ਬਠਿੰਡਾ (31 ਜਨਵਰੀ, 2015): ਤਖਤ ਦਮਦਮਾ ਸਾਹਿਬ ਦੇ ਸਾਬਕਾ ਜੱਥੇਦਾਰ ਬਲਵੰਤ ਸਿੰਘ ਨੰਦਗੜ੍ਹ ਪਤਨੀ ਸੁਖਦੇਵ ਕੌਰ ਦੇ ਖਿਲਾਫ ਥਾਣਾ ਤਲਵੰਡੀ ਸਾਬੋ ਵਿੱਚ ਧੋਖਾਧੜੀ ਦੀ ਧਾਰਾ 420, 465, 467, 468, 471, 506, 408, 120 ਬੀ ਆਈ ਪੀ ਸੀ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਸਿੱਖ ਜਥੇਬੰਦੀਆਂ ’ਤੇ ਪੰਥਕ ਜਥੇਬੰਦੀਆਂ ’ਚ ਸਰਕਾਰ ਦੀ ਇਸ ਕਾਰਵਾਈ ਨੂੰ ਲੈ ਕੇ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਸਰਕਾਰ ਦੀ ਇਸ ਕਾਰਵਾਈ ਨੂੰ ਪੰਥ ਦੀ ਆਵਾਜ਼ ਨੂੰ ਦਬਾਉਣ ਦੀ ਕੋਝੀ ਕੋਸ਼ਿਸ਼ ਦੱਸਿਆ।
ਥਾਣਾ ਤਲਵੰਡੀ ਸਾਬੋ ਦੇ ਥਾਣੇਦਾਰ ਇੰਸਪੈਕਟਰ ਗੁਰਸ਼ੇਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਕੇਸ ਤਲਵੰਡੀ ਸਾਬੋ ਦੀ ਅਦਾਲਤ ਦੇ ਆਦੇਸ਼ ਤੇ ਦਰਜ ਕੀਤਾ ਗਿਆ ਹੈ।
ਸ਼ਿਕਾਇਤਕਰਤਾ ਅਮਰਜੀਤ ਕੌਰ ਪਤਨੀ ਤੇਜਾ ਸਿੰਘ ਵਾਸੀ ਰੋੜੀ ਰੋਡ ਨੇੜੇ ਪਟਰੋਲ ਪੰਪ ਤਲਵੰਡੀ ਸਾਬੋ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਸੁਖਦੇਵ ਕੌਰ ਪਤਨੀ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ ਨੇ ਗਿਆਨ ਸਿੰਘ ਦੇ ਪਰਿਵਾਰ ਨਾਲ ਮਿਲਕੇ ਉਹਨਾਂ ਦੇ ਪਲਾਟ ਦੀ ਜਾਲੀ ਰਜਿਸਟਰੀ ਕਰਵਾਕੇ ਵੇਚਿਆ ਹੈ, ਇਸ ਵਿੱਚ ਮੌਕੇ ਦਾ ਪਟਵਾਰੀ, ਨਾਇਬ ਤਹਿਸੀਲਦਾਰ, ਕਾਨੂਗੋ ਦੀ ਵੀ ਮਿਲੀਭੁਗਤ ਹੈ।
ਉਹਨਾਂ ਦੱਸਿਆ ਕਿ ਅਦਾਲਤ ਦੇ ਹੁਕਮਾਂ ਤੇ ਸੁਖਦੇਵ ਕੌਰ ਪਤਨੀ ਜਥੇਦਾਰ ਬਲਵੰਤ ਸਿੰਘ ਨੰਦਗੜ, ਜਸਪਾਲ ਸਿੰਘ ਪਟਵਾਰੀ, ਨਾਇਬ ਤਹਿਸੀਲਦਾਰ ਸਤਵੰਤ ਸਿੰਘ ਢਿੱਲੋਂ, ਇੰਦਰ ਸਿੰਘ ਕਾਨੂਗੋ ਬਠਿੰਡਾ ਆਦਿ ਖਿਲਾਫ ਪਰਚਾ ਦਰਜ ਕੀਤਾ ਗਿਆ ਹੈ ਤੇ ਇਸ ਮਾਮਲੇ ਦੀ ਅਗਲੀ ਤਫਤੀਸ਼ ਕਰਕੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਜੱਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜੂ ਨੂੰ ਨਾਨਕਸ਼ਾਹੀ ਕੈਲੰਡਰ ਦੇ ਪੱਖ ਵਿੱਚ ਦ੍ਰਿੜਤਾ ਨਾਲ ਸਟੈਂਡ ਲੈਣ ਅਤੇ ਸਿੱਖ ਪੰਥ ਵਿਰੋਧੀ ਹਿੰਦੂਵਾਦੀ ਸੰਸਥਾ ਆਰ. ਐੱਸ. ਐੱਸ ਦੀਆਂ ਪੰਥ ਵਿਰੋਧੀ ਕਾਰਵਾਈ ਦੀ ਖੁੱਲੇਆਮ ਮੁਖਾਲਫਤ ਕਰਨ ਕਰਕੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੈਰ ਪੰਥਕ ਤਰੀਕੇ ਨਾਲ ਸੇਵਾ ਮੁਕਤ ਕਰ ਦਿੱਤਾ ਸੀ।