
ਚੰਡੀਗੜ੍ਹ (10 ਅਪਰੈਲ, 2015): ਧੂਰੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਵੋਟਾਂ ਅੱਜਪੈਣਗੀਆਂ। ਵੋਟਾਂ ਦੀ ਗਿਣਤੀ 15 ਅਪਰੈਲ ਨੂੰ ਹੋਵੇਗੀ। ਕੁੱਲ 12 ਉਮੀਦਵਾਰ ਮੈਦਾਨ ਵਿੱਚ ਨਿੱਤਰੇ ਹਨ ਪਰ ਮੁੱਖ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਗੋਬਿੰਦ ਸਿੰਘ ਲੌਂਗੋਵਾਲ, ਕਾਂਗਰਸ ਦੇ ਸਿਮਰਪ੍ਰਤਾਪ ਸਿੰਘ ਬਰਨਾਲਾ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸੁਰਜੀਤ ਸਿੰਘ ਕਾਲਾਬੂਲਾ ਦਰਮਿਆਨ ਹੈ।
ਚੋਣ ਕਮਿਸ਼ਨ ਮੁਤਾਬਕ ਧੂਰੀ ਜ਼ਿਮਨੀ ਚੋਣ ਲਈ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਵੋਟਾਂ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤਕ ਪੈਣਗੀਆਂ। ਵਿਧਾਨ ਸਭਾ ਹਲਕੇ ’ਚ 166 ਪੋਲਿੰਗ ਬੂਥ ਸਥਾਪਿਤ ਕੀਤੇ ਗਏ ਹਨ। ਸੁਰੱਖਿਆ ਪ੍ਰਬੰਧਾਂ ਲਈ ਨੀਮ ਸੁਰੱਖਿਆ ਬਲਾਂ ਦੀਆਂ 6 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। ਚੋਣ ਅਮਲੇ ਨੂੰ ਚੋਣ ਸਮੱਗਰੀ ਦੇ ਕੇ ਪੋਲਿੰਗ ਬੂਥਾਂ ਲਈ ਰਵਾਨਾ ਕਰ ਦਿੱਤਾ ਗਿਆ ਹੈ।
ਪੋਲਿੰਗ ਡਿਊਟੀ ਲਈ ਕਰੀਬ 766 ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਇਸ ਹਲਕੇ ਦੇ 1.52 ਲੱਖ ਵੋਟਰਾਂ ਵੱਲੋਂ ਆਪਣੇ ਜਮਹੂਰੀ ਹੱਕ ਦਾ ਇਸਮੇਤਾਲ ਕੀਤਾ ਜਾਵੇਗਾ। ਕੁੱਲ ਵੋਟਰਾਂ ਵਿੱਚੋਂ 80 ਹਜ਼ਾਰ 561 ਮਰਦ ਵੋਟਰ ਅਤੇ 71 ਹਜ਼ਾਰ 391 ਮਹਿਲਾ ਵੋਟਰ ਹਨ। ਸਮੁੱਚੇ ਪੋਲਿੰਗ ਸਟੇਸ਼ਨਾਂ ’ਤੇ ਕੁੱਲ 1800 ਦੇ ਕਰੀਬ ਪੁਲੀਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ।
। ਸਾਲ 2012 ਦੀਆਂ ਆਮ ਚੋਣਾਂ ਦੌਰਾਨ ਇਸ ਹਲਕੇ ਤੋਂ ਕਾਗਰਸ ਦੀ ਟਿਕਟ ’ਤੇ ਅਰਵਿੰਦ ਖੰਨਾ ਜੇਤੂ ਰਹੇ ਸਨ। ਸ੍ਰੀ ਖੰਨਾ ਨੇ ਜਨਵਰੀ ’ਚ ਵਿਧਾਇਕੀ ਤੋਂ ਅਸਤੀਫ਼ਾ ਦੇ ਦਿੱਤਾ ਸੀ ਜਿਸ ਕਾਰਨ ਜ਼ਿਮਨੀ ਚੋਣ ਕਰਵਾਈ ਜਾ ਰਹੀ ਹੈ।