ਅੰਮਿ੍ਤਸਰ (3 ਮਾਰਚ, 2015): ਅਮਰੀਕਾ ਦੇ ਜੌਰਜੀਆ ‘ਚ ਇਕ 11 ਸਾਲਾ ਸਿੱਖ ਬੱਚੇ ਹਰਸੁੱਖ ਸਿੰਘ ਦੇ ਨਾਲ ਉਸਦੀ ਸਕੂਲ ਵੈਨ ‘ਚ ਸਹਿਪਾਠੀਆਂ ਵੱਲੋਂ ਨਸਲੀ ਭੇਦਭਾਵ ਤਹਿਤ ਉਸਨੂੰ ‘ਅੱਤਵਾਦੀ’ ਕਹਿਣ ਦਾ ਵੀਡੀਓ ਇੰਟਰਨੈਟ ‘ਤੇ ਵਾਇਰਲ ਹੋਣ ਮਗਰੋਂ ਸਿੱਖਾਂ ‘ਚ ਰੋਸ ਦੀ ਭਾਵਨਾ ਫੈਲ ਗਈ ਹੈ।

ਵਿਦੇਸ਼ਾਂ ਵਿਸ਼ੇਸ਼ਕਰ ਅਮਰੀਕਾ ‘ਚ ਵਾਰ-ਵਾਰ ਸਿੱਖਾਂ ਨਾਲ ਨਸਲੀ ਭੇਦਭਾਵ ਦੀਆਂ ਵਾਪਰਦੀਆਂ ਘਟਨਾਵਾਂ ‘ਤੇ ਚਿੰਤਾ ਜ਼ਾਹਿਰ ਕਰਦਿਆਂ ਪ੍ਰਮੁੱਖ ਸਿੱਖ ਹਸਤੀਆਂ ਨੇ ਇਸ ਪ੍ਰਚਲਣ ਦੀ ਰੋਕਥਾਮ ਲਈ ਕੌਮਾਂਤਰੀ ਸੰਸਥਾਵਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਹੈ।
ਇਸ ਸਬੰਧੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਘਟਨਾ ‘ਤੇ ਚਿੰਤਾ ਜਾਹਿਰ ਕਰਦਿਆਂ ਕਿਹਾ ਕਿ ਕਿ ਇਹ ਪਹਿਚਾਣ ਦੇ ਭਲੇਖੇ ਦਾ ਨਤੀਜਾ ਹੈ, ਜਿਸਨੂੰ ਸਪੱਸ਼ਟ ਕਰਵਾਉਣ ‘ਚ ਅਜੇ ਅਮਰੀਕੀ ਸਰਕਾਰ ਅਤੇ ਓਥੇ ਦੀਆਂ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਸਫਲ ਨਹੀਂ ਹੋਈਆਂ ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇ: ਅਵਤਾਰ ਸਿੰਘ ਨੇ ਕਿਹਾ ਕਿ ਵਿਦੇਸ਼ਾਂ ‘ਚ ਸਿੱਖ ਪਹਿਚਾਣ ਬਾਰੇ ਜਾਗਰੂਕਤਾ ਗੰਭੀਰ ਵਿਸ਼ਾ ਹੈ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਆਪਣੇ ਪੱਧਰ ‘ਤੇ ਜਾਰੀ ਯਤਨਾਂ ਤਹਿਤ ਕੈਲੇਫੋਰਨੀਆਂ ਦੇ ਫਰੀਮੈਂਟੋ ਵਿਖੇ ਸਿੱਖ ਮਿਸ਼ਨ ਦੀ ਸਥਾਪਤੀ ਕੀਤੀ ਜਾ ਰਹੀ ਹੈ ।
ਉਨ੍ਹਾਂ ਅਮਰੀਕਾ ਦੇ ਸਿਆਸੀ ਅਤੇ ਉਚ ਸਰਕਾਰੀ ਅਹੁਦਿਆਂ ‘ਤੇ ਪਹੁੰਚੇ ਸਿੱਖਾਂ ਨੂੰ ਵੀ ਅਪੀਲ ਕੀਤੀ ਕਿ ਮਨੁੱਖਤਾ ਦੀ ਭਲਾਈ ਭਰੇ ਸਿੱਖ ਸਿਧਾਂਤਾਂ ਤੋਂ ਆਮ ਅਮਰੀਕਨਾਂ ਨੂੰ ਜਾਣੰੂ ਕਰਵਾਉਣ ਲਈ ਸਰਕਾਰੀ ਪਹੁੰਚ ਅਪਨਾਉਣ ।
ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਮਨਜੀਤ ਸਿੰਘ ਜੀ. ਕੇ. ਨੇ ਕਿਹਾ ਕਿ ਅਮਰੀਕਾ ਦੀ ਫੈਡਰਲ ਸਰਕਾਰ ਨੂੰ ਅਜਿਹੇ ਨਸਲੀ ਕਾਰਿਆਂ ‘ਤੇ ਸਖ਼ਤ ਰੋਕ ਲਗਵਾਉਣ ਲਈ ਇਸ ਬਾਰੇ ਸੁਚੇਤਤਾ ਲਹਿਰ ਦਾ ਪ੍ਰਬੰਧ ਕਰਨਾ ਚਾਹੀਦਾ ਹੈ ।
ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਜਗਦੀਸ਼ ਸਿੰਘ ਝੀਂਡਾ ਨੇ ਕਿਹਾ ਕਿ ਉਹ ਇਸ ਸਬੰਧੀ ਭਾਰਤੀ ਗ੍ਰਹਿ, ਵਿਦੇਸ਼ ਮੰਤਰਾਲਿਆਂ ਅਤੇ ਅਮਰੀਕਾ ‘ਚ ਭਾਰਤੀ ਸਫਾਰਤਖਾਨੇ ਨੂੰ ਚਿੱਠਿਆਂ ਲਿਖਕੇ ਅਮਰੀਕੀ ਸਰਕਾਰ ਨੂੰ ਅਜਿਹੀਆਂ ਨਸਲੀ ਕਾਰਵਾਈਆਂ ਨੂੰ ਰੋਕਣ ਲਈ ਮੀਡੀਆ ਰਾਹੀਂ ਸਿੱਖ ਪਹਿਚਾਣ ਦੇ ਪ੍ਰਚਾਰ ਦੀ ਅਪੀਲ ਕਰਨਗੇ ।
ਇਸ ਸਬੰਧੀ ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾ: ਪਿ੍ਤਪਾਲ ਸਿੰਘ ਨਾਲ ਸੰਪਰਕ ਕਰਨ ‘ਤੇ ਉਨ੍ਹਾਂ ਦੱਸਿਆ ਕਿ ਅਮਰੀਕੀ ਸਿੱਖ ਜਥੇਬੰਦੀਆਂ ਵੱਲੋਂ ਪਹਿਲਾਂ ਹੀ ਸਿੱਖ ਪਹਿਚਾਣ ਬਾਰੇ ਇਕ ਕੌਮੀ ਪੱਧਰ ਦੀ ਜਾਗਰੂਕਤਾ ਲਹਿਰ ਚਲਾਈ ਹੋਈ ਹੈ ਕਿ ਸਿੱਖ ਇਕ ਵੱਖਰੀ ਅਮਨ ਪਸੰਦ ਕੌਮ ਹੈ ਜਿਸਨੇ ਅਮਰੀਕੀ ਸਮਾਜ ਦੇ ਵਿਕਾਸ ‘ਚ ਭਰਵਾਂ ਯੋਗਦਾਨ ਪਾਇਆ ਹੈ ।
ਉਨ੍ਹਾਂ ਇਸ ਬਾਰੇ ਅਮਰੀਕੀ ਸਰਕਾਰ ਦੇ ਯਤਨਾਂ ਨੂੰ ਵੀ ਸਾਰਥਿਕ ਮੰਨਦਿਆਂ ਦੱਸਿਆ ਕਿ ਕਾਨੂੰਨੀ ਏਜੰਸੀਆਂ ਨਸਲੀ ਵਿਤਕਰੇ ਦੇ ਮਾਮਲਿਆਂ ਨੂੰ ਗੰਭੀਰਤਾ ਨਾਲ ਲੈਂਦਿਆਂ ਦੋਸ਼ੀਆਂ ਵਿਰੁੱਧ ਸਖਤੀ ਕਰ ਰਹੀਆਂ ਹਨ।