ਅੰਮ੍ਰਿਤਸਰ( 23 ਅਪ੍ਰੈਲ, 2015): ਭਾਰਤ ਦੀਆਂ ਵੱਖ ਵੱਖ ਜੇਲਾਂ ਵਿੱਚ ਬੰਦ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਰਾਜਸੀ ਕੈਦੀਆਂ ਦੀ ਰਿਹਾਈ ਲਈ ਵੱਖ-ਵੱਖ ਜੱਥੇਬੰਦੀਆਂ ਦੇ ਪ੍ਰਤੀਨਧਾਂ ਨੇ ਭਾਰਤ ਦੇ ਰਾਸ਼ਟਰਪਤੀਨਾਲ ਮੁਲਾਕਾਤ ਕੀਤੀ।

ਬੰਦੀ ਸਿੰਘਾਂ ਦੀ ਰਿਹਾਈ ਲਈ 16 ਜਨਵਰੀ ਤੋਂ ਭੁੱਖ ਹੜਤਾਲ ;ਤੇ ਬੈਠੇ ਬਾਪੂ ਸੂਰਤ ਸਿੰਘ ਦਾ ਹਵਾਲਾ ਦਿੰਦਿਆਂ ਭਾਰਤ ਦੇ ਰਾਸ਼ਟਰਪਤੀ ਪ੍ਰਨਾਬ ਮੁਖਰਜੀ ਨੂੰ ਬੇਨਤੀ ਕੀਤੀ ਕਿ ਉਹ ਇਸ ਮਾਮਲੇ ਵਿੱਚ ਦਖਲ਼ ਦੇਕੇ ਸਜ਼ਾ ਪੂਰੀ ਕਰ ਚੁੱਕੇ ਸਿੱਖ ਰਾਜਸੀ ਕੈਦੀਆਂ ਦੀ ਰਿਹਾਈ ਯਕੀਨੀ ਬਣਾਉਣ।
ਭਾਈ ਗੁਰਦੀਪ ਸਿੰਘ ਬਠਿੰਡਾ ਦੀ ਅਗਵਾਈ ਵਿੱਚ ਮਿਲਣ ਵਾਲੇ ਇਸ ਪ੍ਰਤੀਨਧ ਜੱਥੇ ਵਿੱਚ ਬਾਪੂ ਸੂਰਤ ਸਿੰਘ ਦੀ ਸਪੱਤਰੀ ਬੀਬੀ ਸਵਿੰਦਰ ਕੌਰ, ਡਾ. ਭਗਵਾਨ ਸਿੰਘ, ਜਸਵੰਤ ਸਿੰਘ ਅਤੇ ਸਾਬਕਾ ਆਈ ਏ ਐੱਸ ਸਵਰਨ ਸਿੰਘ ਨੇ 15 ਮਿੰਟ ਤੱਕ ਭਾਰਤੀ ਰਾਸ਼ਟਰਪਤੀ ਨਾਲ ਗੱਲਬਾਤ ਕੀਤੀ।
ਬੰਦੀ ਸਿੰਘਾਂ ਦੀ ਰਿਹਾਈ ਲਈ ਯਤਨਸ਼ੀਲ ਦਲ ਖਾਲਸਾ ਦੇ ਬੁਲਾਰੇ ਭਾਈ ਕੰਵਰਪਾਲ ਸਿੰਘ ਨੇ ਦੱਸਿਆ ਕਿ ਸਿੱਖ ਆਗੂਆਂ ਨੇ ਭਾਰਤ ਦੇ ਸਭ ਤੋਂ ਉੱਚੇ ਸੰਵਿਧਾਨਕ ਮੁਖੀ ਨੂੰ ਬਾਪੂ ਸੂਰਤ ਸਿੰਘ ਜੋ ਕਿ ਪਿੱਛਲੀ 16 ਜਨਵਰੀ ਤੋਂ ਭੁੱਖ ਹੜਤਾਲ ‘ਤੇ ਹਨ ਅਤੇ 27 ਫਰਵਰੀ ਤੋਂ ਉਨ੍ਹਾਂ ਨੂੰ ਜਬਰੀ ਖੁਰਾਕ ਦਿੱਤੀ ਜਾ ਰਹੀ ਹੈ।
ਸਿੱਖ ਆਗੂਆਂ ਦੇ ਵਫਦ ਨੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਲਾਹ ਦੇਣ ਕਿ ਉਹ ਸਿੱਖਾਂ ਦੀ ਗੱਲ ਸੁਣ ਕੇ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਦੇਣ।
ਵਫਦ ਨੇ ਪੰਜਾਬ ਸਰਕਾਰ ਵੱਲੋਂ ਬਾਪੂ ਸੂਰਤ ਸਿੰਘ ਅਤੇ ਉਸਦੇ ਪਰਿਵਾਰ ਨਾਲ ਕੀਤੇ ਜਾ ਰਹੇ ਲਾਪਰਵਾਹ ਰਵੱਈਏ ਦੀ ਵੀ ਸ਼ਿਕਾਇਤ ਕੀਤੀ।ਬਾਪੂ ਸੂਰਤ ਸਿੰਘ ਦੇ ਸਪੱਤਰ ਰਵਿੰਦਰਜੀਤ ਸਿੰਘ ਗੋਗੀ ਜੋ ਕਿ ਅਮਰੀਕਾ ਤੋਂ ਆਪਣੇ ਪਿਤਾ ਦੀ ਨੈਤਿਕਤਾ ਦੇ ਅਧਾਰ ‘ਤੇ ਹਮਾਇਤ ਕਰਨ ਆਇਆ ਸੀ, ਪਰ ਪੰਜਾਬ ਪੁਲਿਸ ਨੇ ਬਿਨਾਂ ਕਿਸੇ ਕਸੂਰ ਤੋਂ ਉਸਨੂੰ ਪਿੱਛਲੀ 27 ਫਰਵਰੀ ਤੋਂ ਜੇਲ ਵਿੱਚ ਬਮਦ ਕੀਤਾ ਹੋਇਆ ਹੈ।