਤੀ ਸੰਵਿਧਾਨ ਤਹਿਤ ਇਹ ਕੇਸ ਬਣਦਾ ਹੀ ਨਹੀਂ ਪਰ ਕਿਉਂਕਿ ਮਨਵਿੰਦਰ ਸਿੰਘ ਸਿੱਖ ਹੈ ਅਤੇ ਸਿੱਖ ਹੱਕਾਂ ਦੀ ਗੱਲ ਕਰਦਾ ਹੈ ਇਸ ਲਈ ਉਸ ਨੁੰ ਗਲਤ ਫਸਾਇਆ ਗਿਆ ਹੈ ।
ਇਸ ਤੇ ਪ੍ਰਤੀਕ੍ਰਮ ਦਿੰਦਿਆਂ ਹੋਦ ਚਿੱਲੜ ਤਾਲਮੇਲ ਕਮੇਟੀ ਦੇ ਆਗੂ ਇੰਜੀ.ਮਨਵਿੰਦਰ ਸਿੰਘ ਗਿਆਸਪੁਰਾ ਦਾ ਕਹਿਣਾ ਹੈ ਕਿ ਉਹ ਝੂਠੇ ਕੇਸਾਂ ਤੋਂ ਡਰਨ ਵਾਲੇ ਨਹੀ ਅਤੇ 6 ਜੂਨ ਨੂੰ ਅਕਾਲ ਤਖਤ ਸਾਹਿਬ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲ਼ਿਆਂ ਦੀ ਛਪੀ ਤਸਵੀਰ ਵਾਲ਼ੀਆਂ ਟੀ. ਸ਼ਰਟਾ ਪਾ ਕੇ ਨੌਜੁਆਨਾਂ ਦੇ ਵੱਡੇ ਜੱਥੇ ਨਾਲ਼ ਹਾਜਰੀਆਂ ਭਰਨਗੇ ਕਿਉਕਿ ਉਹ ਸੰਤ ਜੀ ਨੂੰ ਆਪਣਾ ਰੋਲ ਮਾਡਲ ਮੰਨਦੇ ਹਨ ।